ਮਲੋਟ (ਜੱਜ) - ਫਰਵਰੀ ਮਹੀਨੇ ਵਿਚ ਹੀ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਦੂਜੀ ਵਾਰ ਮਲੋਟ ਸ਼ਹਿਰ ਦੇ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ, ਜਿਸ ਕਾਰਨ ਸ਼ਹਿਰ 'ਚ ਪਾਣੀ ਦੀ ਸਪਲਾਈ ਠੱਪ ਹੋਣ ਨਾਲ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਇਸ ਸਮੇਂ ਲੋਕਾਂ ਦੀ ਸਾਰ ਲੈਣ ਲਈ 'ਆਪ' ਵਰਕਰਾਂ ਵੱਲੋਂ ਅੱਜ ਬਿਜਲੀ ਘਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਵਿਰੁੱਧ ਨਾਅਰੇਬਜ਼ੀ ਕੀਤੀ।
ਧਰਨੇ ਦੌਰਾਨ ਗੱਲਬਾਤ ਕਰਦਿਆਂ 'ਆਪ' ਆਗੂ ਰਮੇਸ਼ ਅਰਨੀਵਾਲਾ ਨੇ ਦੱਸਿਆ ਕਿ ਬੀਤੇ ਹਫਤੇ ਪਾਵਰਕਾਮ ਅਧਿਕਾਰੀਆਂ ਵੱਲੋਂ ਉਕਤ ਕੁਨੈਕਸ਼ਨ ਕੱਟ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਦਖਲ ਦੇਣ ਅਤੇ ਬਿੱਲ ਦੀ ਕੁਝ ਰਕਮ ਭਰ ਦੇਣ ਕਰ ਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਪਰ ਹੁਣ ਇਨ੍ਹਾਂ ਅਧਿਕਾਰੀਆਂ ਨੇ ਫਿਰ ਕੁਨੈਕਸ਼ਨ ਕੱਟ ਦਿੱਤਾ ਹੈ।
'ਆਪ' ਆਗੂ ਨੇ ਕਿਹਾ ਕਿ ਪਾਰਟੀ ਲੋਕ ਹਿੱਤਾਂ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੀ ਹੈ ਅਤੇ ਅੱਜ ਦੇ ਧਰਨੇ ਰਾਹੀਂ ਵੀ ਉਹ ਇਨ੍ਹਾਂ ਅਧਿਕਾਰੀਆਂ ਅਤੇ ਸਰਕਾਰ ਨੂੰ ਸੁਚੇਤ ਕਰਦੇ ਹਨ ਕਿ ਜੇਕਰ ਸੋਮਵਾਰ ਤੱਕ ਪਾਣੀ ਦੀ ਸਪਲਾਈ ਬਹਾਲ ਨਾ ਹੋਈ ਤਾਂ ਵੱਡੀ ਪੱਧਰ 'ਤੇ ਲੋਕ ਸੜਕਾਂ 'ਤੇ ਉਤਰਨਗੇ ਅਤੇ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ ਜਾਵੇਗਾ। 'ਆਪ' ਆਗੂ ਜਸਦੇਵ ਸੰਧੂ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਦੋਵਾਂ ਮਹਿਕਮਿਆਂ ਜਲ ਸਪਲਾਈ ਅਤੇ ਪਾਵਰਕਾਮ 'ਚੋਂ ਕੋਈ ਵੀ ਗੱਲ ਨਹੀਂ ਸੁਣ ਰਿਹਾ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਵੱਲੋਂ 4 ਕਰੋੜ ਤੋਂ ਵੱਧ ਦੀ ਰਕਮ ਬਕਾਇਆ ਦੱਸੀ ਜਾ ਰਹੀ ਹੈ, ਜਿਸ ਦਾ ਮਤਲਬ ਹੁਣ ਤੱਕ ਇਹ ਅਧਿਕਾਰੀ ਸੁੱਤੇ ਹੋਏ ਸਨ ਅਤੇ ਜਲ ਸਪਲਾਈ ਮਹਿਕਮੇ ਅਨੁਸਾਰ ਚਾਰ ਮਰਲੇ ਤੱਕ ਪਾਣੀ ਦਾ ਬਿੱਲ ਮੁਆਫ ਹੈ ਅਤੇ ਉਸ ਤੋਂ ਉਪਰ ਦੇ ਰਿਹਾਇਸ਼ੀ ਘਰਾਂ 'ਚੋਂ ਇੰਨੀ ਰਕਮ ਉਗਰਾਹੀ ਹੀ ਨਹੀਂ ਜਾ ਸਕਦੀ। ਇਸ ਬਾਰੇ ਜਦੋਂ ਵਾਟਰ ਵਰਕਸ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਸ਼ਨੀਵਾਰ ਦੀ ਛੁੱਟੀ ਹੋਣ ਕਾਰਨ ਕਿਸੇ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਪਰਮਜੀਤ ਸਿੰਘ ਗਿੱਲ, ਮਾ. ਗੁਰਚਰਨ ਸਿੰਘ, ਵਿਜੇ ਕੁਮਾਰ ਗਗਨੇਜਾ, ਇੰਦਰਾਜ ਕੁਮਾਰ ਆਦਿ ਹਾਜ਼ਰ ਸਨ।
ਆਲ ਇੰਡੀਆ ਖੱਤਰੀ ਸਭਾ ਦੀਆਂ ਮੀਟਿੰਗਾਂ 17 ਫਰਵਰੀ ਤੋਂ 19 ਮਾਰਚ ਤਕ ਹੋਣਗੀਆਂ : ਸਹਿਗਲ
NEXT STORY