ਚੰਡੀਗੜ੍ਹ (ਪਾਲ) : ਤਿੰਨ ਸਾਲ ਪਹਿਲਾਂ ਬ੍ਰੇਨ ਡੈੱਡ ਮਰੀਜ਼ ਤੋਂ ਮਿਲੇ ਅੰਗ ਦੀ ਬਦੌਲਤ ਮਨਜੀਤ ਨੂੰ ਨਾ ਸਿਰਫ ਨਵਾਂ ਜੀਵਨ ਮਿਲਿਆ, ਬਲਕਿ ਉਸੇ ਬ੍ਰੇਨ ਡੈੱਡ ਮਰੀਜ਼ ਕਾਰਨ ਮਾਂ ਬਣ ਸਕੀ ਹੈ। ਮਾਂ ਬਣਨਾ ਤਾਂ ਦੂਰ ਦੀ ਗੱਲ, ਮਨਜੀਤ ਆਪਣੀ ਜ਼ਿੰਦਗੀ ਦੇ ਉਸ ਦੌਰ ਵਿਚੋਂ ਲੰਘ ਰਹੀ ਸੀ ਕਿ ਉਸ ਨੇ ਜਿਊਣ ਦੀ ਆਸ ਵੀ ਛੱਡ ਦਿੱਤੀ ਸੀ। 30 ਸਾਲਾਂ ਦੀ ਉਮਰ ਤੋਂ ਪਹਿਲਾਂ ਹੀ ਲਿਵਰ ਸਰੋਰਿਸ ਕਾਰਨ ਉਸ ਦਾ ਲਿਵਰ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਸੀ। ਉਸ ਨੇ ਮਨਜੀਤ ਦੇ ਮਾਂ ਬਣਨ ਦੇ ਸੁਪਨੇ ਨੂੰ ਚੂਰ ਕਰ ਦਿੱਤਾ ਸੀ। 5-6 ਸਾਲਾਂ ਤੋਂ ਦਵਾਈਆਂ ਸਹਾਰੇ ਉਹ ਚੱਲ ਰਹੀ ਸੀ ਕਿ ਲਿਵਰ ਟਰਾਂਸਪਲਾਂਟ ਹੀ ਇਕੋ-ਇਕ ਉਸ ਦਾ ਇਲਾਜ ਸੀ। ਇਸ ਦੌਰਾਨ ਅਚਾਨਕ ਮਿਲੇ ਕਿਸੇ ਬ੍ਰੇਨ ਡੈੱਡ ਮਰੀਜ਼ ਦੇ ਲਿਵਰ ਨੂੰ ਮਨਜੀਤ ਦੇ ਟਰਾਂਸਪਲਾਂਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸਨੂੰ ਨਵਾਂ ਜੀਵਨ ਤਾਂ ਮਿਲਿਆ ਹੀ ਨਾਲ ਹੀ ਪ੍ਰਮਾਤਮਾ ਦੀ ਮਿਹਰ ਨਾਲ ਟਰਾਂਸਪਲਾਂਟ ਤੋਂ 3 ਸਾਲ ਬਾਅਦ ਪਿਛਲੇ ਸਾਲ ਹੀ ਉਹ ਪ੍ਰੈਗਨੈਂਟ ਵੀ ਹੋ ਗਈ।
ਨੰਨ੍ਹੀ ਪਰੀ ਨੇ ਪੂਰਾ ਕੀਤਾ ਮਨਜੀਤ ਦਾ ਸੁਪਨਾ
ਕਿਸੇ ਵੀ ਟਰਾਂਸਪਲਾਂਟ ਤੋਂ ਬਾਅਦ ਮਰੀਜ਼ ਨੂੰ ਦਵਾਈਆਂ ਦਾ ਆਸਰਾ ਸਾਰੀ ਉਮਰ ਰਹਿੰਦਾ ਹੈ। ਮੇਰੀ ਵੀ ਇਹੋ ਚਿੰਤਾ ਸੀ ਕਿ ਕਿਤੇ ਇਨ੍ਹਾਂ ਦਵਾਈਆਂ ਦਾ ਅਸਰ ਮੇਰੇ ਹੋਣ ਵਾਲੇ ਬੱਚੇ 'ਤੇ ਨਾ ਪਵੇ। ਪੀ. ਜੀ. ਆਈ. ਹੈਪਟੋਲਾਜੀ ਵਿਭਾਗ ਦੇ ਹੈੱਡ ਪ੍ਰੋ. ਆਰ. ਕੇ. ਧੀਮਾਨ ਦੀ ਮੰਨੀਏ ਤਾਂ ਟਰਾਂਸਪਲਾਂਟ ਤੋਂ ਬਾਅਦ ਦਵਾਈਆਂ ਕਾਫੀ ਜ਼ਰੂਰੀ ਹਨ ਪਰ ਮਨਜੀਤ ਦੇ ਕੇਸ ਵਿਚ ਉਸਦੀ ਉਮਰ ਕਾਫੀ ਫਾਇਦੇ ਵਿਚ ਰਹੀ। ਘੱਟ ਉਮਰ ਹੋਣ ਕਾਰਨ ਰਿਸਕ ਫੈਕਟਰ ਤਾਂ ਘੱਟ ਹੋ ਗਏ ਸਨ, ਉਥੇ ਹੀ ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਔਰਤਾਂ ਵਿਚ ਪ੍ਰਜਨਨ ਉਮਰ ਵਿਚ ਟਰਾਂਸਪਲਾਂਟ ਹੋਵੇ ਤਾਂ ਬੱਚੇ ਪੈਦਾ ਕਰਨ ਦੀ ਸਮਰੱਥਾ ਵਾਪਸ ਆ ਜਾਂਦੀ ਹੈ। ਹੈਪਟਾਲੋਜਿਸਟ ਅਤੇ ਟ੍ਰੇਂਡ ਪੀ. ਜੀ. ਆਈ. ਸਰਜਨ ਦੀ ਨਿਗਰਾਨੀ 'ਚ 21 ਫਰਵਰੀ ਨੂੰ ਮਨਜੀਤ ਨੇ ਸਿਜੇਰੀਅਨ ਜ਼ਰੀਏ ਇਕ ਬੱਚੀ ਨੂੰ ਜਨਮ ਦਿੱਤਾ ਹੈ, ਜੋ ਕਿ ਮਨਜੀਤ ਦਾ ਸੁਪਨਾ ਸੀ।
ਪੀ. ਜੀ. ਆਈ. ਲਈ ਮਾਣ ਵਾਲੀ ਗੱਲ
ਪੀ. ਜੀ. ਆਈ. ਵਿਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਕਿ ਟਰਾਂਸਪਲਾਂਟ ਤੋਂ ਬਾਅਦ ਕਿਸੇ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਸੰਸਥਾ ਲਈ ਇਹ ਕਾਫੀ ਫਖਰ ਦੀ ਗੱਲ ਹੈ। ਇਸ ਪੂਰੀ ਪ੍ਰਕਿਰਿਆ ਵਿਚ ਪੀ. ਜੀ. ਆਈ. ਡਾਕਟਰਾਂ ਦੀ ਕਾਫੀ ਮਿਹਨਤ ਰਹੀ। ਇਸ ਵਿਚ ਵੱਖ-ਵੱਖ ਵਿਭਾਗਾਂ ਦਾ ਕਾਫੀ ਸਹਿਯੋਗ ਰਿਹਾ ਹੈ।
3 ਵਿਭਾਗਾਂ ਦਾ ਸਹਿਯੋਗ
ਮਨਜੀਤ ਦਾ ਕੇਸ ਕਾਫੀ ਰਿਸਕੀ ਸੀ। ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ, ਇਸ ਲਈ ਬਾਕਾਇਦਾ ਕਈ ਡਾਕਟਰਾਂ ਅਤੇ ਵਿਭਾਗਾਂ ਵਲੋਂ ਉਸਦੀ ਦੇਖਭਾਲ ਕੀਤੀ ਗਈ। ਇਸ ਵਿਚ ਹੈਪਟੋਲਾਜੀ ਵਿਭਾਗ ਦੇ ਪ੍ਰੋਫੈਸਰ ਆਰ. ਕੇ. ਧੀਮਾਨ, ਪ੍ਰੋ. ਅਜੇ ਦੁਸੇਜਾ, ਡਾ. ਸੁਨੀਲ ਤਨੇਜਾ, ਡੀਨ ਪਲਮਨਰੀ ਵਿਭਾਗ ਦੇ ਡਾ. ਬਾਹਰਾ, ਲਿਵਰ ਟਰਾਂਸਪਲਾਂਟ ਯੂਨਿਟ ਤੋਂ ਪ੍ਰੋ. ਐੱਲ. ਕਮਨ ਆਦਿ ਸ਼ਾਮਲ ਸਨ।
ਰੇਲਵੇ ਸਟੇਸ਼ਨਾਂ 'ਤੇ 25 ਹਜ਼ਾਰ ਕੁਲੀ ਕਰਨਗੇ 28 ਨੂੰ ਹੜਤਾਲ
NEXT STORY