ਜਲੰਧਰ (ਸ਼ਾਹ)— ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ 'ਜਗ ਬਾਣੀ' ਵੱਲੋਂ ਜਲੰਧਰ ਅੰਕ 'ਚ ਵਿਸ਼ੇਸ਼ ਤੌਰ 'ਤੇ ਮੁੱਦਾ ਚੁੱਕਿਆ ਗਿਆ ਸੀ। ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪੁਲਸ ਨੀਂਦ ਤੋਂ ਤਾਂ ਜ਼ਰੂਰ ਜਾਗੀ ਪਰ ਪੂਰੀ ਤਰ੍ਹਾਂ 'ਐਕਸ਼ਨ' ਵਿਚ ਨਹੀਂ ਦਿਸੀ। ਬੁੱਧਵਾਰ 'ਜਗ ਬਾਣੀ' ਦੀ ਟੀਮ ਨੇ ਜਦੋਂ ਫਿਰ ਤੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਣ ਨੂੰ ਮਿਲਿਆ ਕਿ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਸਥਿਤ ਇਕ ਸਕੂਲ ਦੇ ਬਾਹਰ ਸੜਕ 'ਤੇ ਸਕੂਲ ਦੀਆਂ ਬੱਸਾਂ ਖੜ੍ਹੀਆਂ ਸਨ। ਸਕੂਲ 'ਚ ਕਈ ਸਕੂਲਾਂ ਦੇ ਬੱਚੇ ਪ੍ਰੀਖਿਆ ਦੇਣ ਆਏ ਹੋਏ ਸਨ। ਪ੍ਰੀਖਿਆ ਖਤਮ ਹੋਣ ਤੋਂ ਬਾਅਦ ਜਦੋਂ ਬੱਚੇ ਸਕੂਲ 'ਚੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਸੜਕ 'ਤੇ ਹੀ ਖੜ੍ਹੀਆਂ ਬੱਸਾਂ 'ਤੇ ਚੜ੍ਹਾਅ ਦਿੱਤਾ ਗਿਆ।
ਇਸ ਮੌਕੇ ਦੇਖਿਆ ਗਿਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਪੁਲਸ ਕਰਮਚਾਰੀ ਤਾਂ ਜ਼ਰੂਰ ਤਾਇਨਾਤ ਸਨ ਪਰ ਉਨ੍ਹਾਂ ਨੇ ਵੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਜ਼ਰੂਰੀ ਕਦਮ ਨਹੀਂ ਚੁੱਕਿਆ। ਇਸ ਤਰ੍ਹਾਂ ਪੁਲਸ ਕਰਮਚਾਰੀ ਉਥੇ ਖੜ੍ਹੇ ਸਭ ਕੁਝ ਦੇਖਦੇ ਰਹੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਅਦਾਲਤ ਵੱਲੋਂ ਜਾਰੀ ਕੀਤੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਦੀਆਂ ਰਹੀਆਂ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਸਕੂਲ ਬੱਸਾਂ ਦੇ ਹੋਏ ਹਾਦਸਿਆਂ ਨੂੰ ਦੇਖਦਿਆਂ ਅਦਾਲਤ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਖਤ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ 'ਚ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਬੱਸਾਂ 'ਚੋਂ ਸਕੂਲ ਦੇ ਅੰਦਰ ਜਾ ਕੇ ਹੀ ਉਤਾਰਿਆ ਜਾਵੇਗਾ ਅਤੇ ਛੁੱਟੀ ਹੋਣ 'ਤੇ ਸਕੂਲ ਦੇ ਅੰਦਰੋਂ ਹੀ ਬੱਸਾਂ 'ਚ ਚੜ੍ਹਾਇਆ ਜਾਵੇਗਾ ਪਰ ਅੱਜ ਕਲ ਇਨ੍ਹਾਂ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ।
ਕੀ ਕਿਸੇ ਵੱਡੇ ਹਾਦਸੇ ਤੋਂ ਬਾਅਦ ਜਾਗੇਗਾ ਪ੍ਰਸ਼ਾਸਨ?
ਜਿਸ ਤਰ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਜਾਰੀ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਤੋਂ ਬਾਅਦ ਹੀ ਜਾਗੇਗਾ। ਨੈਸ਼ਨਲ ਹਾਈਵੇ ਹੋਣ ਕਾਰਨ ਇਥੋਂ ਰੋਜ਼ਾਨਾ ਹਜ਼ਾਰਾਂ ਬੱਸਾਂ ਲੰਘਦੀਆਂ ਹਨ ਪਰ ਸਕੂਲ ਬੱਸਾਂ ਦੇ ਸੜਕ 'ਤੇ ਹੀ ਖੜ੍ਹੇ ਰਹਿਣ ਨਾਲ ਇੱਥੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਜਿਸ ਕਾਰਨ ਹਾਦਸਾ ਹੋਣ ਦਾ ਸ਼ੱਕ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇ ਤਾਂ ਕਿ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
ਧਰਨਾ ਲਾਓਗੇ ਤਾਂ ਨੁਕਸਾਨ ਤੁਹਾਡੇ ਬੱਚਿਆਂ ਦਾ ਹੋਵੇਗਾ
NEXT STORY