ਜਲੰਧਰ (ਵੈੱਬ ਡੈਸਕ): ਸਾਲ 2020 ਖ਼ਤਮ ਹੋਣ ਦੇ ਕੰਢੇ ’ਤੇ ਹੈ।ਇਸ ਵਰ੍ਹੇ ਵਿਦੇਸ਼ ਦੀ ਧਰਤੀ ’ਤੇ ਕਦੇ ਨਾ ਭੁੱਲਣ ਯੋਗ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ’ਚ ਜਿੱਥੇ ਪੰਜਾਬ ਦੇ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਗਈਆਂ, ਉੱਥੇ ਹੀ ਪੰਜਾਬ ’ਚ ਵੱਸਦੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵੀ ਉਜਾੜ ਕੇ ਰੱਖ ਦਿੱਤੇ। ਅੱਜ ‘ਜਗ ਬਾਣੀ’ ਤੁਹਾਨੂੰ ਸਾਲ 2020 ’ਚ ਵਿਦੇਸ਼ ਦੀ ਧਰਤੀ ’ਤੇ ਵਾਪਰੇ ਉਨ੍ਹਾਂ ਦਿਲ ਕੰਬਾਊ ਹਾਦਸਿਆਂ ਬਾਰੇ ਜਾਣੂ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਸਹਿਜੇ ਭੁਲਾਇਆ ਨਹੀਂ ਜਾ ਸਕਦਾ।
ਮੈਲਬੌਰਨ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਸੜਕ ਹਾਦਸੇ ’ਚ ਮੌਤ
ਸੂਬੇ ਦੇ ਖ਼ੇਤਰੀ ਇਲਾਕੇ ਮਲਡੂਰਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ 27 ਸਾਲਾ ਨੌਜਵਾਨ ਗਗਨਦੀਪ ਸਿੰਘ ਚਾਹਲ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਗਗਨਦੀਪ ਸਿੰਘ, ਜੋ ਕਿ ਪੇਸ਼ੇ ਵਜੋਂ ਟਰੱਕ ਚਾਲਕ ਸੀ, ਐਡੀਲੇਡ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਸੰਤੁਲਨ ਵਿਗੜਨ ਕਰਕੇ ਉਸ ਦਾ ਟਰੱਕ ਸੜਕ ਕੰਢੇ ਲੱਗੇ ਰੁੱਖਾਂ ਨਾਲ ਜਾ ਟਕਰਾਇਆ। ਹਾਦਸਾ ਇੰਨਾ ਭਿਆਨਕ ਸੀ ਕਿ ਰੁੱਖਾਂ ਨਾਲ ਟਕਰਾਉਂਦੇ ਸਾਰ ਹੀ ਟਰੱਕ ਨੇ ਅੱਗ ਫੜ੍ਹ ਲਈ ਅਤੇ ਗਗਨਦੀਪ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਸਕਿਆ। ਭਿਆਨਕ ਅੱਗ ਦੀ ਚਪੇਟ ’ਚ ਆਉਣ ਕਰਕੇ ਉਸ ਦੀ ਮੌਤ ਹੋ ਗਈ ਸੀ। ਮਿ੍ਰਤਕ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਸੀ। ਗਗਨਦੀਪ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਪਿੱਛੇ ਅੱਠ ਮਹੀਨਿਆਂ ਦੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ।
ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਦੀ ਦਰਦਨਾਕ ਹਾਦਸੇ ’ਚ ਮੌਤ
ਕੈਨੇਡਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਕੋਟ ਈਸੇ ਖਾਂ ਦੇ ਨੌਜਵਾਨ ਰਿਤਿਸ਼ ਛੋਟੜਾ ਦੀ ਮੌਤ ਹੋ ਗਈ ਸੀ। ਰਿਤਿਸ਼ ਕਈ ਸਾਲਾਂ ਤੋਂ ਕੈਨੇਡਾ ’ਚ ਬਤੌਰ ਵਿਦਿਆਰਥੀ ਸੀ ਅਤੇ ਚੰਗੇ ਭਵਿੱਖ ਲਈ ਕੈਨੇਡਾ ਗਿਆ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਨੂੰ ਭਾਰਤੀ ਸਮੇਂ ਮੁਤਾਬਕ ਤਕਰੀਬਨ 3-00 ਵਜੇ ਫੋਨ ਆਇਆ ਕਿ ਉਨ੍ਹਾਂ ਦੇ ਮੁੰਡੇ ਰਿਤਿਸ਼ ਛੋਟੜਾ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ।
ਫ਼ਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ
ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਦੇ ਪਰਿਵਾਰ ਨਾਲ ਉਸ ਸਮੇਂ ਭਾਣਾ ਵਾਪਰਿਆ ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਇਹ ਸੋਚ ਕੇ ਵਿਦੇਸ਼ ਭੇਜਿਆ ਸੀ ਕਿ ਉੱਚ ਸਿੱਖਿਆ ਲੈ ਕੇ ਉਹ ਆਪਣੀ ਜ਼ਿੰਦਗੀ ਬਿਹਤਰ ਬਣਾਏਗੀ ਪਰ ਕੁਦਰਤ ਦੀ ਅਣਹੋਣੀ ਨੇ ਸਾਰਿਆਂ ਦੇ ਸੁਪਨੇ ਚਕਨਾਚੂਰ ਕਰ ਦਿੱਤੇ। ਕੈਨੇਡਾ ਦੇ ਸ਼ਹਿਰ ਟਰਾਂਟੋ ’ਚ ਇਕ ਸੜਕ ਹਾਦਸੇ ’ਚ ਸ਼ੇਰਖਾਂ ਰਹਿ ਰਹੇ ਪਰਿਵਾਰ ਦੀ ਕੁੜੀ ਪਰਵਿੰਦਰ ਕੌਰ ਉਰਫ਼ ਪਰੀ ਦੀ ਮੌਤ ਹੋ ਗਈ ਅਤੇ ਉਸ ਸਮੇਂ ਉਨ੍ਹਾਂ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਕੈਨੇਡਾ ਰਹਿੰਦੇ ਫ਼ਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਫਿਰੋਜ਼ਪੁਰ ਦੇ ਨੌਜਵਾਨ ਮਨਪ੍ਰੀਤ ਸਿੰਘ ਦੀ ਵੀ ਟਰਾਂਟੋ (ਕੈਨੇਡਾ) ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਮਨਪ੍ਰੀਤ ਸਿੰਘ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮਨਪ੍ਰੀਤ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 2 ਸਾਲ ਤੋਂ ਮਨਪ੍ਰੀਤ ਸਿੰਘ ਆਪਣੀ ਪਤਨੀ ਸਮੇਤ ਕੈਨੇਡਾ ਵਿਖੇ ਵਰਕ ਪਰਮਿਟ ’ਤੇ ਗਿਆ ਸੀ ਅਤੇ ਟਰੱਕ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ’ਚ ਸੋਗ ਛਾ ਗਿਆ।
ਇਟਲੀ ’ਚ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਮੌਤ
ਇਟਲੀ ਦੇ ਜ਼ਿਲ੍ਹਾ ਬੈਰਗਾਮੋ ’ਚ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਕੰਮ ’ਤੇ ਜਾ ਰਹੇ ਪੰਜਾਬੀ ਨੌਜਵਾਨ ਸੰਤ ਸਿੰਘ (38) ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਸੰਤਾ ਸਿੰਘ ਸਾਈਕਲ ’ਤੇ ਸਵੇਰ ਸਮੇਂ ਖ਼ੇਤੀਬਾੜੀ ਦਾ ਕੰਮ ਕਰਨਾ ਜਾ ਰਿਹਾ ਸੀ ਕਿ ਪਿੱਛੋਂ ਇਕ ਕਾਰ ਵਲੋਂ ਮਾਰੀ ਜ਼ੋਰਦਾਰ ਟੱਕਰ ਕਾਰਨ ਉਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ। ਦੱਸ ਦੇਈਏ ਕਿ ਮਿ੍ਰਤਕ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਸਣੇ ਇਟਲੀ ਰਹਿ ਰਿਹਾ ਸੀ, ਜਿਸ ਦਾ ਸਬੰਧ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਨੇੜਲੇ ਪਿੰਡ ਧਨੌਲਾ (ਮਨੈਲਾ) ਨਾਲ ਹੈ। ਮਿ੍ਰਤਕ ਆਪਣੇ ਪਿੱਛੇ ਪਤਨੀ ਅਤੇ 5 ਸਾਲ ਦਾ ਪੁੱਤਰ ਛੱਡ ਗਿਆ।
ਅਮਰੀਕਾ ’ਚ 23 ਸਾਲਾ ਪੰਜਾਬੀ ਟਰੱਕ ਡਰਾਇਵਰ ਦੀ ਹਾਦਸੇ ’ਚ ਮੌਤ
