ਚੰਡੀਗੜ੍ਹ : ਕੁਝ ਦਿਨਾਂ ਬਾਅਦ ਚੜ੍ਹਨ ਵਾਲਾ ਸਾਲ 2020 ਜਿੱਥੇ ਨਵੀਆਂ ਉਮੀਦਾਂ ਲੈ ਕੇ ਆ ਰਿਹਾ ਹੈ, ਉੱਥੇ ਹੀ ਆਪਣੀਆਂ ਕੌੜੀਆਂ ਤੇ ਮਿੱਠੀਆਂ ਯਾਦਾਂ ਨਾਲ ਸਾਲ 2019 ਸਾਨੂੰ ਅਲਵਿਦਾ ਕਹਿ ਰਿਹਾ ਹੈ। 'ਪੰਜਾਬ' 'ਚ ਇਸ ਸਾਲ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਨੇ ਪੰਜਾਬੀਆਂ ਦੇ ਦਿਲਾਂ ਨੂੰ ਝੰਜੋੜ ਛੱਡਿਆ। ਪੰਜਾਬ 'ਚ ਥਾਂ-ਥਾਂ ਗੋਲੀਆਂ ਚੱਲੀਆਂ ਅਤੇ ਸ਼ਰੇਆਮ ਕਤਲ ਵੀ ਹੋਏ, ਜਿਨ੍ਹਾਂ ਨੇ ਪੰਜਾਬ ਦੀ ਜਨਤਾ ਨੂੰ ਬੁਰੀ ਤਰ੍ਹਾਂ ਦਹਿਲਾ ਦਿੱਤਾ। ਪੰਜਾਬ 'ਚ ਸਾਲ 2019 ਦੌਰਾਨ ਹੋਏ ਮੁੱਖ ਕਤਲਕਾਂਡ ਇਸ ਤਰ੍ਹਾਂ ਹਨ—
ਚੰਗਾਂਲੀਵਾਲਾ ਕਤਲਕਾਂਡ
ਸੰਗਰੂਰ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ (37) 'ਤੇ 4 ਨੌਜਵਾਨਾਂ ਨੇ ਅਣਮਨੁੱਖੀ ਤਸ਼ੱਦਦ ਕਰਦੇ ਹੋਏ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਗਮੇਲ ਸਿੰਘ ਦੀਆਂ ਲੱਤਾਂ ਦਾ ਮਾਸ ਪਲਾਸ ਨਾਲ ਵੀ ਨੋਚਿਆ। ਜਗਮੇਲ ਸਿੰਘ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ। ਉਕਤ ਨੌਜਵਾਨਾਂ ਨੇ ਪਾਣੀ ਮੰਗਣ 'ਤੇ ਦਲਿਤ ਨੌਜਵਾਨ ਨੂੰ ਪਿਸ਼ਾਬ ਪਿਲਾਇਆ ਗਿਆ। ਬੁਰੀ ਤਰ੍ਹਾਂ ਜ਼ਖਮੀਂ ਹੋਏ ਜਗਮੇਲ ਸਿੰਘ ਦੀ ਪੀ. ਜੀ. ਆਈ. 'ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਵਲੋਂ ਧਰਨੇ ਲਾਏ ਗਏ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ।

ਮੋਗਾ 'ਚ ਨੌਜਵਾਨ ਨੇ ਪਰਿਵਾਰ ਕਤਲ ਕਰ ਕੀਤੀ ਖੁਦਕੁਸ਼ੀ
ਮੋਗਾ ਦੇ ਪਿੰਡ ਨੱਥੂਵਾਲਾ ਗਰਬੀ 'ਚ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਮਨਜੀਤ ਸਿੰਘ ਨੇ ਆਪਣੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਦੌਰਾਨ ਸੰਦੀਪ ਸਿੰਘ ਦੀ ਮਾਤਾ ਬਿੰਦਰ ਕੌਰ, ਪਿਤਾ ਮਨਜੀਤ ਸਿੰਘ, ਦਾਦੀ ਗੁਰਦੀਪ ਕੌਰ, ਭੈਣ ਅਮਨਜੋਤ ਕੌਰ ਅਤੇ 4 ਸਾਲਾ ਭਾਣਜੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ 81 ਸਾਲਾ ਦਾਦਾ ਗੁਰਚਰਨ ਸਿੰਘ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੰਦੀਪ ਸਿੰਘ ਨੇ ਖੁਦ ਨੂੰ ਵੀ ਮੌਤ ਦੇ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸੰਦੀਪ ਦੀ ਕੁਝ ਸਮਾਂ ਪਹਿਲਾਂ ਮੰਗਣੀ ਹੋਈ ਸੀ, ਜਿਸ ਤੋਂ ਉਹ ਖੁਸ਼ ਨਹੀਂ ਸੀ।

ਚੰਡੀਗੜ੍ਹ 'ਚ ਅਬੋਹਰ ਦੀਆਂ 2 ਸਕੀਆਂ ਭੈਣਾਂ ਦਾ ਕਤਲ
ਚੰਡੀਗੜ੍ਹ ਦੇ ਸੈਕਟਰ-22 ਸਥਿਤ ਇਕ ਮਕਾਨ 'ਚ ਆਜ਼ਾਦੀ ਦਿਹਾੜੇ 'ਤੇ 2 ਸਕੀਆਂ ਭੈਣਾਂ ਰਾਜਵੰਤ ਤੇ ਮਨਪ੍ਰੀਤ ਦਾ ਕਤਲ ਕਰ ਦਿੱਤਾ ਗਿਆ। ਦੋਵੇਂ ਮ੍ਰਿਤਕ ਭੈਣਾਂ ਅਬੋਹਰ ਦੇ ਪਿੰਡ ਬੱਲੂਆਣਾ ਦੀਆਂ ਰਹਿਣ ਵਾਲੀਆਂ ਸਨ ਅਤੇ ਪਿਛਲੇ 4 ਸਾਲਾਂ ਤੋਂ ਚੰਡੀਗੜ੍ਹ 'ਚ ਰਹਿ ਰਹੀਆਂ ਸਨ। ਕਾਤਲ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਸੀ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਤਲ ਕੁਲਦੀਪ ਦਾ ਰਿਸ਼ਤਾ ਵੱਡੀ ਭੈਣ ਮਨਪ੍ਰੀਤ ਨਾਲ ਹੋ ਰਿਹਾ ਸੀ। ਇਸ ਦੌਰਾਨ ਮਨਪ੍ਰੀਤ ਨੇ ਕੁਲਦੀਪ ਨਾਲੋਂ ਨਾਤਾ ਤੋੜ ਲਿਆ, ਜਿਸ ਨੂੰ ਕੁਲਦੀਪ ਬਰਦਾਸ਼ਤ ਨਹੀਂ ਕਰ ਸਕਿਆ। ਕੁਲਦੀਪ ਨੂੰ ਸ਼ੱਕ ਸੀ ਕਿ ਸ਼ਾਇਦ ਮਨਪ੍ਰੀਤ ਨੇ ਕਿਸੇ ਹੋਰ ਨਾਲ ਨਾਤਾ ਜੋੜ ਲਿਆ ਸੀ। ਜਦੋਂ ਕੁਲਦੀਪ ਦੋਹਾਂ ਭੈਣਾਂ ਦੇ ਕਮਰੇ 'ਚ ਕਤਲ ਵਾਲੀ ਰਾਤ ਦਾਖਲ ਹੋਇਆ ਤਾਂ ਮਨਪ੍ਰੀਤ ਦੀ ਜਾਗ ਖੁੱਲ੍ਹ 'ਤੇ ਛੋਟੀ ਭੈਣ ਰਾਜਵੰਤ ਦੀ ਵੀ ਜਾਗ ਖੁੱਲ ਗਈ ਅਤੇ ਕੁਲਦੀਪ ਨਾਲ ਦੋਹਾਂ ਦੀ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਕੁਲਦੀਪ ਨੇ ਰਸੋਈ 'ਚ ਪਈ ਕੈਂਚੀ ਨਾਲ ਦੋਹਾਂ ਭੈਣਾਂ ਦਾ ਕਤਲ ਕਰ ਦਿੱਤਾ।

ਨੇਹਾ ਸ਼ੋਰੀ ਕਤਲਕਾਂਡ
