ਪਟਿਆਲਾ (ਬਲਜਿੰਦਰ, ਪਰਮੀਤ, ਰਾਣਾ, ਜਗਦੇਵ) : ਦਲਿਤਾਂ ਅਤੇ ਗਰੀਬ ਵਿਦਿਆਰਥੀਆਂ ਦੇ 64 ਕਰੋੜ ਰੁਪਏ ਦੇ ਘਪਲੇ ਤੋਂ ਭੜਕੇ ਯੂਥ ਅਕਾਲੀ ਦਲ ਨੇ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਹੈਪੀ ਅਤੇ ਦਿਹਾਤੀ ਪ੍ਰਧਾਨ ਇੰਦਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਅੱਜ ਡੀ. ਸੀ. ਦਫ਼ਤਰ ਦੇ ਬਾਹਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਸਾੜਿਆ।
ਇਸ ਮੌਕੇ ਵਿਸ਼ੇਸ਼ ਤੌਰ ਕੋਰ ਕਮੇਟੀ ਮੈਂਬਰ ਅਮਿਤ ਰਾਠੀ, ਸਾਬਕਾ ਮੇਅਰ ਅਤੇ ਕੋਰ ਕਮੇਟੀ ਅਮਰਿੰਦਰ ਬਜਾਜ, ਕੋਰ ਕਮੇਟੀ ਮੈਂਬਰ ਜਸਪਲ ਸਿੰਘ ਬਿੱਟੂ ਚੱਠਾ, ਕੋਰ ਕਮੇਟੀ ਮੈਂਬਰ ਹੈਰੀ ਮੁਖਮੈਲਪੁਰ, ਗੁਰਲਾਲ ਸਿੰਘ ਭੰਗੂ, ਵਿਕਰਮਜੀਤ ਚੌਹਾਨ ਵੀ ਪਹੁੰਚੇ ਹੋਏ ਸਨ। ਯੂਥ ਆਗੂਆਂ ਨੇ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਾਧੂ ਸਿੰਘ ਧਰਮਸੋਤ ਦਾ ਪੁਤਲਾਂ ਵੀ ਸਾੜਿਆ। ਯੂਥ ਅਕਾਲੀ ਆਗੂਆਂ ਨੇ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ।
ਇਸ ਮੌਕੇ ਪ੍ਰਧਾਨ ਅਵਤਾਰ ਹੈਪੀ ਅਤੇ ਇੰਦਰਜੀਤ ਰੱਖੜਾ ਨੇ ਕਿਹਾ ਕਿ ਸਾਰਾ ਪੰਜਾਬ ਲੁੱਟ ਕੇ ਵੀ ਕਾਂਗਰਸੀਆਂ ਦਾ ਢਿੱਡ ਨਹੀਂ ਭਰਿਆ ਅਤੇ ਕਾਂਗਰਸੀਆਂ ਨੇ ਹੁਣ ਗਰੀਬ ਅਤੇ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਵੀ ਡਕਾਰ ਗਏ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਪਹਿਲਾਂ ਮਾਈਨਿੰਗ ਨਾਲ ਪੰਜਾਬ ਲੁੱਟਿਆ ਤਾਂ ਵੀ ਮੁੱਖ ਮੰਤਰੀ ਨਹੀਂ ਬੋਲੇ, ਫਿਰ ਨਕਲੀ ਤੇ ਜ਼ਹਿਰੀਲੀ ਸ਼ਰਾਬ ਦੇ ਨਾਮ 'ਤੇ ਲੁੱਟ ਮਚਾਈ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨਾ ਬੋਲੇ ਅਤੇ ਹੁਣ ਤਾਂ ਹੱਦ ਹੋ ਗਈ ਕਿ ਗਰੀਬ ਅਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਵੀ ਲੁੱਟ ਲਏ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨਹੀਂ ਬੋਲ ਰਹੇ ਅਤੇ ਉਲਟਾ ਮੁੱਖ ਸਕੱਤਰ ਨੂੰ ਜਾਂਚ ਸੌਂਪ ਕੇ ਮਾਮਲੇ ਨੂੰ ਰਫਾ-ਦਫਾ ਕਰਨ ਦੇ ਚੱਕਰ 'ਚ ਹਨ।
