ਹੁਸ਼ਿਆਰਪੁਰ (ਅਮਰੀਕ)— ਪਿੰਡ ਲਾਂਬੜਾ 'ਚ ਪੰਚਾਇਤੀ ਜ਼ਮੀਨ ਦੇ ਝਗੜੇ ਦੇ ਚਲਦਿਆਂ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਪਿੰਡ ਲਾਂਬੜਾ 'ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਪਿੰਡ ਦੀ ਪੰਚਾਇਤ ਨਾਲ ਕਾਨੂੰਨੀ ਲੜਾਈ ਤੋਂ ਬਾਅਦ ਸਰਬਜੀਤ ਦੇ ਪੱਖ 'ਚ ਮਾਣਯੋਗ ਸੈਸ਼ਨ ਕੋਰਟ ਵੱਲੋਂ ਫੈਸਲਾ ਸੁਣਾਇਆ ਗਿਆ। ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਲੜਾਈ ਦੌਰਾਨ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਵਿਰੋਧੀ ਧਿਰ ਨੇ ਪੀੜਤ ਔਰਤ ਹਰਪਾਲ ਕੌਰ ਨਾਲ ਕੁੱਟਮਾਰ ਕੀਤੀ।
ਇਸ ਸਬੰਧ 'ਚ ਕੁੱਟਮਾਰ ਦੀ ਸ਼ਿਕਾਰ ਹੋਈ ਪੀੜਤ ਮਹਿਲਾ ਹਰਪਾਲ ਕੌਰ ਨੇ ਦੱਸਿਆ ਕਿ ਬੀ. ਡੀ. ਪੀ. ਓ. ਤੋਂ ਲੈ ਕੇ ਸੈਸ਼ਨ ਕੋਰਟ ਨੇ ਸਬੂਤਾਂ ਦੇ ਆਧਾਰ 'ਤੇ ਉਨ੍ਹਾਂ ਦੇ ਪੱਖ 'ਚ ਫੈਸਲਾ ਸੁਣਾਇਆ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰ ਮਾਸਟਰ ਜਗਦੀਪ ਸਿੰਘ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਸ਼ਰੇਆਮ ਉਨ੍ਹਾਂ ਨੂੰ ਥੱਪੜ ਵੀ ਮਾਰੇ ਹਨ। ਜਗਦੀਪ ਸਿੰਘ ਸਰਕਾਰੀ ਅਧਿਆਪਕ ਹੈ, ਜੋਕਿ ਹੁਸ਼ਿਆਰਪੁਰ ਵਿਖੇ ਸਰਕਾਰੀ ਸਕੂਲ 'ਚ ਪੜ੍ਹਾਉਂਦਾ ਹੈ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਵੀਡੀਓ ਉਨ੍ਹਾਂ ਦੇ ਪਤੀ ਵੱਲੋਂ ਬਣਾਈ, ਜਿਸ ਨੂੰ ਵਾਇਰਲ ਕਰ ਦਿੱਤਾ ਗਿਆ। ਉਥੇ ਹੀ ਦੂਜੇ ਪਾਸੇ ਜਗਦੀਪ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਜਗਦੀਪ ਸਿੰਘ ਮੁਤਾਬਕ ਹਰਪਾਲ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ ਜਦੋਂ ਕਿ ਵਿਰੋਧੀ ਧਿਰ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੇ ਖੁਦ ਨੂੰ ਬਚਾਉਣ ਲਈ ਮਹਿਲਾ ਨੂੰ ਧੱਕਾ ਮਾਰਿਆ ਸੀ।
ਕੀ ਕਹਿਣਾ ਹੈ ਡੀ. ਐੱਸ. ਪੀ ਸਤਿੰਦਰ ਕੁਮਾਰ ਦਾ
ਡੀ. ਐੱਸ. ਪੀ. ਸਤਿੰਦਰ ਕੁਮਾਰ ਚੱਢਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ 'ਚ ਪਿੰਡ ਦੀ ਪੰਚਾਇਤ ਦੀ ਜ਼ਮੀਨ ਨੂੰ ਲੈ ਕੇ ਲੜਾਈ-ਝਗੜਾ ਹੋਇਆ ਸੀ। ਇਕ ਪਾਸੇ ਸਰਬਜੀਤ ਸਿੰਘ ਕਹਿੰਦਾ ਹੈ ਕਿ ਇਸ ਜ਼ਮੀਨ 'ਤੇ ਉਨ੍ਹਾਂ ਦਾ ਕਬਜ਼ਾ ਹੈ ਅਤੇ ਦੂਜੇ ਪਾਸੇ ਜਗਦੀਪ ਸਿੰਘ ਕਹਿੰਦੇ ਹਨ ਕਿ ਇਹ ਜ਼ਮੀਨ ਸਾਂਝੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਘੁਸਪੈਠੀਆ ਕਾਬੂ
NEXT STORY