ਲੁਧਿਆਣਾ, (ਰਿਸ਼ੀ)- ਸ਼ੁੱਕਰਵਾਰ ਸ਼ਾਮ ਲਗਭਗ 6.30 ਵਜੇ ਚੌਕ ਆਤਮ ਪਾਰਕ ਕੋਲ ਹੋਏ ਇਕ ਦਰਦਨਾਕ ਹਾਦਸੇ ’ਚ 47 ਸਾਲਾ ਅਕਾਊਂਟੈਂਟ ਦੀ ਮੌਤ ਹੋ ਗਈ। ਬ੍ਰੇਕ ਫੇਲ ਹੋਣ ਨਾਲ ਓਵਰ ਸਪੀਡ ਬੱਸ ਨੇ ਐਕਟਿਵਾ ਸਵਾਰ ਦਾ ਸਿਰ ਕੁਚਲ ਦਿੱਤਾ ਤੇ ਉਸ ਦੇ ਅੱਗੇ ਸਡ਼ਕ ਤੋਂ ਗੁਜ਼ਰ ਰਹੇ ਇਕ ਹੋਰ ਐਕਟਿਵਾ ਸਵਾਰ ਤੇ ਆਟੋ ’ਚ ਬੈਠੀਆਂ ਸਵਾਰੀਆਂ ਨੂੰ ਘਡ਼ੀਸਦਾ ਲੈ ਗਿਆ।
ਆਟੋ ’ਚ 5 ਸਵਾਰੀਆਂ ਬੈਠੀਆਂ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗਣ ’ਤੇ ਰਾਹਗੀਰਾਂ ਨੇ ਇਲਾਜ ਲਈ ਆਲੇ-ਦੁਆਲੇ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ। ਹਾਦਸੇ ਤੋਂ ਬਾਅਦ 62 ਸਾਲਾ ਨਿੱਜੀ ਬੱਸ ਦਾ ਡਰਾਈਵਰ ਮੌਕੇ ਤੋਂ ਬੱਸ ਛੱਡ ਕੇ ਫਰਾਰ ਹੋ ਗਿਆ। ਘਟਨਾ ਵਾਲੀ ਜਗ੍ਹਾ ’ਤੇ ਪੁੱਜੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਨੁਕਸਾਨੇ ਗਏ ਸਾਰੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਬੱਸ ਡਰਾਈਵਰ ਖਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ। ਡਰਾਈਵਰ ਦੀ ਪਛਾਣ ਰਾਮਗਡ਼੍ਹ ਦੇ ਰਹਿਣ ਵਾਲੇ ਕਰਮ ਸਿੰਘ (62) ਵਜੋਂ ਹੋਈ ਹੈ।
ਥਾਣਾ ਮੁਖੀ ਇੰਸ. ਵਿਨੋਦ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਮਨੋਜ ਕੁਮਾਰ ਜੋਸ਼ੀ (47) ਵਜੋਂ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ਨਿੱਜੀ ਫਰਮਾਂ ’ਚ ਅਕਾਊਂਟੈਂਟ ਦਾ ਕੰਮ ਕਰਦਾ ਸੀ। ਉਸ ਦਾ ਇਕ 17 ਸਾਲਾ ਬੇਟਾ ਪਾਰਸ ਹੈ। ਹਰ ਰੋਜ਼ ਵਾਂਗ ਸ਼ਾਮ ਨੂੰ ਉਹ ਆਪਣੇ ਘਰ ਐਕਟਿਵਾ ’ਤੇ ਜਾ ਰਿਹਾ ਸੀ। ਉਸੇ ਸਮੇਂ ਪ੍ਰਤਾਪ ਚੌਕ ਵਲੋਂ ਆ ਰਹੀ ਓਵਰ ਸਪੀਡ ਬੱਸ ਆਤਮ ਪਾਰਕ ਚੌਕ ਕੋਲ ਬੇਕਾਬੂ ਹੋ ਗਈ ਤੇ ਉਸ ਦੇ ਅੱਗੇ ਜਾ ਰਹੇ ਐਕਟਿਵਾ ਸਵਾਰ ਨੂੰ ਕੁਚਲ ਕੇ ਹੋਰਨਾਂ ਵਾਹਨਾਂ ਨੂੰ ਲਪੇਟ ਵਿਚ ਲੈਂਦੀ ਹੋਈ ਵਧਦੀ ਗਈ। ਲੋਕਾਂ ਮੁਤਾਬਕ ਬ੍ਰੇਕ ਫੇਲ ਹੋਣ ਕਾਰਨ ਇੰਨਾ ਵੱਡਾ ਹਾਦਸਾ ਹੋਇਆ। ਲੋਕਾਂ ਨੂੰ ਇਕੱਠਾ ਹੁੰਦੇ ਦੇਖ ਕੇ ਡਰਾਈਵਰ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਕੈਮਰੇ ’ਚ ਕੈਦ ਮੌਤ ਦੀ ਵੀਡੀਓ
ਓਵਰ ਸਪੀਡ ਬੱਸ ਵੱਲੋਂ ਐਕਟਿਵਾ ਸਵਾਰ ਨੂੰ ਕੁਚਲਣ ਤੇ ਹੋਰਨਾਂ ਵਾਹਨਾਂ ਨੂੰ ਘਡ਼ੀਸ ਕੇ ਲਿਜਾਣ ਦੀ ਘਟਨਾ ਕੋਲ ਹੀ ਲੱਗੇ ਇਕ ਦੁਕਾਨ ਦੇ ਅੱਗੇ ਕੈਮਰੇ ਵਿਚ ਕੈਦ ਹੋ ਗਈ। ਪੁਲਸ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਵਿਚ ਜੁਟ ਗਈ। ਮੌਤ ਦੀ ਵੀਡੀਓ ਦੇਰ ਰਾਤ ਪੂਰੇ ਸ਼ਹਿਰ ਵਿਚ ਅੱਗ ਵਾਂਗ ਫੈਲ ਗਈ ਅਤੇ ਹਰ ਕੋਈ ਮੋਬਾਇਲ ’ਤੇ ਵੀਡੀਓ ਨੂੰ ਦੇਖ ਕੇ ਚਰਚਾ ਕਰ ਰਿਹਾ ਸੀ।
ਟਰੈਫਿਕ ਮੁਲਾਜ਼ਮਾਂ ਦੀਆਂ ਅੱਖਾਂ ਬਣੀਆਂ ਗਵਾਹ
ਘਟਨਾ ਵਾਲੀ ਜਗ੍ਹਾ ਦੇ ਬਿਲਕੁਲ ਕੋਲ ਟਰੈਫਿਕ ਪੁਲਸ ਦੇ ਮੁਲਾਜ਼ਮ ਡਿਊਟੀ ’ਤੇ ਤਾਇਨਾਤ ਸਨ, ਜੋ ਲੋਕਾਂ ਦੇ ਕਾਗਜ਼ ਦੇਖਣ ਦੇ ਨਾਲ-ਨਾਲ ਚਲਾਨ ਕੱਟ ਰਹੇ ਸਨ, ਜਿਨ੍ਹਾਂ ਦੀਆਂ ਅੱਖਾਂ ਇਸ ਦਰਦਨਾਕ ਘਟਨਾ ਦਾ ਗਵਾਹ ਬਣੀਆਂ।
ਬੱਸ ਤੋਂ ਬਾਹਰ ਡਿੱਗੀ ਸਵਾਰੀ
ਹਾਦਸੇ ਸਮੇਂ ਬੱਸ ਤੋਂ ਉਤਰਨ ਲਈ ਦਰਵਾਜ਼ੇ ਦੇ ਕੋਲ ਖਡ਼੍ਹੀ ਇਕ ਸਵਾਰੀ ਉੱਤਰ ਕੇ ਬਾਹਰ ਜਾ ਡਿੱਗੀ, ਨੌਜਵਾਨ ਸਡ਼ਕ ਕੰਢੇ ਖਡ਼੍ਹੀ ਕਾਰ ਨਾਲ ਜਾ ਟਕਰਾਇਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
180 ਰੁਪਏ ਕਿਲੋ ਮਿਲੇ ਪਨੀਰ ਤਾਂ ਹੋ ਜਾਵੋ ਖ਼ਬਰਦਾਰ!
NEXT STORY