ਜਲੰਧਰ (ਜਸਬੀਰ ਵਾਟਾਂ ਵਾਲੀ) - ਮਕਸੂਦਾਂ ਥਾਣੇ ਤੋਂ ਬਾਅਦ ਅੰਮ੍ਰਿਤਸਰ ਨਿਰੰਕਾਰੀ ਭਵਨ ਵਿਚ ਹੋਏ ਬੰਬ ਬਲਾਸਟ ਨੇ ਇਕ ਵਾਰ ਫਿਰ ਦੇਸ਼ ਦੀਆਂ ਸਮੁੱਚੀਆਂ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਪੰਜਾਬ ਵਿਚ ਅੱਤਵਾਦੀ ਹਮਲਾ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਇਸ ਬਿਆਨ ਉੱਤੇ ਕੁਝ ਲੋਕਾਂ ਨੇ ਸਿਆਸੀ ਟਿੱਪਣੀਆਂ ਵੀ ਕੀਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਜਨਰਲ ਰਾਵਤ ਦੀ ਇਸ ਚੇਤਾਵਨੀ ਨੂੰ ਆਰਐੱਸਐੱਸ ਤੋਂ ਪ੍ਰੇਰਿਤ ਦੱਸਿਆ ਸੀ।
ਹੈਰਾਨੀ ਦੀ ਗੱਲ ਇਹ ਵੀ ਹੈ ਇਸ ਚੇਤਾਵਨੀ ਦੇ ਬਾਵਯੂਦ ਸ਼ਰਾਰਤੀ ਅਨਸਰਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਇਸ ਘਟਨਾ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਅ ਗਿਆ ਅਤੇ ਵੱਖ-ਵੱਖ ਸਿਆਸੀ ਲੀਡਰਾਂ ਰਾਜਨੀਤਕ ਲਾਹਾ ਲੈਣ ਲਈ ਆਪਣੇ ਵਿਰੋਧੀਆਂ ਨੂੰ ਇਸ ਬਲਾਸਟ ਦਾ ਜਿੰਮੇਵਾਰ ਦੱਸਣਾ ਸ਼ੁਰੂ ਕਰ ਦਿੱਤਾ।
ਸਭ ਤੋਂ ਪਹਿਲਾਂ ਬੀਜੇਪੀ ਅਤੇ ਅਕਾਲੀ ਦਲ ਨੇ ਇਸ ਧਮਾਕੇ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਧਮਾਕੇ ਕੈਪਟਨ ਅਮਰਿੰਦਰ ਸਿੰਘ ਦੀ ਕੱਟੜਪੰਥੀਆਂ ਨਾਲ ਪਾਈ ਸਾਂਝ ਦਾ ਨਤੀਜਾ ਹਨ। ਭਾਜਪਾ ਦੇ ਕੌਮੀ ਸੱਕਤਰ ਆਰ. ਪੀ ਸਿੰਘ ਨੇ ਇਸ ਸਬੰਧੀ ਕਿਹਾ ਕਿ ਪੰਜਾਬ ਦੇ ਮੰਤਰੀਆਂ ਨੂੰ ਖਾਲਿਸਤਾਨੀਆਂ ਨਾਲ ਪਾਈ ਦੋਸਤੀ ਹੀ ਮਹਿੰਗੀ ਪੈ ਰਹੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਇਸ ਹਮਲੇ ’ਚ ਪਾਕਿਸਾਤਾਨ ਅਤੇ ਆਈ. ਐੱਸ. ਆਈ ਦਾ ਵੀ ਹੱਥ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਆਈ. ਐੱਸ. ਆਈ. ਨਾਲ ਵਿਦੇਸ਼ਾਂ ਵਿਚ ਵੱਸਦੇ ਖਾਲਿਸਤਾਨੀਆਂ ਦੀ ਗੰਢ-ਤੁੱਪ ਹੋ ਚੁੱਕੀ ਹੈ, ਜੋ ਰਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਇਸ ਹਮਲੇ ਤੋਂ ਬਾਅਦ ਮੀਡੀਆ ਦੇ ਕੁਝ ਚੈਨਲਾਂ ਨੇ ਇਸ ਨੂੰ ਮਿਸ਼ਨ ‘ਕੇ 2’ ਦੇ ਅਧੀਨ ਕੀਤੀ ਗਈ ਕਾਰਵਾਈ ਵੀ ਦੱਸਿਆ। ਇਹ ਘਟਨਾ ਨਿਰੰਕਾਰੀ ਡੇਰੇ ਵਿਚ ਵਾਪਰਨ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਇਸ ਮਾਮਲੇ ਨੂੰ 84 ਦੇ ਕਾਲੇ ਦੌਰ ਦੀ ਮੁੜ ਹੋਈ ਸ਼ੁਰੂਆਤ ਵੀ ਦੱਸਿਆ।