ਮੋਹਾਲੀ ਦੇ ਖਰੜ ਵਿਖੇ ਸਿਹਤ ਵਿਭਾਗ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਦਫਤਰ 'ਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ (40), ਵਾਸੀ ਪੰਚਕੂਲਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਤਲ ਬਲਵਿੰਦਰ ਸਿੰਘ (56) ਪੁੱਤਰ ਗੁਰਬਚਨ ਸਿੰਘ ਵਾਸੀ ਮੋਰਿੰਡਾ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਂਚ 'ਚ ਸਾਹਮਣੇ ਆਇਆ ਕਿ ਦੋਸ਼ੀ ਦੀ ਮੋਰਿੰਡਾ 'ਚ ਕੈਮਿਸਟ ਦੀ ਦੁਕਾਨ ਸੀ, ਜਿਸ ਦਾ ਲਾਈਸੈਂਸ ਇੰਸਪੈਕਟਰ ਨੇਹਾ ਸ਼ੋਰੀ ਨੇ ਰੱਦ ਕਰ ਦਿੱਤਾ ਸੀ। ਇਸ ਗੱਲ ਕਾਰਨ ਬਲਵਿੰਦਰ ਸਿੰਘ ਪਰੇਸ਼ਾਨ ਸੀ ਅਤੇ ਉਸ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ। ਨੇਹਾ ਦੇ ਕਤਲ ਤੋਂ ਬਾਅਦ ਉਸ ਦੇ ਪਤੀ ਵਰੁਣ ਮੌਂਗਾ ਅਤੇ ਮਾਸੂਮ ਧੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਹਨ੍ਹੇਰੇ 'ਚ ਡੁੱਬ ਗਈ।

ਮੋਹਾਲੀ 'ਚ ਅਧਿਆਪਕਾ ਨੂੰ ਗੋਲੀਆਂ ਨਾਲ ਭੁੰਨਿਆ
ਖਰੜ ਦੇ ਸੰਨੀ ਇਨਕਲੇਵ ਸਥਿਤ ਨਾਲਜ ਬੱਸ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਨੂੰ 5 ਦਸੰਬਰ ਨੂੰ ਸਕੂਲ ਦੀ ਪਾਰਕਿੰਗ 'ਚ ਉਸ ਦੀ ਧੀ ਸਾਹਮਣੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਜਸਵਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ, ਜਿਸ ਤੋਂ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਉਸ ਨੇ ਖੁਲਾਸਾ ਕੀਤਾ ਕਿ ਸਰਬਜੀਤ ਕੌਰ ਦਾ ਕਤਲ ਉਸ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿਣ ਵਾਲੇ ਹਰਵਿੰਦਰ ਸਿੰਘ ਸੰਧੂ ਨੇ ਸੁਪਾਰੀ ਦੇ ਕੇ ਕਰਵਾਇਆ ਸੀ। ਪੁਲਸ ਨੇ ਇਸ ਮਾਮਲੇ 'ਚ ਹਰਵਿੰਦਰ ਸਿੰਘ ਸੰਧੂ ਦੀ ਮਾਂ ਸ਼ਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ 'ਚ ਜਾਨ ਲੈਣ ਲੱਗੀ ਹੱਡ ਚੀਰਵੀਂ 'ਠੰਡ', ਹੁਣ ਤੱਕ 8 ਲੋਕਾਂ ਦੀ ਮੌਤ
NEXT STORY