ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲਾ ਓਲੰਪਿਕ ਐਸੋਸੀਏਸ਼ਨ ਦੇ ਬੈਨਰ ਹੇਠ 25 ਨਵੰਬਰ ਨੂੰ ਸੰਗਰੂਰ ਵਿਖੇ ਸਾਈਕਲਾਥੋਨ ਅਤੇ ਸਟਾਰ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ‘ਤੰਦਰੁਸਤ ਪੰਜਾਬ ਮਿਸ਼ਨ’ ਦਾ ਹਿੱਸਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਨੇਡ਼ਿਓਂ ਜੋਡ਼ਿਆ ਜਾ ਸਕੇ। ਉਨ੍ਹਾਂ ਦੱਸਿਆ ਕਿ 25 ਨਵੰਬਰ ਨੂੰ ਸਵੇਰੇ 6.15 ਵਜੇ ਪੁਲਸ ਲਾਈਨ ਤੋਂ ਸਾਈਕਲ ਦੌਡ਼ ਦੀ ਸ਼ੁਰੂਆਤ ਹੋਵੇਗੀ ਅਤੇ ਬਾਅਦ ’ਚ ਕਰੀਬ 8.30 ਵਜੇ ਪੁਲਸ ਲਾਈਨ ਤੋਂ ਹੀ ਸਾਈਕਲਾਥੋਨ ਦਾ ਆਗਾਜ਼ ਹੋਵੇਗਾ, ਜਿਸ ’ਚ ਜ਼ਿਲੇ ਭਰ ਤੋਂ 5 ਤੋਂ 8 ਹਜ਼ਾਰ ਸਾਈਕਲਿਸਟ ਦੇ ਸ਼ਾਮਲ ਹੋਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮ ਸੰਗਰੂਰ ਨੂੰ ਹਦਾਇਤ ਕੀਤੀ ਕਿ ਦੌਡ਼ ਅਤੇ ਸਾਈਕਲਾਥੋਨ ਲਈ ਰੂਟ ਪਲਾਨ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਜਾਵੇ। ਉਨ੍ਹਾਂ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਹਦਾਇਤ ਕੀਤੀ ਕਿ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਜੋ ਸਾਈਕਲਾਥੋਨ ’ਚ ਭਾਗ ਲੈਣਾ ਚਾਹੁੰਦੇ ਹਨ, ਦੀਆਂ ਸੂਚੀਆਂ ਸਮੇਂ ਸਿਰ ਤਿਆਰ ਕੀਤੀਆਂ ਜਾਣ।
ਉਨ੍ਹਾਂ ਦੱਸਿਆ ਕਿ ਦੌਡ਼ ’ਚ ਜੇਤੂ ਰਹਿਣ ਵਾਲਿਆਂ ਨੂੰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਇਸ ਸਮੁੱਚੇ ਕਾਰਜ ਦੀ ਸਫ਼ਲਤਾ ਲਈ ਸਾਰੇ ਅਧਿਕਾਰੀ ਆਪਸ ’ਚ ਪੂਰਾ ਤਾਲਮੇਲ ਰੱਖਦੇ ਹੋਏ ਪ੍ਰਬੰਧਾਂ ਨੂੰ ਨੇਪਰੇ ਚਡ਼੍ਹਾਉਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਈਕਲਾਥੋਨ ਦੀ ਸਮਾਪਤੀ ਉਪਰੰਤ 25 ਨਵੰਬਰ ਦੀ ਰਾਤ ਨੂੰ ਹੀ ਮੈਗਾ ਸਟਾਰ ਨਾਈਟ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਤੋਂ ਇਲਾਵਾ ਹਰਜੀਤ ਹਰਮਨ ਅਤੇ ਹੌਬੀ ਧਾਲੀਵਾਲ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਕੁਝ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਖਿੱਚ ਦਾ ਕੇਂਦਰ ਬਣੇਗੀ। ਮੀਟਿੰਗ ਦੌਰਾਨ ਐੱਸ. ਡੀ. ਐੱਮ. ਅਵਿਕੇਸ਼ ਗੁਪਤਾ, ਸਹਾਇਕ ਕਮਿਸ਼ਨਰ ਇਨਾਇਤ, ਕਾਰਜਕਾਰੀ ਮੈਜਿਸਟਰੇਟ ਪਵਿੱਤਰ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਹਰਕਵਲਜੀਤ ਕੌਰ, ਸਿਵਲ ਸਰਜਨ ਡਾ. ਅਰੁਣ ਗੁਪਤਾ, ਜ਼ਿਲਾ ਖੇਡ ਅਫ਼ਸਰ ਯੋਗਰਾਜ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਨਰਭਿੰਦਰ ਸਿੰਘ, ਡੀ. ਐੱਸ. ਪੀ. ਸਤਪਾਲ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਵੇਸਟ ਆਊਟ ਆਫ ਵੇਸਟ ਪ੍ਰਤੀਯੋਗਤਾ ਕਰਵਾਈ
NEXT STORY