ਅੱਜ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦਾ ਜ਼ਿੰਮੇਵਾਰ ਬਰਗਾੜੀ ਧਰਨੇ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੂੰ ਦੱਸਿਆ। ਇਸ ਦੇ ਉੱਲਟ ਦਾਦੂਵਾਲ ਨੇ ਇਸ ਮਾਮਲੇ ’ਚ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਡੇਰਾ ਸਿਰਸਾ ਮੁਖੀ ਦਾ ਹੱਥ ਹੋਣ ਦੀ ਗੱਲ ਕੀਤੀ।
ਜੇਕਰ ਇਸ ਸਮੁੱਚੇ ਮਾਮਲੇ ’ਚ ਸੁਰੱਖਿਆ ਏਜੰਸੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤਕ ਇਸ ਮਾਮਲੇ ’ਚ ਕੁਝ ਕੁ ਸ਼ੱਕੀ ਵਿਅਕਤੀਆਂ ਦੀ ਸੀਸੀਟੀਵੀ ਫੁਟੇਜ਼ ਜਾਰੀ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।ਪੰਜਾਬ ਪੁਲਸ ਤੇ ਖੁਫੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਅੰਜਾਮ ਖਾਲਿਸਤਾਨੀ ਤੇ ਕਸ਼ਮੀਰੀ ਅੱਤਵਾਦੀ ਸੰਗਠਨਾਂ ਦੀ ਮਿਲੀਭੁਗਤ ਨਾਲ ਜਨਮੇ ਕਿਸੇ ਨਵੇਂ ਅੱਤਵਾਦੀ ਗਰੁੱਪ ਨੇ ਦਿੱਤਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਅਲਰਟ ਭੇਜਿਆ ਹੈ ਕਿ ਪੰਜਾਬ 'ਚ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ 'ਚ ਬੈਠ ਕੇ ਲਸ਼ਕਰ ਏ ਤੋਇਬਾ ਹੀ ਸਾਰੀ ਸਾਜ਼ਿਸ਼ ਰਚ ਰਿਹਾ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਲਸ਼ਕਰ ਕਮਾਂਡਰ ਹਾਫਿਜ਼ ਸਈਦ ਕਸ਼ਮੀਰੀ ਤੇ ਖਾਲਿਸਤਾਨੀ ਅੱਤਵਾਦੀਆਂ ਨੂੰ ਟਾਰਗੈੱਟ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਫੰਡਿੰਗ ਵੀ ਕਰ ਰਿਹਾ ਹੈ।
ਹੈਰਾਨ ਦੀ ਗੱਲ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਪੰਜਾਬ ਅਤੇ ਕੇਂਦਰ ਦੀਆਂ ਸਮੁੱਚੀਆਂ ਸੁਰੱਖਿਆ ਏਜੰਸੀਆਂ ਇੱਥੇ ਸਰਗਰਮ ਹਨ ਕਰੀਬ 2 ਦਿਨ ਬੀਤ ਜਾਣ ਦੇ ਬਾਅਦ ਵੀ ਹਾਲੇ ਤਕ ਕੋਈ ਸੁਰਾਗ ਹੱਥ ਨਹੀਂ ਲੱਗਾ। ਹੁਣ ਸਵਾਲ ਇਹ ਪੈਦਾ ਹੁੰਦੇ ਹਨ ਕਿ ਰੈੱਡ ਅਲਰਟ ਜਾਰੀ ਹੋਣ ਦੇ ਬਾਵਜੂਦ ਜੇ ਦੋਸ਼ੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਫ਼ਰਾਰ ਹੋਣ ਵਿਚ ਕਾਮਯਾਬ ਹੁੰਦੇ ਰਹਿਣਗੇ ਤਾਂ ਸਾਡੀ ਸੁਰੱਖਿਆ ਵਿਵਸਥਾ ਕਿੰਨੀ ਕੁ ਕਾਰਗਰ ਹੈ ? ਸਵਾਲ ਇਹ ਵੀ ਹੈ ਕਿ ਇਸ ਮਾਮਲੇ ਦਾ ਅਸਲ ਦੋਸ਼ੀ ਕੌਣ ਹੈ, ਜੋ ਪੰਜਾਬ 'ਚ ਦਹਿਸ਼ਤ ਫੈਲਾਉਣ ਦੀ ਘਿਨਾਉਣੀ ਸਾਜ਼ਿਸ਼ ਰਚ ਰਿਹਾ ਹੈ।
ਖਾਲਿਸਤਾਨ ਗਦਰ ਫੋਰਸ ਦਾ ਇਕ ਹੋਰ ਮੈਂਬਰ ਗ੍ਰਿਫਤਾਰ
NEXT STORY