ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਮਨੀ ਚੋਣ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਗੁਰਦੀਪ ਸਿੰਘ ਬਾਠ ਨੇ ਅੱਜ ਇਕ ਪ੍ਰੈਸ ਕਾਨਫਰੰਸ ਕਰਕੇ ਟਰੱਕ ਯੂਨੀਅਨ ਬਰਨਾਲਾ ਅਤੇ ਨਗਰ ਕੌਂਸਲ ਬਰਨਾਲਾ ਨਾਲ ਸੰਬੰਧਤ ਭਰਿਸ਼ਟਾਚਾਰ ਦੇ ਗੰਭੀਰ ਦੋਸ਼ ਜੜੇ। ਇਸ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਨਾਲ ਨਗਰ ਕੌਂਸਲ ਧਨੌਲਾ ਦੇ ਮੌਜੂਦਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁਦਰੀ ਵੀ ਮੌਜੂਦ ਸਨ। ਮੁਦਰੀ ਨੇ ਖੁੱਲ੍ਹੇ ਤੌਰ ‘ਤੇ ਐਲਾਨ ਕੀਤਾ ਕਿ ਭ੍ਰਿਸ਼ਟਾਚਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ ਅਤੇ ਹੁਣ ਬਾਠ ਦੇ ਨਾਲ ਖੜੇ ਹਨ।
ਟਰੱਕ ਯੂਨੀਅਨ ਦੀ ਜ਼ਮੀਨ ਦਾ ਵਿਵਾਦ
ਗੁਰਦੀਪ ਸਿੰਘ ਬਾਠ ਨੇ ਖੁਲਾਸਾ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਕੀਤਾ ਸੀ ਕਿ 14 ਜੂਨ ਨੂੰ ਟਰੱਕ ਯੂਨੀਅਨ ਦੀ ਕੰਡੇ ਵਾਲੀ ਜ਼ਮੀਨ ਦੀ ਡੀਡ ਲਿਖੀ ਗਈ ਸੀ, ਜਿਸਨੂੰ 16 ਜੂਨ ਨੂੰ ਰੱਦ ਕਰਵਾ ਦਿੱਤਾ ਗਿਆ। ਬਾਠ ਨੇ ਸਵਾਲ ਚੁੱਕਿਆ ਕਿ ਜੇ ਡੀਡ 16 ਜੂਨ ਨੂੰ ਰੱਦ ਹੋ ਗਈ ਸੀ, ਤਾਂ 20 ਜੂਨ ਨੂੰ ਉਸ ਦਾ ਇੰਤਕਾਲ ਕਿਵੇਂ ਹੋਇਆ? ਉਸਨੇ ਕਿਹਾ ਕਿ ਜਦੋਂ ਉਸਨੇ 30 ਜੂਨ ਨੂੰ ਇਹ ਮੁੱਦਾ ਜਨਤਕ ਕੀਤਾ ਤਾਂ ਉਸ ਤੋਂ ਬਾਅਦ ਹੀ ਡੀਡ ਰੱਦ ਕਰਵਾਈ ਗਈ ਅਤੇ ਇਸ ਦਾ ਇੰਤਕਾਲ ਵੀ 18 ਦਿਨਾਂ ਬਾਅਦ ਰੋਕਿਆ ਗਿਆ। ਉਸਨੇ ਇਹ ਵੀ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਥਾਂ ‘ਤੇ ਪੈਟਰੋਲ ਪੰਪ ਲਗਾਇਆ ਜਾਣਾ ਹੈ ਅਤੇ ਉਸ ਵਿੱਚ 25 ਫੀਸਦੀ ਹਿੱਸਾ ਟਰੱਕ ਯੂਨੀਅਨ ਦਾ ਹੋਵੇਗਾ। ਬਾਠ ਨੇ ਸਵਾਲ ਕੀਤਾ ਕਿ ਜਦੋਂ ਜ਼ਮੀਨ ਪੂਰੀ ਤਰ੍ਹਾਂ ਟਰੱਕ ਯੂਨੀਅਨ ਦੀ ਹੈ, ਤਾਂ ਸਿਰਫ਼ 25 ਫੀਸਦੀ ਹਿੱਸੇਦਾਰੀ ਕਿਉਂ? ਅਤੇ ਜੇ ਪੈਟਰੋਲ ਪੰਪ ਬਣਾਉਣਾ ਸੀ, ਤਾਂ ਹੁਣ ਡੀਡ ਰੱਦ ਕਿਉਂ ਕਰਵਾਈ ਗਈ?
