ਚੰਡੀਗੜ੍ਹ (ਰਮਨਜੀਤ)—ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਆਪਣੇ ਉਸ ਕੈਬਨਿਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਜਿਸ 'ਤੇ ਇੱਕ ਉਚ ਮਹਿਲਾ ਅਧਿਕਾਰੀ ਨੇ ਸਰੀਰਕ-ਮਾਨਸਿਕ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਹਨ। 'ਆਪ' ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਇਕ ਮੰਤਰੀ ਦਾ ਅਜਿਹਾ ਅਨੈਤਿਕ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਵਲੋਂ ਮਹਿਲਾਵਾਂ ਦਾ ਸਰੀਰਕ-ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ਾਂ 'ਚ ਘਿਰੇ ਭਾਜਪਾ ਦੇ ਕੇਂਦਰੀ ਮੰਤਰੀ ਐੱਮ. ਜੇ ਅਕਬਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਸੀ, ਦੂਜੇ ਪਾਸੇ ਆਪਣੇ ਮੰਤਰੀ 'ਤੇ ਲੱਗੇ ਉਸੇ ਤਰ੍ਹਾਂ ਦੇ ਦੋਸ਼ਾਂ ਨੂੰ ਦਬਾਇਆ ਜਾ ਰਿਹਾ ਸੀ, ਜਦੋਂਕਿ ਚਾਹੀਦਾ ਇਹ ਸੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ 'ਵਿਸਾਖਾ ਗਾਈਡ ਲੀਨਜ਼' ਦੇ ਮੁਤਾਬਿਕ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਮਹਿਲਾਵਾਂ ਦੀ ਭਾਗੀਦਾਰੀ ਵਾਲੀ ਵਿਸ਼ੇਸ਼ ਕਮੇਟੀ ਹਵਾਲੇ ਕੀਤੀ ਜਾਂਦੀ।
ਜੀਵਨਜੋਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਜੇਕਰ ਮਾਮਲਾ ਧਿਆਨ 'ਚ ਆਉਂਦੇ ਹੀ ਮੰਤਰੀ ਖ਼ਿਲਾਫ਼ ਕਾਰਵਾਈ ਕਰ ਦਿੰਦੇ ਤਾਂ ਪੂਰੇ ਦੇਸ਼ 'ਚ ਇਕ ਸਖ਼ਤ ਅਤੇ ਸਪੱਸ਼ਟ ਸੰਦੇਸ਼ ਜਾਂਦਾ ਅਤੇ ਮਹਿਲਾਵਾਂ 'ਤੇ ਹੁੰਦੇ ਮਾਨਸਿਕ-ਸਰੀਰਕ ਸ਼ੋਸ਼ਣ ਵਿਰੁੱਧ ਦੁਨੀਆ ਭਰ 'ਚ ਚੱਲ ਰਹੀ 'ਮੀ-ਟੂ' ਮੁਹਿੰਮ ਨੂੰ ਹੋਰ ਬਲ ਮਿਲਦਾ। 'ਆਪ' ਆਗੂਆਂ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸ ਕੋਲ ਅਜੇ ਵੀ ਮੌਕਾ ਹੈ ਕਿ ਉਹ ਮਹਿਲਾਵਾਂ ਪ੍ਰਤੀ ਸਨਮਾਨ ਦਾ ਸੰਦੇਸ਼ ਦਿੰਦੇ ਹੋਏ ਆਪਣੇ ਮੰਤਰੀ ਨੂੰ ਮੰਤਰੀ ਮੰਡਲ ਸਮੇਤ ਪਾਰਟੀ 'ਚੋਂ ਬਾਹਰ ਕੱਢਣ।
ਕੈਬਟਿਨ ਮੰਤਰੀ ਵਲੋਂ ਮਹਿਲਾ ਆਈ. ਏ. ਐੱਸ. ਅਧਿਕਾਰੀ ਨੂੰ ਮੈਸੇਜ ਭੇਜਣ ਦਾ ਮਾਮਲਾ, ਗਰਮਾਈ ਸਿਆਸਤ
NEXT STORY