ਯੂਥ ਆਗਆਂ ਨੇ ਕਿਹਾ ਕਿ ਜਦੋਂ ਤੱਕ ਸਾਧੂ ਸਿੰਘ ਧਰਮਸੋਤ ਮਹਿਕਮੇ ਦੇ ਮੰਤਰੀ ਹਨ ਤਾਂ ਫਿਰ ਨਿਰਪੱਖ ਜਾਂਚ ਕਿਸ ਤਰ੍ਹਾਂ ਹੋ ਸਕਦੀ ਹੈ। ਪ੍ਰਧਾਨ ਹੈਪੀ ਅਤੇ ਰੱਖੜਾ ਨੇ ਮੰਗ ਕੀਤੀ ਕਿ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਸ ਦੇ ਖਿਲਾਫ਼ ਕੇਸ ਦਰਜ ਕੀਤਾ ਜਾਵੇ, ਤਾਂ ਕਿ ਸੂਬੇ ਦੇ ਗਰੀਬ ਅਤੇ ਦਲਿਤ ਵਿਦਿਆਰਥੀਆਂ ਨੂੰ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਹਿਲਾਂ 125 ਜਾਨਾਂ ਜਾਣ ਤੋਂ ਬਾਅਦ ਵੀ ਜ਼ਹਿਰੀਲੀ ਸ਼ਰਾਬ ਦੀ ਜਾਂਚ ਨੂੰ ਰੌਲ ਕੇ ਰੱਖ ਦਿੱਤਾ, ਇਸ ਤੋਂ ਪਹਿਲਾਂ 5600 ਕਰੋੜ ਦੇ ਸ਼ਰਾਬ ਘਪਲੇ 'ਤੇ ਮਿੱਟੀ ਪਾ ਦਿੱਤੀ ਪਰ ਹੁਣ ਯੂਥ ਅਕਾਲੀ ਦਲ ਕਾਂਗਰਸ ਨੂੰ ਦਲਿਤਾਂ ਦੇ ਹੱਕਾਂ 'ਤੇ ਡਾਕੇ ਨਹੀਂ ਮਾਰਨ ਦੇਵੇਗੀ।
ਪ੍ਰਧਾਨ ਹੈਪੀ ਅਤੇ ਰੱਖੜਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਸੂਬੇ ਦੇ ਕਿਸਾਨਾ, ਮਜ਼ਦੂਰਾਂ, ਨੌਜਵਾਨਾ, ਦਲਿਤਾਂ ਨਾਲ ਕੋਜਾ ਮਜ਼ਾਕ ਕੀਤਾ ਅਤੇ ਹੁਣ ਜਦੋਂ ਸੂਬੇ 'ਚੋਂ ਬੋਰੀ-ਬਿਸਤਰਾ ਗੋਲ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਕਾਂਗਰਸ ਨੇ ਲੁੱਟ ਮਚਾ ਦਿੱਤੀ ਹੈ। ਪੰਜਾਬ ਨੂੰ ਦੋਹਾਂ ਹੱਥਾਂ ਨਾਲ ਲੁੱਟਣ ਲੱਗੇ ਹੋਏ ਹਨ। ਇਸ ਮੌਕੇ ਹਰਪ੍ਰੀਤ ਸਿੰਘ ਨਾਭਾ, ਡਾ. ਸੈਫੀ, ਮਨਪ੍ਰੀਤ ਸਿੰਘ ਲੱਕੀ, ਨੀਰਜ਼ ਠਾਕੁਰ, ਸ਼ਿਵਮ, ਗੋਰਾ, ਕਾਰਜ ਵਿਰਕ, ਬਲਵੰਤ ਸਿੰਘ, ਅਜੀਤਪਾਲ ਸਿੰਘ, ਨਮਨ ਆਦਿ ਸਮੇਤ ਵਿਸ਼ੇਸ਼ ਤੌਰ 'ਤੇ ਯੂਥ ਆਗੂ ਵੀ ਹਾਜ਼ਰ ਸਨ।
ਖੰਨਾ : ਲੋਕਾਂ ਦੇ ਦਿਲਾਂ ਨੂੰ ਛੂਹ ਗਿਆ 'ਅਨੋਖਾ ਵਿਆਹ', ਦੂਰ-ਦੂਰ ਤੱਕ ਹੋ ਰਹੀਆਂ ਸਿਫ਼ਤਾਂ
NEXT STORY