ਮੀਤ ਹੇਅਰ ਨਾਲ ਤਕਰਾਰ ਦੇ ਕਾਰਨ
ਇਕ ਸਵਾਲ ਦੇ ਜਵਾਬ ਵਿਚ ਬਾਠ ਨੇ ਖੁਲਾਸਾ ਕੀਤਾ ਕਿ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨਾਲ ਉਸਦੀ ਦੂਰੀ ਇਕ ਤਹਿਸੀਲਦਾਰ ਕਾਰਨ ਵਧੀ ਸੀ। ਉਸਨੇ ਦੋਸ਼ ਲਾਇਆ ਕਿ ਉਹ ਤਹਿਸੀਲਦਾਰ ਭਰਿਸ਼ਟਾਚਾਰ ਦੀਆਂ ਹੱਦਾਂ ਤੋਂ ਵੀ ਪਾਰ ਕਰ ਗਿਆ ਸੀ ਅਤੇ ਬਾਰ-ਬਾਰ ਕਹਿਣ ਦੇ ਬਾਵਜੂਦ ਸਰਕਾਰ ਨੇ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਉਸਦੀ ਨਾਰਾਜ਼ਗੀ ਵਧਦੀ ਗਈ।
ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦੇ ਦੋਸ਼
ਬਾਠ ਨੇ ਕਿਹਾ ਕਿ ਅੱਜ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਆਪਣੀ ਚਰਮ ਸੀਮਾ ਉੱਤੇ ਹੈ। ਉਸਨੇ ਦਾਅਵਾ ਕੀਤਾ ਕਿ 70 ਫੀਸਦੀ ਟੈਂਡਰ ਸੱਤਾਧਾਰੀ ਧਿਰ ਦੇ ਨੇੜਲੇ ਸਾਥੀਆਂ ਨੂੰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਦਾ ਸੰਬੰਧ ਧੂਰੀ ਨਾਲ ਹੈ ਅਤੇ ਜਿਨ੍ਹਾਂ ਦੀ ਦੇਖ-ਰੇਖ ਬਰਨਾਲਾ ਦਾ ਇਕ ਪਾਰਟੀ ਯੂਥ ਆਗੂ ਕਰਦਾ ਹੈ। ਬਾਠ ਨੇ ਇਹ ਵੀ ਦੱਸਿਆ ਕਿ ਕਾਨੂੰਨ ਅਨੁਸਾਰ ਕਿਸੇ ਵੀ ਠੇਕੇਦਾਰ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਡਿਟੇਲ ਬੋਰਡ ਰਾਹੀਂ ਜਨਤਕ ਕਰਨੀ ਲਾਜ਼ਮੀ ਹੈ, ਪਰ ਬਰਨਾਲਾ ਵਿੱਚ ਕਿਸੇ ਵੀ ਪਾਸੇ ਅਜਿਹਾ ਬੋਰਡ ਨਹੀਂ ਲੱਗਿਆ ਮਿਲਦਾ। ਉਸਨੇ ਕਿਹਾ ਕਿ ਬਰਨਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਠੇਕੇਦਾਰਾਂ ਨੂੰ ਟੈਂਡਰ ਰੱਦ ਹੋਣ ਦੇ ਮਾਮਲੇ ਵਿਚ ਹਾਈਕੋਰਟ ਤੱਕ ਪਹੁੰਚਣਾ ਪੈ ਰਿਹਾ ਹੈ। ਇਸ ਨਾਲ ਸਾਫ਼ ਹੈ ਕਿ ਪ੍ਰਸ਼ਾਸਨਿਕ ਕਾਰਵਾਈਆਂ ਵਿਚ ਗੰਭੀਰ ਗੜਬੜ ਹੈ।
ਮੁਦਰੀ ਦਾ ਸਾਥ
ਇਸ ਮੌਕੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਮੁਦਰੀ ਨੇ ਵੀ ਖੁੱਲ੍ਹ ਕੇ ਕਿਹਾ ਕਿ ਨਗਰ ਕੌਂਸਲ ਵਿੱਚ ਚੱਲ ਰਹੇ ਭਰਿਸ਼ਟਾਚਾਰ ਕਾਰਨ ਉਹ ਆਮ ਆਦਮੀ ਪਾਰਟੀ ਤੋਂ ਤੋਬਾ ਕਰ ਰਹੇ ਹਨ। ਉਹਨਾਂ ਨੇ ਗੁਰਦੀਪ ਸਿੰਘ ਬਾਠ ਨਾਲ ਖੜ੍ਹਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਹਿੱਤ ਲਈ ਉਹ ਆਵਾਜ਼ ਉਠਾਉਂਦੇ ਰਹਿਣਗੇ।ਬਾਠ ਨੇ ਆਖ਼ਿਰ ਵਿਚ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਵਿਅਕਤੀ ਨਾਲ ਨਹੀਂ, ਸਗੋਂ ਭ੍ਰਿਸ਼ਟਾਚਾਰ ਵਿਰੁੱਧ ਹੈ। ਜਨਤਕ ਪੈਸੇ ਦੀ ਬਰਬਾਦੀ ਅਤੇ ਧੋਖੇਬਾਜ਼ੀ ਦੇ ਖਿਲਾਫ਼ ਉਹ ਹਮੇਸ਼ਾਂ ਸੱਚਾਈ ਦੀ ਲੜਾਈ ਲੜਦੇ ਰਹਿਣਗੇ।
ਬਰਸਾਤ ਨੇ ਮਜ਼ਦੂਰ ਪਰਿਵਾਰ ਨੂੰ ਕੀਤਾ ਬੇਘਰ! ਧਰਮਸ਼ਾਲਾ 'ਚ ਰਹਿਣ ਨੂੰ ਮਜਬੂਰ
NEXT STORY