ਬਠਿੰਡਾ(ਆਜ਼ਾਦ)- ਰਾਜਸਥਾਨ ਤੋਂ ਆ ਰਹੀ ਧੂੜ ਨੇ ਜੀਵਨ ਨੂੰ ਪੂਰੀ ਤਰ੍ਹਾਂ ਅਸਤ-ਵਿਅਸਤ ਕਰ ਕੇ ਰੱਖ ਦਿੱਤਾ ਹੈ। ਘਰ ਤੇ ਘਰ ਤੋਂ ਬਾਹਰ ਹਰ ਜਗ੍ਹਾ ਧੂੜ ਹੀ ਧੂੜ ਨਜ਼ਰ ਆਉਂਦੀ ਹੈ। ਧੂੜ ਕਾਰਨ ਹੀ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 'ਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇੰਡੀਅਨ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਅਨੁਸਾਰ ਬਠਿੰਡਾ ਦੀ ਹਵਾ ਖਰਾਬ ਵਿਵਸਥਾ ਵਿਚ ਪਹੁੰਚ ਚੁੱਕੀ ਹੈ। ਸਵੱਛ ਹਵਾ ਦੇ ਮਾਨਕ ਲਈ ਏਅਰ ਕੁਆਲਿਟੀ ਇੰਡੈਕਸ 0-50 ਦੇ ਵਿਚਕਾਰ ਹੋਣਾ ਚਾਹੀਦਾ ਹੈ ਪਰ 15 ਜੂਨ ਨੂੰ ਬਠਿੰਡਾ ਦਾ ਏਅਰ ਇੰਡੈਕਸ 200 ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕਾ ਹੈ। ਸਮਾਚਾਰ ਲਿਖੇ ਜਾਣ ਤੱਕ (ਏ. ਕਿਊ. ਆਈ.) 250 ਅੰਕੜੇ ਨੂੰ ਵੀ ਪਾਰ ਕਰ ਗਿਆ ਹੈ। ਇਸ ਦੇ ਵਧਣ ਨਾਲ ਬੱਚੇ ਤੇ ਬਜ਼ੁਰਗਾਂ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਏਅਰ ਕੁਆਲਿਟੀ ਇੰਡੈਕਸ 0-300 ਦੇ ਵਿਚਕਾਰ ਰਹੇਗਾ ਤਾਂ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ, ਖਾਸ ਕਰਕੇ ਬੱਚਿਆਂ ਤੇ ਜ਼ਿਆਦਾਤਰ ਵੱਡੀ ਉਮਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਅਸਥਮਾ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੋਰਡ ਕੋਲ ਨਹੀਂ ਹੈ ਪੀ. ਐੱਮ. 10 ਦਾ ਅੰਕੜਾ
ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਬਠਿੰਡਾ ਕੋਲ ਪੀ. ਐੱਮ. 10 ਦੇ ਪਿਛਲੇ ਚਾਰ ਦਿਨਾਂ ਦੇ ਅੰਕੜੇ ਉਪਲਬਧ ਨਹੀਂ ਹਨ। ਜਦੋਂ ਇਸ ਸਬੰਧ ਵਿਚ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਬਠਿੰਡਾ ਦੇ ਪਰਮਜੀਤ ਤੇ ਸ਼ੰਕਰਜੀਤ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਕਨੀਕੀ ਕਾਰਨਾਂ ਕਾਰਨ ਪਿਛਲੇ ਚਾਰ ਦਿਨਾਂ ਤੋਂ ਅੰਕੜੇ ਉਪਲਬਧ ਨਹੀਂ ਹੋ ਰਹੇ ਹਨ।
ਇਹ ਅੰਕੜੇ ਅਗਲੇ ਮਹੀਨੇ ਹੀ ਮਿਲ ਸਕਦੇ ਹਨ। ਇਕ ਤਰ੍ਹਾਂ ਨਾਲ ਬਠਿੰਡਾ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹਾਥੀ ਦਾ ਦੰਦ ਸਾਬਤ ਹੋਰ ਰਿਹਾ ਹੈ।
ਕੀ ਕਹਿਣਾ ਹੈ ਮੌਸਮ ਵਿਭਾਗ ਦਾ
ਮੌਸਮ ਵਿਭਾਗ ਬਠਿੰਡਾ ਦੇ ਮਾਹਿਰ ਰਾਜਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨਾਂ ਤੱਕ ਇਸੇ ਤਰ੍ਹਾਂ ਧੂੜ ਭਰਿਆ ਮੌਸਮ ਰਹਿਣ ਦੀ ਸੰਭਾਵਨਾ ਹੈ। ਇਸ ਧੂੜ ਤੋਂ ਉਦੋਂ ਰਾਹਤ ਮਿਲੇਗੀ ਜਦੋਂ ਤੇਜ਼ ਹਨੇਰੀ ਚੱਲੇਗੀ ਅਤੇ ਬਾਰਿਸ਼ ਹੋਵੇਗੀ। ਸੋਮਵਾਰ ਨੂੰ ਬਾਰਿਸ਼ ਹੋਣ ਦਾ ਅਨੁਮਾਨ ਹੈ, ਉਸ ਤੋਂ ਬਾਅਦ ਹੀ ਧੂੜ ਹਟ ਸਕਦੀ ਹੈ।
ਪੰਜਾਬ 'ਚ ਲੁੱਟਾਂ-ਖੋਹਾਂ ਅਤੇ ਡਕੈਤੀਆਂ ਕਰਨ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਨੂੰ ਅਦਾਲਤ 'ਚ ਕੀਤਾ ਪੇਸ਼
NEXT STORY