ਸੰਗਤ ਮੰਡੀ (ਮਨਜੀਤ) : ਬੀਤੇ ਦਿਨੀਂ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਸੰਗਤ ਕੈਂਚੀਆਂ ਨੇੜੇ ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ ਦੌਰਾਨ ਜ਼ਖਮੀ ਹੋਏ ਮਾਪਿਆਂ ਦੇ ਇਕਲੌਤੇ ਪੁੱਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਹਿਤਾ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਜੋ ਕਿ ਰਾਮਾ ਮੰਡੀ ਸਥਿਤ ਰਿਫਾਈਨਰੀ ਵਿਚ ਨੌਕਰੀ ਕਰਦਾ ਸੀ। ਬੀਤੇ ਕੱਲ੍ਹ ਉਹ ਆਪਣੀ ਡਿਊਟੀ ਕਰ ਕੇ ਮੋਟਰਸਾਈਕਲ ’ਤੇ ਆਪਣੇ ਘਰ ਵਾਪਸ ਜਾ ਰਿਹਾ ਸੀ।
ਰਸਤੇ ਵਿਚ ਬਠਿੰਡਾ ਤੋਂ ਡੱਬਵਾਲੀ ਜਾਣ ਵਾਲੀ ਪੀ. ਆਰ. ਟੀ. ਸੀ. ਬੱਸ ਨਾਲ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਪ੍ਰਾਈਵੇਟ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜੋ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਇਸ ਘਟਨਾ ਦਾ ਪਤਾ ਲੱਗਣ ਤੇ ਪੂਰੇ ਪਿੰਡ ’ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ।
ਮ੍ਰਿਤਕ ਦਾ ਦੇਰ ਸ਼ਾਮ ਪਿੰਡ ਮਹਿਤਾ ਵਿਖੇ ਸਸਕਾਰ ਕਰ ਦਿੱਤਾ ਹੈ। ਥਾਣਾ ਸੰਗਤ ਪੁਲਸ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੀ. ਆਰ. ਟੀ. ਸੀ. ਬਠਿੰਡਾ ਡੀਪੂ ਦੇ ਬੱਸ ਡਰਾਈਵਰ ਤਰਸੇਮ ਸਿੰਘ ਵਾਸੀ ਪਿੰਡ ਮਾਨਾਂ ਥਾਣਾ ਲੰਬੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY