ਰੂਪਨਗਰ (ਸੱਜਣ ਸੈਣੀ)— ਜ਼ੋਮੈਟੋ ਡਿਲਿਵਰੀ ਕੰਪਨੀ ਦੇ ਕਰਿੰਦਿਆਂ ਵੱਲੋਂ ਰੂਪਨਗਰ ਦੇ ਮਸ਼ਹੂਰ ਕੁੰਦਨ ਪਰਾਠਾ ਦੁਕਾਨ ਦੇ ਮਾਲਕ ਦੇ ਸਿਰ 'ਤੇ ਇੱਟ ਨਾਲ ਹਮਲਾ ਕਰਕੇ ਸਿਰ ਪਾੜ ਦਿੱਤਾ ਗਿਆ। ਇਸ ਤੋਂ ਬਾਅਦ ਪਰਾਠਾ ਸ਼ਾਪ ਦੇ ਮਾਲਕ ਨੂੰ ਰੂਪਨਗਰ ਦੇ ਸਿਵਲ ਹਸਪਤਾਲ 'ਚ ਇਲਾਜ 'ਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਕੋਟਲਾ ਨਿਹੰਗ ਜ਼ਿਲਾ ਰੂਪਨਗਰ ਦੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਗੀ ਮੈਡੀਕਲ ਸਟੋਰ ਨੇੜੇ ਸਿਟੀ ਕੈਪਲੈਕਸ ਮਾਰਕੀਟ 'ਚ 21 ਨੰਬਰ 'ਚ ਉਸ ਦੀ ਕੁੰਦਨ ਪਰਾਠਾ ਹਾਊਸ ਦੇ ਨਾਮ 'ਤੇ ਦੁਕਾਨ ਹੈ ਅਤੇ ਖਾਣ ਲਈ ਸਮਾਨ ਘਰ ਵੀ ਤਿਆਰ ਕੀਤਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਜ਼ੋਮੈਟੋ 'ਤੇ ਇਕ ਪਲੇਟ ਪੂਰੀ ਪਨੀਰ ਅਤੇ ਇਕ ਪਲੇਟ ਰੋਟੀ ਦਾ ਆਰਡਰ ਆਇਆ ਸੀ। ਜਿਸ ਨੂੰ ਉਨ੍ਹਾਂ ਵੱਲੋਂ ਤਿਆਰ ਕਰਵਾ ਦਿੱਤਾ ਗਿਆ। ਬਲਵਿੰਦਰ ਨੇ ਦੱਸਿਆ ਕਿ ਜਦੋਂ ਉਹ ਪਹਿਲੇ ਆਰਡਰ ਦੀ ਡਿਲਿਵਰੀ ਦੇ ਕੇ ਆਪਣੀ ਦੁਕਾਨ 'ਤੇ ਪਹੁੰਚਿਆ ਤਾਂ ਉਥੇ ਖੜ੍ਹੇ ਜ਼ੋਮੈਟੋ ਦੇ ਕਰਿੰਦੇ ਨੇ ਇਹ ਕਹਿ ਕੇ ਆਰਡਰ ਰੱਦ ਕਰਵਾ ਦਿੱਤਾ ਕਿ ਦੁਕਾਨ ਬੰਦ ਹੈ ਜਦੋਂ ਕਿ ਦੁਕਾਨ ਖੁੱਲ੍ਹੀ ਸੀ। ਪੀੜਤ ਬਲਵਿੰਦਰ ਅਨੁਸਾਰ ਜਦੋਂ ਉਸ ਨੇ ਇਸ ਦੀ ਸ਼ਿਕਾਇਤ ਜ਼ੋਮੈਟੋ ਦੇ ਕਸਟਮਰ ਕੇਅਰ 'ਤੇ ਕਰਨ ਲਈ ਫੋਨ ਲਗਾਇਆ। ਇਸ ਦੌਰਾਨ ਗੁੱਸੇ 'ਚ ਆਏ ਜ਼ੋਮੈਟੋ ਦੇ ਕਰਿੰਦਿਆਂ ਨੇ ਪਿੱਛੋ ਆ ਕੇ ਉਸ 'ਤੇ ਇੱਟ ਨਾਲ ਹਮਲਾ ਕਰ ਦਿੱਤਾ, ਜੋ ਉਸ ਦੇ ਸਿਰ 'ਚ ਜਾ ਲੱਗੀ। ਜਿਸ ਦੇ ਬਾਅਦ ਜ਼ਖਮੀ ਹਾਲਤ 'ਚ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹੇਰਾਫੇਰੀ ਵੀ ਕਰਦੇ ਨੇ ਜ਼ੋਮੈਟੋ ਦੇ ਕਰਿੰਦੇ
