ਬਠਿੰਡਾ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨੇੜੇ ਬੇਸਹਾਰਾ ਪਸ਼ੂ ਕਾਰਨ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋਣ ਦਾ ਦੁਖ਼ਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਭੂਸ਼ਣ ਕੁਮਾਰ ਵਾਸੀ ਮੰਡੀ ਡੱਬਵਾਲੀ ਵਜੋਂ ਹੋਈ ਹੈ। ਨੌਜਵਾਨ ਪਿੰਡਾਂ ’ਚ ਕਰਿਆਨੇ ਦੀਆਂ ਦੁਕਾਨਾਂ ’ਤੇ ਪਰਚੂਨ ਦਾ ਸਾਮਾਨ ਸਪਲਾਈ ਕਰਨ ਦਾ ਕੰਮ ਕਰਦਾ ਸੀ ਅਤੇ ਹਾਦਸੇ ਸਮੇਂ ਵੀ ਉਹ ਆਪਣਾ ਕੰਮ ਪੂਰਾ ਕਰ ਕੇ ਵਾਪਸ ਡੱਬਵਾਲੀ ਵੱਲ ਜਾ ਰਿਹਾ ਸੀ। ਇਸ ਸਬੰਧੀ ਪੁਲਸ ਚੌਂਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਗਨਦੀਪ ਸਿੰਘ ਆਪਣੀ ਕਾਰ ’ਤੇ ਪਿੰਡਾਂ ’ਚ ਸਥਿਤ ਕਰਿਆਨੇ ਦੀਆਂ ਦੁਕਾਨਾਂ ’ਤੇ ਸਾਮਾਨ ਸਪਲਾਈ ਕਰਨ ਲਈ ਜਾਂਦਾ ਸੀ। ਬੀਤੀ ਸ਼ਾਮ ਵੀ ਉਹ ਪਿੰਡਾਂ ’ਚ ਸਮਾਨ ਦੀ ਸਪਲਾਈ ਕਰਨ ਉਪਰੰਤ ਆਪਣੀ ਕਾਰ ਰਾਹੀਂ ਮੰਡੀ ਡੱਬਵਾਲੀ ਵਾਪਸ ਜਾ ਰਿਹਾ ਸੀ।
ਜਦੋਂ ਉਹ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪਿੰਡ ਪਥਰਾਲਾ ਨੇੜੇ ਪਹੁੰਚਿਆ ਤਾਂ ਸੜਕ ’ਤੇ ਅਚਾਨਕ ਇਕ ਬੇਸਹਾਰਾ ਪਸ਼ੂ ਆ ਜਾਣ ਕਾਰਨ ਉਸ ਦੀ ਕਾਰ ਹਾਦਸਾਗ੍ਰਸਤ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗਗਨਦੀਪ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਰਾਹਗੀਰਾਂ ਦੀ ਭੀੜ ਇਕੱਠੀ ਹੋ ਗਈ ਅਤੇ ਰਾਹਗੀਰਾਂ ਵੱਲੋਂ ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਹਸਪਤਾਲ ’ਚ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਲਈ ਇਲਾਜ ਕੀਤਾ ਗਿਆ ਪਰ ਗੰਭੀਰ ਸੱਟਾਂ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲੇ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਦੇ ਮਕਾਨਾਂ 'ਚ ਲਿਫਟ ਲਾਉਣ ਨੂੰ ਮਨਜ਼ੂਰੀ! ਸੋਲਰ ਪੈਨਲ ਲਈ ਵੀ NOC ਦੀ ਲੋੜ ਨਹੀਂ
NEXT STORY