ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਲਲਤੋਂ ਨਹਿਰ ਖੇਤਰ 'ਚ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੁੱਢਲੀ ਜਾਂਚ ਮੁਤਾਬਕ ਮ੍ਰਿਤਕਾ ਦੀ ਉਮਰ ਲਗਭਗ 30 ਸਾਲ ਦੇ ਆਸ-ਪਾਸ ਹੈ। ਅਣਪਛਾਤੇ ਹਮਲਾਵਰਾਂ ਨੇ ਔਰਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਹਮਲਾ ਕੀਤਾ ਸੀ। ਮ੍ਰਿਤਕਾ ਦੇ ਪੇਟ ਦੇ ਅਗਲੇ ਹਿੱਸੇ ਅਤੇ ਧੌਣ ਦੇ ਖੱਬੇ ਪਾਸੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਵਾਰਾਂ ਦੇ ਸਪੱਸ਼ਟ ਨਿਸ਼ਾਨ ਮਿਲੇ ਹਨ। ਜ਼ਿਆਦਾ ਖ਼ੂਨ ਵਹਿਣ ਅਤੇ ਧੌਣ ਦੀਆਂ ਨਾੜਾਂ ਕੱਟੇ ਜਾਣ ਕਾਰਨ ਔਰਤ ਦੀ ਮੌਕੇ 'ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ ਲੱਗਦੀ ਹੈ। ਮ੍ਰਿਤਕਾ ਦੀ ਲਾਸ਼ ਦੀ ਹਾਲਤ ਨੂੰ ਦੇਖਦੇ ਹੋਏ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਹੈ।
ਮ੍ਰਿਤਕਾ ਕੋਲੋਂ ਕੋਈ ਪਰਸ, ਮੋਬਾਇਲ ਜਾਂ ਪਛਾਣ ਪੱਤਰ ਬਰਾਮਦ ਨਹੀਂ ਹੋਇਆ ਹੈ, ਜਿਸ ਨਾਲ ਉਸ ਦੀ ਤੁਰੰਤ ਸ਼ਨਾਖਤ ਹੋ ਸਕੇ। ਹਾਲਾਂਕਿ ਪੁਲਸ ਨੂੰ ਮ੍ਰਿਤਕਾ ਦੇ ਸਰੀਰ 'ਤੇ ਕੁੱਝ ਖਾਸ ਪਛਾਣ ਚਿੰਨ੍ਹ ਮਿਲੇ ਹਨ, ਜੋ ਉਸ ਦੀ ਸ਼ਨਾਖਤ 'ਚ ਅਹਿਮ ਕੜੀ ਸਾਬਤ ਹੋ ਸਕਦੇ ਹਨ। ਮ੍ਰਿਤਕਾ ਦੀ ਸੱਜੀ ਬਾਂਹ 'ਤੇ ਅੰਗਰੇਜ਼ੀ ਵਿੱਚ Money ਲਿਖਿਆ ਟੈਟੂ ਬਣਿਆ ਹੋਇਆ ਹੈ ਅਤੇ ਖੱਬੀ ਬਾਂਹ 'ਤੇ 3 ਸਟਾਰ ਦਾ ਟੈਟੂ ਬਣਿਆ ਹੋਇਆ ਹੈ। ਪੁਲਸ ਦਾ ਮੰਨਣਾ ਹੈ ਕਿ ਇਨ੍ਹਾਂ ਟੈਟੂਆਂ ਦੀ ਮਦਦ ਨਾਲ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਜਾਂ ਜਾਣਕਾਰਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਔਰਤ ਦੀ ਪਛਾਣ ਯਕੀਨੀ ਬਣਾਉਣ ਲਈ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸੁਰੱਖਿਅਤ ਰਖਵਾ ਦਿੱਤਾ ਗਿਆ ਹੈ।
ਸਾਰੇ ਥਾਣਿਆਂ, ਪੁਲਸ ਚੌਂਕੀਆਂ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਮ੍ਰਿਤਕਾ ਦੇ ਹੁਲੀਏ, ਕੱਪੜਿਆਂ ਅਤੇ ਟੈਟੂਆਂ ਦੀ ਵਿਸਤ੍ਰਿਤ ਜਾਣਕਾਰੀ ਭੇਜ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਿਛਲੇ ਇੱਕ ਹਫ਼ਤੇ ਦੌਰਾਨ ਦਰਜ ਹੋਈਆਂ ਕੁੜੀਆਂ ਅਤੇ ਔਰਤਾਂ ਦੀ ਗੁੰਮਸ਼ੁਦਗੀ ਦੀਆਂ ਫਾਈਲਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਨਹਿਰ ਰੋਡ ਅਤੇ ਆਸ-ਪਾਸ ਦੇ ਰਸਤਿਆਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲਾਸ਼ ਨੂੰ ਕਿਸ ਵਾਹਨ ਜਾਂ ਸਾਧਨ ਤੋਂ ਲਿਆ ਕੇ ਇੱਥੇ ਸੁੱਟਿਆ ਗਿਆ ਸੀ। ਪੁਲਸ ਦਾ ਦਾਅਵਾ ਹੈ ਕਿ ਮ੍ਰਿਤਕਾ ਦੀ ਸ਼ਨਾਖਤ ਹੁੰਦੇ ਹੀ ਇਸ ਖ਼ੂਨੀ ਹੱਤਿਆਕਾਂਡ ਦੀ ਗੁੱਥੀ ਸੁਲਝਾ ਲਈ ਜਾਵੇਗੀ।
ਪੰਜਾਬ : LPG ਸਿਲੰਡਰਾਂ ਨੂੰ ਲੈ ਕੇ ਵੱਡੀ ਟੈਨਸ਼ਨ! ਬੁਕਿੰਗ ਤੋਂ ਬਾਅਦ ਵੀ ਪੈ ਰਿਹਾ ਪੰਗਾ, ਪੜ੍ਹੋ ਕਾਰਨ
NEXT STORY