ਬਲਵਿੰਦਰ ਨੇ ਜ਼ੋਮੈਟੋ ਦੇ ਕਰਿੰਦਿਆਂ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਪਹਿਲਾ ਤੋਂ ਹੀ ਕੰਪਨੀ ਨਾਲ, ਗਾਹਕਾਂ ਨਾਲ ਅਤੇ ਦੁਕਾਨਦਾਰਾਂ ਨਾਲ ਹੇਰਾਫੇਰੀ ਕਰਦੇ ਆ ਰਹੇ ਹਨ। ਕਈ ਵਾਰ ਬਿਨ੍ਹਾਂ ਡਿਲਿਵਰ ਦਿੱਤੇ ਹੀ ਗਾਹਕਾਂ ਦਾ ਫੋਨ ਨੰਬਰ ਲੈ ਕੇ ਕਾਲ ਕਰਵਾ ਕੇ ਡਿਲੀਵਰੀ ਸ਼ੋ ਕਰ ਦਿੰਦੇ ਹਨ ਜਦੋਂ ਕਿ ਗਾਹਕਾਂ ਨੂੰ ਡਿਲਿਵਰੀ ਮਿਲੀ ਵੀ ਨਹੀਂ ਹੁੰਦੀ। ਇਸੇ ਤਰ੍ਹਾਂ ਆਪਣੇ ਫਰਜ਼ੀ ਗਾਹਕਾਂ ਤੋਂ ਪਹਿਲਾਂ ਆਰਡਰ ਪਵਾ ਦਿੰਦੇ ਹਨ ਅਤੇ ਜਦੋਂ ਦੁਕਾਨਾਂ ਤੋਂ ਡਿਲੀਵਰੀ ਚਲੀ ਜਾਂਦੀ ਹੈ ਤਾਂ ਇਹ ਜਾਣ ਬੁੱਝ ਕੇ ਉਸ ਨੂੰ ਰੱਦ ਕਰਵਾ ਦਿੰਦੇ ਹਨ ਜਦੋਂ ਕਿ ਆਰਡ ਕੀਤਾ ਸਮਾਨ ਇਹ ਖੁਦ ਹੀ ਮਿਲ ਕੇ ਖਾ ਜਾਂਦੇ ਹਨ। ਕੰਪਨੀਆਂ ਨੂੰ ਧੋਖਾ ਦੇ ਕੇ ਦੋ-ਦੋ ਕੰਪਨੀਆਂ 'ਚ ਕੰਮ ਕਰਦੇ ਨੇ ਜਿਸ ਕਰਕੇ ਗਾਹਕਾਂ ਦੇ ਆਰਡਰ ਵੀ ਅਕਸਰ ਲੇਟ ਡਿਲਿਵਰ ਹੁੰਦੇ ਹਨ। ਪੀੜਤ ਬਲਵਿੰਦਰ ਅਨੁਸਾਰ ਇਸੇ ਸਬੰਧੀ ਉਸ ਨੇ ਫੋਨ 'ਤੇ ਸ਼ਿਕਾਇਤ ਕੀਤੀ ਸੀ, ਜਿਸ ਕਰਕੇ ਉਸ 'ਤੇ ਹਮਲਾ ਕੀਤਾ ਗਿਆ ਹੈ। ਪੀੜਤ ਨੇ ਮਾਮਲੇ 'ਚ ਪੁਲਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਜਾਂਚ ਅਧਿਕਾਰੀ ਦਾ
ਦੂਜੇ ਪਾਸੇ ਜਦੋਂ ਇਸ ਮਾਮਲੇ 'ਚ ਥਾਣਾ ਸਿਟੀ ਪੁਲਸ ਦੇ ਜਾਂਚ ਅਧਿਕਾਰੀ ਸੁੱਚਾ ਰਾਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਕਾਲੀ ਦਲ ਨੇ ਦਿੱਲੀ ਚੋਣਾਂ ਲਈ ਤਿੰਨ ਮੈਂਬਰੀ ਕਮੇਟੀ ਬਣਾਈ
NEXT STORY