ਕਾਬੁਲ- ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦੇ ਸੀ. ਈ. ਓ. (ਮੁੱਖ ਕਾਰਜਕਾਰੀ ਅਧਿਕਾਰੀ) ਹਾਮਿਦ ਸ਼ਿਨਵਾਰੀ ਨੇ ਸ਼ੁੱਕਰਵਾਰ ਨੂੰ ਕ੍ਰਿਕਟ ਆਸਟਰੇਲੀਆ ਤੋਂ ਨਵੰਬਰ 'ਚ ਹੋਣ ਵਾਲੇ ਟੈਸਟ ਦੀ ਮੇਜ਼ਬਾਨੀ ਨਹੀਂ ਕਰਨ ਦਾ ਫ਼ੈਸਲਾ ਵਾਪਸ ਲੈਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਅਜਿਹੇ ਫ਼ੈਸਲੇ ਨਾਲ ਜੰਗ ਝੱਲ ਰਿਹਾ ਦੇਸ਼ ਹੋਰ ਅਲਗ ਥਲਗ ਪੈ ਜਾਵੇਗਾ। ਅੰਤਰਿਮ ਸਰਕਾਰ ਬਣਾਉਂਦੇ ਹੀ ਤਾਲਿਬਾਨ ਨੇ ਮਹਿਲਾਵਾਂ ਦੇ ਕ੍ਰਿਕਟ ਤੇ ਹੋਰ ਖੇਡਾਂ 'ਚ ਹਿੱਸਾ ਲੈਣ 'ਤੇ ਰੋਕ ਲਾ ਦਿੱਤੀ ਹੈ ਜਿਸ ਨਾਲ ਅਫ਼ਗਾਨਿਸਤਾਨ ਪੁਰਸ਼ ਟੀਮ ਦਾ ਟੈਸਟ ਦਰਜਾ ਖ਼ਤਰੇ 'ਚ ਪੈ ਗਿਆ ਹੈ।
ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਦੇ ਨਿਯਮਾਂ ਦੇ ਤਹਿਤ ਟੈਸਟ ਖੇਡਣ ਵਾਲੇ ਸਾਰੇ ਦੇਸ਼ਾਂ ਨੂੰ ਮਹਿਲਾ ਟੀਮ ਵੀ ਰੱਖਣੀ ਹੋਵੇਗੀ। ਕ੍ਰਿਕਟ ਆਸਟਰੇਲੀਆ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਤਾਲਿਬਾਨ ਮਹਿਲਾ ਖੇਡਾਂ 'ਤੇ ਰੋਕ ਲਾਉਂਦਾ ਹੈ ਤਾਂ 27 ਨਵੰਬਰ ਤੋਂ ਹੋਬਰਟ 'ਚ ਅਫ਼ਗਾਨਿਸਤਾਨ ਤੇ ਆਸਟਰੇਲੀਆ ਵਿਚਾਲੇ ਹੋਣ ਵਾਲਾ ਟੈਸਟ ਰੱਦ ਕਰ ਦਿੱਤਾ ਜਾਵੇਗਾ। ਏ. ਸੀ. ਬੀ. ਦੇ ਸੀ. ਈ. ਓ. ਸ਼ਿਨਵਾਰੀ ਨੇ ਇਕ ਬਿਆਨ 'ਚ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਹੈਰਾਨ ਤੇ ਨਿਰਾਸ਼ ਹਨ।
ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੈਚ ਨੂੰ ਰੱਦ ਕਰਨ ਦੇ ਇਲਾਵਾ ਵੀ ਬਦਲ ਹਨ। ਅਸੀਂ ਆਸਟਰੇਲੀਆ ਤੇ ਪੂਰੇ ਕ੍ਰਿਕਟ ਜਗਤ ਤੋਂ ਅਪੀਲ ਕਰਾਂਗੇ ਕਿ ਸਾਡੇ ਲਈ ਰਸਤੇ ਖ਼ੁੱਲੇ ਰੱਖੋ। ਸਾਡੇ ਨਾਲ ਚਲੋ ਤੇ ਸਾਨੂੰ ਅਲਗ ਥਲਗ ਨਾ ਕਰੋ। ਸਾਡੇ ਸੱਭਿਆਚਾਰਕ ਤੇ ਮਜ਼ਹਬੀ ਮਾਹੌਲ ਦੀ ਸਾਨੂੰ ਸਜ਼ਾ ਨਾ ਦੇਵੋ। ਉਨ੍ਹਾਂ ਕਿਹਾ ਕਿ ਜੇਕਰ ਕ੍ਰਿਕਟ ਆਸਟਰੇਲੀਆ ਦੀ ਤਰ੍ਹਾਂ ਦੂਜੇ ਦੇਸ਼ ਵੀ ਅਜਿਹਾ ਕਰਨਗੇ ਤਾਂ ਅਫ਼ਗਾਨਿਸਤਾਨ ਵਿਸ਼ਵ ਕ੍ਰਿਕਟ ਤੋਂ ਅਲਗ ਹੋ ਜਾਵੇਗਾ ਤੇ ਦੇਸ਼ 'ਚੋਂ ਕ੍ਰਿਕਟ ਖ਼ਤਮ ਹੋ ਜਾਵੇਗਾ।
ਵੀਰ ਅਹਿਲਾਵਤ ਪੀ. ਜੀ. ਟੀ. ਆਈ. ਦੇ ਤੀਜੇ ਦੌਰ 'ਚ 71 ਦੇ ਸਕੋਰ ਦੇ ਬਾਅਦ ਵੀ ਚੋਟੀ 'ਤੇ
NEXT STORY