ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਪਠਾਨਕੋਟ ਵਿਚ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਕਤਲ ਪਿੱਛੇ ਕਰੀਬ 1 ਲੱਖ ਰੁਪਏ ਦੇ ਲੈਣ-ਦੇਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਕਿਰਨ ਵਜੋਂ ਹੋਈ ਹੈ। ਕਿਰਨ ਦੀ ਮੌਤ ਤੋਂ ਬਾਅਦ ਉਸਦੇ ਪੁੱਤਰ ਸੰਦੀਪ ਸਿੰਘ ਵਾਸੀ ਬੈਕਸਾਈਡ ਬੁੱਲਟੈਂਡ ਹੋਟਲ, ਢਾਂਗੂ ਰੋਡ ਪਠਾਨਕੋਟ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਉਸਦੀ ਮਾਤਾ ਕਿਰਨ 8 ਸਤੰਬਰ ਦੀ ਸ਼ਾਮ ਕਰੀਬ 7:30 ਵਜੇ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਕਾਫ਼ੀ ਭਾਲ ਕਰਨ ਦੇ ਬਾਵਜੂਦ ਜਦੋਂ ਉਸਦਾ ਕੋਈ ਪਤਾ ਨਾ ਲੱਗਾ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਸ਼ਰਫ਼ ਅਲੀ ਵਾਸੀ ਗੁਰਦਾਸਪੁਰ, ਹਾਲ ਵਾਸੀ ਟ੍ਰੇਹਟੀ ਹਰਿਆਲਾ (ਪਠਾਨਕੋਟ) ਨੇ ਮ੍ਰਿਤਕਾ ਕਿਰਨ ਤੋਂ ਕਰੀਬ 1 ਲੱਖ ਰੁਪਏ ਉਧਾਰ ਲਏ ਹੋਏ ਸਨ ਜਦੋਂ ਕਿਰਨ ਵੱਲੋਂ ਆਪਣੀ ਰਕਮ ਵਾਪਸ ਮੰਗੀ ਗਈ ਤਾਂ ਅਸ਼ਰਫ਼ ਅਲੀ ਵੱਲੋਂ ਆਪਣੇ ਰਿਸ਼ਤੇਦਾਰ ਬਸ਼ੀਰ ਦੀਨ ਵਾਸੀ ਟਿੱਪਰੀ ਲੋਧਵਾਂ, ਹਿਮਾਚਲ ਪ੍ਰਦੇਸ਼ ਰਾਹੀਂ ਉਸ ਨੂੰ ਧਮਕੀਆਂ ਦਿਵਾਉਣ ਦੇ ਦੋਸ਼ ਹਨ। ਪੁਲਸ ਜਾਂਚ ਮੁਤਾਬਕ ਕਰਜ਼ੇ ਦੀ ਰਕਮ ਹੜੱਪਣ ਦੇ ਇਰਾਦੇ ਨਾਲ ਦੋਵਾਂ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚੀ। 8 ਸਤੰਬਰ ਨੂੰ ਕਿਰਨ ਨੂੰ ਘਰੋਂ ਬਾਹਰ ਬੁਲਾਉਣ ਤੋਂ ਬਾਅਦ ਉਸ ’ਤੇ ਜਾਨਲੇਵਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਹਿਮਾਚਲ ਪ੍ਰਦੇਸ਼ ਦੇ ਚੱਕੀ ਦਰਿਆ ਵਿੱਚ ਸੁੱਟਣ ਦੀ ਗੱਲ ਸਾਹਮਣੇ ਆਈ ਹੈ।
ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103(1), 3(5) ਅਤੇ ਆਈਪੀਸੀ ਦੀ ਧਾਰਾ 302, 34 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਨਵੇਂ ਝੋਨੇ ’ਚੋਂ 10 ਫੀਸਦੀ ਚਾਵਲ ਦੇ ਟੋਟੇ ਦੀ ਬਜਾਏ 50 ਫੀਸਦੀ ਟੋਟਾ ਨਿਕਲ ਰਿਹਾ
NEXT STORY