ਸਪੋਰਟਸ ਡੈਸਕ- ਅਫਗਾਨਿਸਤਾਨ ਦੇ ਨੌਜਵਾਨ ਬੱਲੇਬਾਜ਼ ਸੇਦਿਕੁੱਲ੍ਹਾ ਅਟਲ ਨੇ ਕ੍ਰਿਕਟ ਦੇ ਮੈਦਾਨ 'ਤੇ ਇੱਕ ਅਜਿਹਾ ਕਾਰਨਾਮਾ ਕਰ ਦਿਖਾਇਆ ਹੈ, ਜਿਸ ਨੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਮਹਿਜ਼ 21 ਸਾਲ ਦੀ ਉਮਰ ਵਿੱਚ ਅਟਲ ਨੇ ਇੱਕ ਹੀ ਓਵਰ ਵਿੱਚ 48 ਦੌੜਾਂ ਬਣਾ ਕੇ ਇੱਕ ਅਜਿਹਾ ਵਿਸ਼ਵ ਰਿਕਾਰਡ ਕਾਇਮ ਕੀਤਾ, ਜੋ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਅਟੁੱਟ ਹੈ।
ਇਹ ਇਤਿਹਾਸਕ ਪਲ ਕਾਬੁਲ ਪ੍ਰੀਮੀਅਰ ਲੀਗ ਦੇ ਇੱਕ ਮੁਕਾਬਲੇ ਦੌਰਾਨ ਦੇਖਣ ਨੂੰ ਮਿਲਿਆ, ਜਦੋਂ ਸ਼ਾਹੀਨ ਹੰਟਰਸ ਅਤੇ ਅਬਾਸਿਨ ਡਿਫੈਂਡਰਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਮੈਚ ਦੇ 19ਵੇਂ ਓਵਰ ਤੱਕ ਸ਼ਾਹੀਨ ਹੰਟਰਸ ਦੀ ਸਥਿਤੀ ਬਹੁਤ ਮਜ਼ਬੂਤ ਨਹੀਂ ਸੀ, ਪਰ ਫਿਰ ਕਪਤਾਨ ਸੇਦਿਕੁੱਲ੍ਹਾ ਅਟਲ ਨੇ ਮੋਰਚਾ ਸੰਭਾਲਿਆ। ਖੱਬੇ ਹੱਥ ਦੇ ਸਪਿਨਰ ਆਮਿਰ ਜਜ਼ਈ ਦੇ ਇਸ ਓਵਰ ਵਿੱਚ ਅਟਲ ਨੇ ਹੇਠ ਲਿਖੇ ਅਨੁਸਾਰ ਦੌੜਾਂ ਬਣਾਈਆਂ :
ਪਹਿਲੀ ਗੇਂਦ ਨੋ-ਬਾਲ ਰਹੀ, ਜਿਸ 'ਤੇ ਅਟਲ ਨੇ ਛੱਕਾ ਜੜਿਆ। ਇਸ ਤੋਂ ਬਾਅਦ ਗੇਂਦਬਾਜ਼ ਦਾ ਕੰਟਰੋਲ ਵਿਗੜ ਗਿਆ ਅਤੇ ਉਸ ਨੇ ਲਗਾਤਾਰ ਵਾਈਡ ਗੇਂਦਾਂ ਸੁੱਟੀਆਂ। ਅਟਲ ਨੇ ਓਵਰ ਦੀਆਂ ਸਾਰੀਆਂ ਜਾਇਜ਼ ਗੇਂਦਾਂ 'ਤੇ 7 ਛੱਕੇ ਮਾਰ ਕੇ ਕੁੱਲ 48 ਦੌੜਾਂ ਬਣਾਈਆਂ।
ਵਿਸ਼ਵ ਰਿਕਾਰਡ ਦੀ ਬਾਰਿਸ਼
ਇਹ ਕਿਸੇ ਵੀ ਮਾਨਤਾ ਪ੍ਰਾਪਤ ਟੂਰਨਾਮੈਂਟ ਵਿੱਚ ਇੱਕ ਓਵਰ ਵਿੱਚ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਦਾ ਵਿਸ਼ਵ ਰਿਕਾਰਡ ਹੈ। ਅਟਲ ਨੇ ਮਹਿਜ਼ 48 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ 56 ਗੇਂਦਾਂ ਵਿੱਚ 118 ਦੌੜਾਂ (7 ਚੌਕੇ, 10 ਛੱਕੇ) ਬਣਾ ਕੇ ਅਜੇਤੂ ਰਹੇ। ਉਨ੍ਹਾਂ ਦੀ ਇਸ ਪਾਰੀ ਸਦਕਾ ਸ਼ਾਹੀਨ ਹੰਟਰਸ ਨੇ 213 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਅਤੇ ਮੈਚ 92 ਦੌੜਾਂ ਨਾਲ ਜਿੱਤ ਲਿਆ।
ਗੇਂਦਬਾਜ਼ ਲਈ ਬੁਰਾ ਸੁਪਨਾ
ਗੇਂਦਬਾਜ਼ ਆਮਿਰ ਜਜ਼ਈ ਲਈ ਇਹ ਓਵਰ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਆਪਣੇ 4 ਓਵਰਾਂ ਦੇ ਕੋਟੇ ਵਿੱਚ ਕੁੱਲ 79 ਦੌੜਾਂ ਲੁਟਾਈਆਂ।
ਅਫਗਾਨਿਸਤਾਨ ਦਾ ਉੱਭਰਦਾ ਸਿਤਾਰਾ ਕਾਬੁਲ ਦੇ ਨੇੜੇ ਲੋਗਰ ਇਲਾਕੇ ਨਾਲ ਸਬੰਧਤ ਸੇਦਿਕੁੱਲਾ ਅਟਲ ਨੇ 2023-24 ਵਿੱਚ ਅਫਗਾਨਿਸਤਾਨ ਲਈ ਟੈਸਟ, ਵਨਡੇ ਅਤੇ ਟੀ-20 ਤਿੰਨੋਂ ਫਾਰਮੈਟਾਂ ਵਿੱਚ ਡੈਬਿਊ ਕੀਤਾ ਹੈ। ਉਹ ਆਪਣੀ ਹਮਲਾਵਰ ਬੱਲੇਬਾਜ਼ੀ ਕਾਰਨ ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਨਾਲ ਆਪਣੀ ਪਛਾਣ ਬਣਾ ਰਹੇ ਹਨ।
ਵਿਜੇ ਹਜ਼ਾਰੇ ਟਰਾਫੀ : ਪੰਤ ਦੇ ਅਰਧ ਸੈਂਕੜੇ ਨਾਲ ਦਿੱਲੀ ਦੀ ਵੱਡੀ ਜਿੱਤ
NEXT STORY