ਪਟਿਆਲਾ (ਬਲਜਿੰਦਰ)-'ਦਰੋਣਾਚਾਰੀਆ ਐਵਾਰਡੀ' ਅਤੇ ਕੌਮੀ ਪੱਧਰ ਦੇ ਪਹਿਲਵਾਨ ਸੁਖਚੈਨ ਸਿੰਘ ਚੀਮਾ, ਜਿਨ੍ਹਾਂ ਦਾ ਬੀਤੇ ਦਿਨ ਇਕ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਇਥੇ ਘਲੋੜੀ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਡੀ. ਐੱਸ. ਪੀ. ਤੇ 'ਭਾਰਤ ਕੇਸਰੀ' ਉਲੰਪੀਅਨ ਪਲਵਿੰਦਰ ਸਿੰਘ ਚੀਮਾ ਅਤੇ ਰਾਸ਼ਟਰੀ ਪੱਧਰ ਦੇ ਪਹਿਲਵਾਨ ਤੇਜਪਾਲ ਸਿੰਘ ਚੀਮਾ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੇ ਵੱਡੇ ਭਰਾ ਸ. ਨਿਰਮਲ ਸਿੰਘ ਚੀਮਾ ਯੂ. ਐੱਸ. ਏ., ਪੋਤਰੇ ਬਿਲਾਵਲ ਅਤੇ ਇਵਾਨ ਸਮੇਤ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ।
ਇਸ ਮੌਕੇ 'ਰੁਸਤਮੇ-ਹਿੰਦ ਕੇਸਰ ਸਿੰਘ ਕੁਸ਼ਤੀ ਅਖਾੜਾ' ਦੇ ਪਹਿਲਵਾਨਾਂ ਨੇ ਭਲਵਾਨੀ ਦੇ ਉਸਤਾਦ ਨੂੰ ਹੰਝੂਆਂ ਭਿੱਜੀ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਪਹਿਲਵਾਨ, ਖਿਡਾਰੀ, ਪਟਿਆਲਾ ਨਿਵਾਸੀ, ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਸਮੇਤ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤੇ ਕਰਮਚਾਰੀ ਵੀ ਵੱਡੀ ਗਿਣਤੀ 'ਚ ਹਾਜ਼ਰ ਹੋਏ।
ਸ. ਚੀਮਾ ਦੇ ਅੰਤਿਮ ਸੰਸਕਾਰ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਫੁੱਲਮਾਲਾਵਾਂ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਖੇਡ ਵਿਭਾਗ ਦੇ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਵੱਲੋਂ ਜ਼ਿਲਾ ਖੇਡ ਅਫ਼ਸਰ ਉਪਕਾਰ ਸਿੰਘ ਵਿਰਕ ਨੇ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਤਰਫ਼ੋਂ ਤਹਿਸੀਲਦਾਰ ਸੁਭਾਸ਼ ਭਾਰਦਵਾਜ ਨੇ, 'ਰੁਸਤਮੇ-ਹਿੰਦ ਕੇਸਰ ਸਿੰਘ ਅਖਾੜਾ' ਦੇ ਪਹਿਲਵਾਨਾਂ ਵੱਲੋਂ ਕੋਚ ਸ. ਗੁਰਮੇਲ ਸਿੰਘ ਨੇ, ਪੰਜਾਬ ਆਰਚਰੀ ਐਸਸੀਏਸ਼ਨ ਦੇ ਪ੍ਰਧਾਨ ਕੇ. ਐੱਸ. ਕੰਗ ਵੱਲੋਂ ਸਕੱਤਰ ਸ਼੍ਰੀ ਆਰ. ਕੇ. ਬਾਲੀ ਅਤੇ ਐੱਨ. ਆਈ. ਐੱਸ. ਵੱਲੋਂ ਸਾਬਕਾ ਡਾਇਰੈਕਟਰ ਡਾ. ਜੀ. ਐੱਸ. ਅਨੰਦ ਨੇ ਰੀਥਾਂ ਰੱਖੀਆਂ।
ਇਸ ਮੌਕੇ ਆਈ. ਜੀ. ਪਟਿਆਲਾ ਜ਼ੋਨ ਸ਼੍ਰੀ ਏ. ਐੱਸ. ਰਾਏ, ਡੀ. ਆਈ. ਜੀ. ਪਟਿਆਲਾ ਰੇਂਜ ਡਾ. ਸੁਖਚੈਨ ਸਿੰਘ ਗਿੱਲ, ਪੀ. ਆਰ. ਟੀ. ਸੀ. ਦੇ ਅੱੈਮ. ਡੀ. ਮਨਜੀਤ ਸਿੰਘ ਨਾਰੰਗ, ਡਾਇਰੈਕਟਰ ਜੀ. ਐੱਸ. ਟੀ. ਗੁਰਪਾਲ ਸਿੰਘ ਚਹਿਲ, ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ, ਐੱਸ. ਪੀ. ਸਿਟੀ ਕੇਸਰ ਸਿੰਘ, ਐੱਸ. ਪੀ. ਜਾਂਚ ਹਰਵਿੰਦਰ ਸਿੰਘ ਵਿਰਕ, ਬਿਕਰਮਜੀਤ ਸਿੰਘ, ਪੰਕਜਜੀਤ ਸਿੰਘ ਤੇ ਵੱਖ-ਵੱਖ ਰਾਜਸੀ, ਧਾਰਮਿਕ, ਸ਼ਖ਼ਸੀਅਤਾਂ ਸਮੇਤ ਸਮਾਜ-ਸੇਵੀ ਜਥੇਬੰਦੀਆਂ ਦੇ ਆਗੂ, ਸ਼ਹਿਰ ਨਿਵਾਸੀ, ਕੌਂਸਲਰ, ਵੱਡੀ ਗਿਣਤੀ ਸਥਾਨਕ ਮੀਡੀਆ ਦੇ ਨੁਮਾਇੰਦੇ ਅਤੇ ਚੀਮਾ ਪਰਿਵਾਰ ਦੇ ਸਕੇ-ਸਬੰਧੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਰਿਵਾਰਕ ਸੂਤਰਾਂ ਮੁਤਾਬਕ ਸ. ਸੁਖਚੈਨ ਸਿੰਘ ਚੀਮਾ ਦੀ ਮ੍ਰਿਤਕ ਦੇਹ ਦੇ ਫੁੱਲ ਸ਼ਨੀਵਾਰ ਸਵੇਰੇ 8 ਵਜੇ ਚੁਗੇ ਜਾਣਗੇ। ਅੰਤਿਮ ਅਰਦਾਸ 20 ਜਨਵਰੀ ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।
ਭਿਖਾਰੀਆਂ ਨੂੰ ਫੜਨ ਲਈ ਚੁੱਕੇ ਜਾਣਗੇ ਸਖਤ ਕਦਮ
NEXT STORY