ਭਾਦਸੋਂ (ਅਵਤਾਰ, ਜ. ਬ.): ਬੀਤੇ ਦਿਨੀਂ ਪਿੰਡ ਦੰਦਰਾਲਾ ਖਰੌੜ ਦੇ ਇਕ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਲੜਕੇ ਵੱਲੋਂ ਦਾਜ ਮੰਗਦਿਆਂ ਇਕ ਦਿਨ ਪਹਿਲਾਂ ਵਿਆਹ ਤੋਂ ਮੁੱਕਰਨ 'ਤੇ ਪੀੜਤ ਪਰਿਵਾਰ ਵੱਲੋਂ ਸਥਾਨਕ ਸ਼ਹਿਰ ਦੇ ਬੱਸ ਸਟਾਪ 'ਤੇ ਧਰਨਾ ਲਾਇਆ ਗਿਆ। ਇਸ ਵਿਚ ਪਿੰਡ ਦੰਦਰਾਲਾ ਖਰੋੜ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ 'ਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਮੰਡਲ ਆਗੂ ਹਰਮੇਸ਼ ਸਿੰਘ ਚਹਿਲ, ਜਥੇਦਾਰ ਰਣਧੀਰ ਸਿੰਘ ਢੀਂਡਸਾ, ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ ਅਤੇ ਬਾਬਾ ਬਘੇਲ ਸਿੰਘ ਨੇ ਕਿਹਾ ਕਿ ਦਾਜ ਲੋਭੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਵਿਚ ਪੁਲਸ ਪ੍ਰਸ਼ਾਸਨ ਨੇ 24 ਘੰਟਿਆਂ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ 26 ਜਨਵਰੀ ਨੂੰ ਦੁਬਾਰਾ ਧਰਨਾ ਲਾਇਆ ਜਾਵੇਗਾ।
ਗੱਲਬਾਤ ਕਰਦਿਆਂ ਲੜਕੀ ਦੇ ਦਾਦਾ ਬਘੇਲ ਸਿੰਘ, ਪਿਤਾ ਅਵਤਾਰ ਸਿੰਘ, ਪ੍ਰਿਤਪਾਲ ਸਿੰਘ ਪੋਪਾ, ਧਰਮ ਸਿੰਘ ਅਤੇ ਜਗਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਹਰਪ੍ਰੀਤ ਕੌਰ ਦਾ ਰਿਸ਼ਤਾ ਕੁਝ ਸਮਾਂ ਪਹਿਲਾਂ ਦੁਲੱਦੀ ਦੇ ਨਰਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਦੀ ਤਰੀਕ 23 ਜਨਵਰੀ ਤੈਅ ਕੀਤੀ ਗਈ ਸੀ। ਨਰਿੰਦਰ ਸਿੰਘ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਆਪਣੇ ਸਹੁਰਾ ਪਰਿਵਾਰ ਤੋਂ ਪੈਸਿਆਂ ਦੀ ਮੰਗ ਕੀਤੀ। ਮੰਗ ਪੂਰੀ ਨਾ ਹੋਣ 'ਤੇ ਨਰਿੰਦਰ ਨੇ ਵਿਆਹ ਤੋਂ ਜਵਾਬ ਦੇ ਦਿੱਤਾ। ਪੁਲਸ ਨੇ 23 ਜਨਵਰੀ ਨੂੰ ਲੜਕੇ ਵਾਲਿਆਂ (ਨਰਿੰਦਰ ਸਿੰਘ, ਨਿਰਭੈ ਸਿੰਘ, ਭਗਵਾਨ ਸਿੰਘ, ਗੁਰਮੇਲ ਕੌਰ, ਇੰਦਰਪ੍ਰੀਤ ਕੌਰ ਅਤੇ ਕਰਤਾਰ ਕੌਰ) ਸਮੇਤ ਵਿਚੋਲਣ ਜਸਪਾਲ ਕੌਰ ਅਤੇ ਉਸ ਦੇ ਪਤੀ ਦਲਬਾਰਾ ਸਿੰਘ ਪਿੰਡ ਰਾਇਮੱਲ ਮਾਜਰੀ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਪਰ ਅਜੇ ਤੱਕ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਕਰ ਕੇ ਧਰਨਾ ਲਾਇਆ ਗਿਆ। ਇਸ ਦੌਰਾਨ ਇੰਸ. ਜੈਇੰਦਰ ਸਿੰਘ ਰੰਧਾਵਾ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਫੜ ਲਿਆ ਜਾਵੇਗਾ। ਇਸ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।
ਢੀਂਡਸਾ ਪਿਉ-ਪੁੱਤ ਦੇ ਜਾਣ ਨਾਲ ਅਕਾਲੀ ਦਲ ਨੂੰ ਰਤੀ ਭਰ ਵੀ ਫਰਕ ਨਹੀਂ ਪੈਂਦਾ : ਮਲੂਕਾ
NEXT STORY