ਜਲੰਧਰ : 27 ਜੁਲਾਈ, 2015 ਦੀ ਸਵੇਰ ਪੰਜਾਬ ਵਾਸੀਆਂ ਨੂੰ ਕਦੇ ਨਹੀਂ ਭੁੱਲੇਗੀ, ਜਦੋਂ ਅੱਤਵਾਦੀਆਂ ਨੇ ਗੁਰਦਾਸਪੁਰ ਦੇ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰਕੇ ਪੂਰਾ ਪੰਜਾਬ ਹਿਲਾ ਦਿੱਤਾ ਸੀ ਪਰ ਪੰਜਾਬ ਪੁਲਸ ਤੇ ਫੌਜ ਨੇ ਵੀ ਇਸ ਹਮਲੇ ਦਾ ਮੂੰਹ ਤੋੜ ਜਵਾਬ ਦਿੰਦਿਆਂ ਸਾਰੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਐੱਸ. ਪੀ. ਬਲਜੀਤ ਸਿੰਘ ਨੇ ਸੀਨਾ ਤਾਣ ਕੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ ਪਰ ਦੇਸ਼ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੇ ਪਰਿਵਾਰ ਦੀ ਸਰਕਾਰ ਸਾਰ ਨਹੀਂ ਲੈ ਰਹੀ, ਜਿਸ ਕਾਰਨ ਪਰਿਵਾਰ ਨੇ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਸ਼ਹੀਦ ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਭਿੱਜੀਆਂ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦੇ ਪਤੀ ਦੀ ਸ਼ਹੀਦੀ ਉਪਰੰਤ ਸਰਕਾਰ ਨੇ 15 ਅਗਸਤ ਨੂੰ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਸ ਮੈਡਲ ਨੂੰ ਮੈਡਲ ਦੇਣ ਦਾ ਐਲਾਨ ਕੀਤਾ ਸੀ, ਜੋ ਅੱਜ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ। ਸਿਰਫ ਇੰਨਾ ਹੀ ਨਹੀਂ, ਸ਼ਹੀਦ ਦੇ ਬੇਟੇ ਮਨਿੰਦਰ ਸਿੰਘ ਨੂੰ ਵੀ ਡੀ. ਐੱਸ. ਪੀ. ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਲਈ ਗ੍ਰੇਜੂਏਸ਼ਨ ਹੋਣੀ ਜ਼ਰੂਰੀ ਸੀ। ਮਨਿੰਦਰ ਨੇ ਮਈ 'ਚ ਬੀ. ਟੈੱਕ. ਕੰਪਿਊਟਰ ਸਾਇੰਸ ਪੂਰੀ ਕਰ ਲਈ ਅਤੇ ਆਪਣੇ ਸਾਰੇ ਦਸਤਾਵੇਜ਼ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾ ਦਿੱਤੇ।
ਮਨਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਇਕ ਹਫਤੇ ਅੰਦਰ ਉਸ ਨੂੰ ਨੌਕਰੀ ਦੀ ਚਿੱਠੀ ਆ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਕ ਮਹੀਨਾ ਪਹਿਲਾਂ ਹੀ ਸ਼ਹੀਦ ਦੇ ਦੋਸਤ ਨੇ ਆਪਣੇ ਜੱਦੀ ਪਿੰਡ ਢੰਡੋਵਾਲ, ਸ਼ਾਹਕੋਟ ਦੇ ਸਰਕਾਰੀ ਹਾਈ ਸਕੂਲ 'ਚ ਸ਼ਹੀਦ ਬਲਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਹੈ। ਸ਼ਹੀਦ ਦਾ ਪਰਿਵਾਰ ਚਾਹੁੰਦਾ ਹੈ ਕਿ ਇਸੇ ਤਰ੍ਹਾਂ ਦਾ ਬੁੱਤ ਕਪੂਰਥਲਾ 'ਚ ਵੀ ਪ੍ਰਸ਼ਾਸਨ ਦੀ ਮਦਦ ਨਾਲ ਲਾਇਆ ਜਾਵੇ। ਸ਼ਹੀਦ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਸ਼ਹੀਦ ਬਲਜੀਤ ਕੌਰ ਨੇ ਦੁਸ਼ਮਣਾਂ ਦੇ ਛੱਕੇ ਛੁਡਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ।
ਅੱਜ ਦੇ ਦਿਨ ਕੰਬਿਆ ਸੀ ਗੁਰਦਾਸਪੁਰ, ਦੇਖੋ ਅੱਤਵਾਦ ਦੇ ਭਿਆਨਕ ਮੰਜ਼ਰ ਨੂੰ ਬਿਆਨ ਕਰਦੀਆਂ ਤਸਵੀਰਾਂ
NEXT STORY