ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੰਡੋਨੇਸ਼ੀਆ ਵਿਚ ਹਾਲ ਹੀ 'ਚ ਖਤਮ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਏਸ਼ੀਆਈ ਖੇਡਾਂ ਦੀ ਵੁਸ਼ੁ ਮੁਕਾਬਲੇ ਵਿਚ ਕਾਂਸੀ ਤਮਗਾ ਜੇਤੂ ਸੰਤੋਸ਼ ਜਦਕਿ ਟੇਬਲ ਟੈਨਿਸ ਖਿਡਾਰਨ ਮਣਿਕਾ ਬਤਰਾ ਨੂੰ ਉਸ ਦੇ ਖੇਤਰ ਵਿਚ ਜਾ ਕੇ ਸਨਮਾਨਤ ਕੀਤਾ। ਇਸ ਮੌਕੇ 'ਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦਿਆ, ਸਬੰਧਤ ਖੇਤਰ ਦੇ ਵਿਧਾਇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਲੋਕ ਵੀ ਮੌਜੂਦ ਸੀ। ਤਮਗਾ ਜੇਤੂ ਦੋਵੇਂ ਖਿਡਾਰੀਆਂ ਨੂੰ 50 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਦੋਵਾਂ ਖਿਡਾਰੀਆਂ ਦੇ ਕੋਚਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਉਨ੍ਹਾਂ ਨੂੰ 6-6 ਲੱਖ ਰੁਪਏ ਦੇ ਚੈੱਕ ਦਿੱਤੇ ਗਏ।

ਮਣਿਕਾ ਬਤਰਾ ਦੇ ਗੋਲਡਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਮਗਾ ਜਿੱਤਣ 'ਤੇ ਵੀ ਉਸ ਨੂੰ ਸਨਮਾਨਤ ਕੀਤਾ ਗਿਆ। ਮਣਿਕਾ ਨੂੰ ਕੁੱਲ 2.20 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ। ਮਣਿਕਾ ਦੇ ਕੋਚ ਨੂੰ ਰਾਸ਼ਟਰਮੰਡਲ ਖੇਡਾਂ ਦੀ ਇਸ ਉਪਲੱਬਧੀ ਲਈ 4 ਲੱਖ ਰੁਪਏ ਦਾ ਹੋਰ ਚੈੱਕ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਲ ਹੀ 'ਚ ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ ਨੂੰ ਵਧਾਉਣ ਦਾ ਐਲਾਨ ਕੀਤਾ ਸੀ।

ਬ੍ਰੈਸਟ ਕੈਂਸਰ ਪ੍ਰਤੀ ਜਾਗਰੂਕਤਾ ਲਈ ਸੇਰੇਨਾ ਨੇ ਟਾਪਲੈਸ ਹੋ ਕੇ ਗਾਇਆ ਗਾਣਾ
NEXT STORY