ਅਮਰੀਕਾ ਦੇ ਬੇਕਰਸਫੀਲਡ ’ਚ ਰਹਿੰਦੇ ਇਕ 23 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਨੌਜਵਾਨ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ, ਜਿਸ ਦਾ ਪਿਛਲਾ ਪਿੰਡ ਧਰਮਕੋਟ ਜ਼ਿਲ੍ਹਾ ਮੋਗਾ ਨਾਲ ਸਬੰਧਤ ਹੈ। ਜਾਣਕਾਰੀ ਮੁਤਾਬਕ ਟਰੱਕ ਡਰਾਇਵਰ ਸਰਬਜੀਤ ਸਿੰਘ ਦਾ ਟਰੱਕ ਰੂਟ 1-40 ’ਤੇ ਇਕ ਰੈਸਟ ਏਰੀਏ ’ਚ ਖੜ੍ਹਾ ਸੀ, ਜਿਸ ਨੂੰ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰੀ ਅਤੇ ਸਰਬਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਕੈਨੇਡਾ ਦੇ ਡੈਲਟਾਪੋਰਟ ਦੇ ਰਾਹ ’ਤੇ ਇਕ ਹਾਦਸਾ ਵਾਪਰਿਆ। ਇਸ ਦਰਦਨਾਕ ਟਰੱਕ ਹਾਦਸੇ ’ਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕੇ ਜਾ ਰਿਹਾ ਸੀ ਕਿ ਅਗਿਉਂ ਆ ਰਿਹਾ ਟਰੱਕ ਉਸ ਦੇ ਟਰੱਕ ਨਾਲ ਸਿੱਧਾ ਜਾ ਟਕਰਾਇਆ। ਹਾਦਸੇ ਤੋਂ ਬਾਅਦ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਟਰੱਕ ਚਾਲਕ ਰਾਜਿੰਦਰ ਸਿੰਘ ਸਿੱਧੂ ਦੀਆਂ ਦੋਵੇਂ ਲੱਤਾਂ ਸੀਟ ’ਚ ਫਸ ਜਾਣ ਕਾਰਨ ਉਹ ਟਰੱਕ ’ਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਭਿਆਨਕ ਅੱਗ ਲੱਗਣ ਕਾਰਨ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਕੈਨੇਡਾ ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ
ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਸਰਹੱਦੀ ਪਿੰਡ ਗ੍ਰੰਥਗੜ੍ਹ ਦੇ ਨੌਜਵਾਨ ਕਰਮਬੀਰ ਸਿੰਘ ਕਰਮ ਅਤੇ ਉਸ ਦੇ ਦੋਸਤ ਦੀ ਉੱਥੇ ਇਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜਦੋਂ ਇਸ ਦੀ ਖ਼ਬਰ ਪਿੰਡ ਨੂੰ ਮਿਲੀ ਤਾਂ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਰਤਕ ਨੌਜਵਾਨ ਕਰਮਬੀਰ ਸਿੰਘ ਕਰਮ ਦੇ ਤਾਏ ਦੇ ਪੁੱਤਰ ਮਾਸਟਰ ਰਮਨਦੀਪ ਸਿੰਘ ਰੋਜ਼ੀ ਨੇ ਦੱਸਿਆ ਕਿ ਕਰਮਬੀਰ ਸਿੰਘ ਕਰਮ (23) 4 ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਥੋੜ੍ਹੀ ਦੂਰ ਥੰਡਰਬੇ ਹਾਈਵੇਅ ਨੰਬਰ ’ਤੇ ਸਵੇਰੇ ਭਿਆਨਕ ਸੜਕ ਹਾਦਸੇ ’ਚ ਉਸ ਦੇ ਟੈਂਕਰ ਦੀ ਇਕ ਹੋਰ ਟੈਂਕਰ ਨਾਲ ਟੱਕਰ ਹੋਣ ਕਾਰਨ ਉਸ ਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ 50 ਫੀਸਦੀ ਤੋਂ ਵੱਧ ਝੁਲਸ ਜਾਣ ਕਾਰਨ ਕਰਮਬੀਰ ਸਿੰਘ ਕਰਮ ਅਤੇ ਵਡਾਲਾ ਜੋਹਲ ਪਿੰਡ ਦੇ ਰਹਿਣ ਵਾਲੇ ਉਸ ਦੇ ਇਕ ਦੋਸਤ ਸਮੇਤ 2 ਹੋਰਨਾਂ ਕੈਨੇਡੀਅਨ ਵਸਨੀਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਐੱਚ. ਐੱਸ. ਫੂਲਕਾ ਨੂੰ ਡੂੰਘਾ ਸਦਮਾ, ਭਰਾ 'ਵਾਹਿਗੁਰੂ ਪਾਲ ਸਿੰਘ' ਦਾ ਦਿਹਾਂਤ
NEXT STORY