ਸਮਰਾਲਾ (ਬੰਗੜ, ਗਰਗ) : ਸਮਰਾਲਾ ਇਲਾਕੇ ਵਿਚ ਹਮੇਸ਼ਾ ਹੀ ਵਿਵਾਦਾਂ ਵਿਚ ਰਹਿਣ ਵਾਲੇ ਸਭ ਤੋਂ ਮਹਿੰਗੇ ਨਿੱਜੀ ਸਕੂਲ ਦੀਆਂ ਖਾਮੀਆਂ ਕਾਰਨ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਹੋਏ ਮਾਪੇ ਸਕੂਲ 'ਚ ਇਕੱਠੇ ਹੋਏ। ਮਾਪਿਆਂ ਵਲੋਂ ਚਿੰਤਾ ਜ਼ਾਹਰ ਕੀਤੀ ਗਈ ਕਿ ਸਕੂਲ ਵਲੋਂ ਬੱਚਿਆਂ ਨੂੰ ਨਾਜਾਇਜ਼ ਰੂਪ ਵਿਚ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਬੱਚਿਆਂ ਦੇ ਬੈਗ ਉਨ੍ਹਾਂ ਤੋਂ ਸੰਭਾਲੇ ਨਹੀਂ ਜਾਂਦੇ। ਭਾਰੇ ਬਸਤਿਆਂ ਕਾਰਨ ਕਈ ਬੱਚੇ ਤਾਂ ਪਿੱਠ ਦਰਦ ਤੋਂ ਪੀੜਤ ਹੋ ਚੁੱਕੇ ਹਨ। ਐਨਾ ਹੀ ਨਹੀਂ, ਮਾਪਿਆਂ ਦਾ ਇਹ ਵੀ ਦੋਸ਼ ਸੀ ਕਿ ਸਕੂਲ ਦੇ ਬਾਥਰੂਮਾਂ ਦੀ ਹਾਲਤ ਬਦਤਰ ਸੀ ਤੇ ਕਿਤਾਬਾਂ ਵੀ ਸਕੂਲ ਵਿਚੋਂ ਮਹਿੰਗੇ ਮੁੱਲ ਦਿੱਤੀਆਂ ਜਾ ਰਹੀਆਂ ਸਨ। ਜਾਣਕਾਰੀ ਅਨੁਸਾਰ ਸਮਰਾਲਾ ਦੇ ਨੇੜੇ ਬਣੇ ਇਕ ਪ੍ਰਾਈਵੇਟ ਤੇ ਮਹਿੰਗੇ ਸਕੂਲ ਵਲੋਂ ਬੱਚਿਆਂ ਲਈ ਸਕੂਲ ਵੈਨਾਂ ਦੇ ਪ੍ਰਬੰਧਾਂ ਵਿਚ ਨਾਕਸ ਪ੍ਰਬੰਧ ਕਾਰਨ ਅਨੇਕਾਂ ਵਾਰ ਇਹ ਸਕੂਲ ਵੈਨਾਂ ਥਾਣਿਆਂ ਵਿਚ ਬੰਦ ਕੀਤੀਆਂ ਜਾ ਚੁੱਕੀਆਂ ਹਨ। ਇਸ ਤਰ੍ਹਾਂ ਵਿਵਾਦਾਂ ਵਿਚ ਘਿਰਨ ਵਾਲੇ ਇਸ ਸਕੂਲ ਵਿਚ ਅੱਜ ਵਿਦਿਆਰਥੀਆਂ ਦੇ ਮਾਪੇ ਇਕੱਠੇ ਹੋਏ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਸਕੂਲ ਦੀਆਂ ਕਿਤਾਬਾਂ ਦਾ ਭਾਰ ਚੁੱਕਣ ਤੋਂ ਅਸਮਰੱਥ ਹਨ।
ਇਲਾਕੇ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਸਕੂਲ ਵਿਚ ਬਾਥਰੂਮਾਂ ਦੀ ਹਾਲਤ ਬੇਹੱਦ ਮਾੜੀ ਹੈ। ਬੱਚਿਆਂ ਦੇ ਵਜ਼ਨ ਦੇ ਬਰਾਬਰ ਦੀਆਂ ਕਿਤਾਬਾਂ ਉਨ੍ਹਾਂ ਲਈ ਸਿਰਦਰਦੀ ਦਾ ਕਾਰਨ ਬਣੀਆਂ ਹੋਈਆਂ ਹਨ। ਜ਼ਿਆਦਾ ਕਿਤਾਬਾਂ ਹੋਣ ਪਿੱਛੇ ਸਕੂਲ ਦੀ ਲਾਲਸਾ ਲੁਕੀ ਹੋਈ ਹੈ। ਸਕੂਲ ਵਲੋਂ ਬੱਚਿਆਂ ਨੂੰ ਕਿਤਾਬਾਂ ਮਹਿੰਗੇ ਮੁੱਲ ਦਿੱਤੀਆਂ ਜਾਣ ਕਾਰਨ ਹੀ ਕਿਤਾਬਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਇਨ੍ਹਾਂ ਸਾਰੇ ਮਸਲਿਆਂ ਸਬੰਧੀ ਇਕੱਠੇ ਹੋਏ ਮਾਪੇ ਪਹਿਲਾਂ ਸਕੂਲ ਦੀ ਵਾਈਸ ਪ੍ਰਿੰਸੀਪਲ ਨੂੰ ਮਿਲੇ, ਜਿਨ੍ਹਾਂ ਵਲੋਂ ਮਾਪਿਆਂ ਦੀ ਤਸੱਲੀ ਕਰਵਾਉਣ ਲਈ ਸਕੂਲ ਦੇ ਬਾਥਰੂਮ ਵਗੈਰਾ ਚੈੱਕ ਕਰਵਾ ਦਿੱਤੇ ਗਏ। ਇਸੇ ਦੌਰਾਨ ਮੌਕੇ 'ਤੇ ਪੁੱਜੀ ਪ੍ਰਿੰਸੀਪਲ ਵਲੋਂ ਮਾਪਿਆਂ ਨੂੰ ਅਸਿੱਧੇ ਰੂਪ ਵਿਚ ਇਹ ਧਮਕੀ ਦਿੱਤੀ ਗਈ ਕਿ ਜੇਕਰ ਧਰਨਾ ਲੱਗਦਾ ਹੈ ਤਾਂ ਸਕੂਲ ਦਾ ਕੁਝ ਨਹੀਂ ਵਿਗੜੇਗਾ, ਸਗੋਂ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਹੀ ਨੁਕਸਾਨ ਹੋਵੇਗਾ। ਇਸੇ ਦੌਰਾਨ ਪ੍ਰਿੰਸੀਪਲ ਨੇ ਇਹ ਗੱਲ ਮੰਨੀ ਕਿ ਉਹ ਸਕੂਲ ਦੇ ਪ੍ਰਬੰਧਾਂ ਨੂੰ ਸੁਧਾਰ ਲੈਣਗੇ ਪਰ ਅਖਬਾਰ ਵਿਚ ਖ਼ਬਰ ਨਾ ਲਵਾਇਓ।
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਂਦੇ ਨੇ ਗਿਫ਼ਟ?
ਸਭ ਤੋਂ ਵੱਧ ਫੀਸਾਂ ਵਸੂਲਣ ਤੇ ਬੱਚਿਆਂ ਨੂੰ ਸਹੀ ਸਹੂਲਤਾਂ ਨਾ ਦੇਣ ਕਾਰਨ ਵਿਵਾਦਾਂ 'ਚ ਰਹਿਣ ਵਾਲੇ ਸਕੂਲ ਵਲੋਂ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤਿਉਹਾਰਾਂ ਮੌਕੇ ਵੱਡੇ ਗਿਫਟ ਮੁਹੱਈਆ ਕਰਵਾਉਣ ਦੀ ਗੱਲ ਵੀ ਸਾਹਮਣੇ ਆਈ ਹੈ। ਵਿਵਾਦਾਂ ਮੌਕੇ ਮਾਪੇ ਇਸੇ ਕਾਰਨ ਆਪਣਾ ਮੰਗ-ਪੱਤਰ ਪ੍ਰਸ਼ਾਸਨ ਅਧਿਕਾਰੀਆਂ ਨੂੰ ਸੌਂਪਣ ਤੋਂ ਗੁਰੇਜ ਕਰਦੇ ਹਨ। ਵੈਨ ਪ੍ਰਬੰਧਾਂ ਵਿਚ ਵੀ ਇਸੇ ਕਾਰਨ ਕਾਨੂੰਨ ਤੋੜਨ ਦੀਆਂ ਮਨਆਈਆਂ ਚੱਲ ਰਹੀਆਂ ਹਨ।
ਬੱਚੇ ਭਾਰੇ ਬਸਤੇ ਲੈ ਕੇ ਚੜ੍ਹਦੇ ਨੇ ਚੌਥੀ ਮੰਜ਼ਿਲ 'ਤੇ
ਸਕੂਲ ਦੇ ਇਤਰਾਜ਼ਯੋਗ ਪ੍ਰਬੰਧਾਂ ਵਿਚ ਇਹ ਗੱਲ ਵੀ ਸ਼ਾਮਿਲ ਹੈ ਕਿ 10 ਕੁ ਸਾਲਾਂ ਦੇ ਛੋਟੇ-ਛੋਟੇ ਬੱਚੇ ਵੱਡੇ-ਵੱਡੇ ਬਸਤਿਆਂ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਚੌਥੀ ਮੰਜ਼ਿਲ 'ਤੇ ਬਣੇ ਆਪਣੇ ਕਲਾਸਰੂਮਾਂ ਵਿਚ ਪਹੁੰਚਦੇ ਹਨ। ਆਪਣੇ ਵਜ਼ਨ ਜਿੰਨੀਆਂ ਕਿਤਾਬਾਂ ਚੁੱਕੀ ਇਹ ਬੱਚੇ ਸਕੂਲ ਜਾਣ ਮੌਕੇ ਕਰੀਬ 60 ਪੌੜੀਆਂ ਚੜ੍ਹਦੇ ਹਨ ਤੇ 60 ਉਤਰਦੇ ਹਨ। ਸਕੂਲ ਦਾ ਇਹ ਫੈਸਲਾ ਬਹੁਤ ਹੈਰਾਨੀਜਨਕ ਹੈ ਕਿ ਛੋਟੇ ਬੱਚੇ ਉੱਪਰਲੀਆਂ ਮੰਿਜ਼ਲਾਂ ਤੇ ਵੱਡੇ ਬੱਚੇ ਹੇਠਲੀਆਂ ਮੰਜ਼ਿਲਾਂ 'ਤੇ ਪੜ੍ਹਾਏ ਜਾਂਦੇ ਹਨ।
ਪਤਨੀ ਤੋਂ ਛੁੱਟਕਾਰਾ ਪਾਉਣ ਲਈ ਸਕੂਲ ਡਰਾਈਵਰ ਨੇ ਰਚਿਆ ਸੀ ਹਾਈ-ਟੈਕ ਡਰਾਮਾ
NEXT STORY