ਜਕਾਰਤਾ- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਚਲ ਰਹੇ ਹਾਕੀ ਹੀਰੋ ਏਸ਼ੀਆ ਕੱਪ 'ਚ ਭਾਰਤ ਤੇ ਮਲੇਸ਼ੀਆ ਦਰਮਿਆਨ ਬੇਹੱਦ ਰੋਮਾਂਚਕ ਮੁਕਾਬਲਾ ਡਰਾਅ 'ਤੇ ਸਮਾਪਤ ਹੋਇਆ। ਜੇਬੀਕੇ ਐਰਿਨਾ 'ਚ ਹੋਏ ਮੁਕਾਬਲੇ 'ਚ ਭਾਰਤ ਲਈ ਵਿਸ਼ਣੂਕਾਂਤ ਸਿੰਘ, ਸੰਜੀਪ ਜੇਸ ਤੇ ਸੁਨੀਲ ਸੋਮਪ੍ਰੀਤ ਨੇ ਇਕ-ਇਕ ਗੋਲ ਕੀਤਾ ਜਦਕਿ ਰਾਜ਼ੀ ਰਹੀਮ ਨੇ ਮਲੇਸ਼ੀਆ ਦੇ ਤਿੰਨੇ ਗੋਲ ਦਾਗ਼ੇ। ਮੈਚ ਦਾ ਪਹਿਲਾ ਤੇ ਦੂਜਾ ਕੁਆਰਟਰ ਮਲੇਸ਼ੀਆ ਦੇ ਪੱਖ 'ਚ ਰਿਹਾ।
ਪਹਿਲੇ ਕੁਆਰਟਰ ਦੇ 11ਵੇਂ ਮਿੰਟ 'ਚ ਤੇ ਦੂਜੇ ਕੁਆਰਟਰ ਦੇ 20ਵੇਂ ਮਿੰਟ 'ਚ ਮਿਲੇ ਪੈਨਲਟੀ ਕਾਰਨਰ ਨੂੰ ਰਾਜ਼ੀ ਰਹੀਮ ਨੇ ਗੋਲ 'ਚ ਬਦਲ ਕੇ ਮਲੇਸ਼ੀਆ ਨੂੰ 2-0 ਦੀ ਬੜ੍ਹਤ ਦਿਵਾਈ, ਪਰ ਇਸ ਤੋਂ ਬਾਅਦ ਪਵਨ ਰਾਜਭਰ ਨੂੰ ਫੀਲਡ 'ਤੇ ਉਤਾਰਿਆ ਗਿਆ ਜਿਨ੍ਹਾਂ ਨੇ ਮੁਕਾਬਲੇ ਦਾ ਰੁਖ਼ ਬਦਲਦੇ ਹੋਏ ਮਲੇਸ਼ੀਆ ਦੇ ਮੌਕੇ ਖ਼ਤਮ ਕਰਨੇ ਸ਼ੁਰੂ ਕਰ ਦਿੱਤੇ।
ਤੀਜੇ ਕੁਆਰਟਰ 'ਚ ਵਾਪਸੀ ਕਰਦੇ ਹੋਏ ਭਾਰਤ ਦੇ ਲਈ ਸਿੰਘ ਵਿਸ਼ਣੂਕਾਂਤ ਨੇ ਇਕ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕੀਤਾ। ਚੌਥੇ ਕੁਆਰਟਰ 'ਚ 1-2 ਤੋਂ ਪਿੱਛੇ ਚਲ ਰਹੇ ਭਾਰਤ ਨੇ ਹਮਲਾਵਰ ਖੇਡ ਦਿਖਾਈ ਤੇ ਮੈਚ ਦੇ 52 ਮਿੰਟ 'ਚ ਸੁਨੀਲ ਸੋਮਪ੍ਰਤੀ ਨੇ ਗੋਲ ਕਰਕੇ ਮੁਕਾਬਲੇ ਨੂੰ 2-2 'ਤੇ ਲਿਆ ਦਿੱਤਾ। ਇਸ ਤੋਂ 2 ਮਿੰਟ ਬਾਅਦ ਸੰਜੀਪ ਜੇਸ ਨੇ ਪੈਨਲਟੀ ਕਾਰਨਰ ਦਾ ਲਾਹਾ ਲੈਂਦੇ ਹੋਏ ਭਾਰਤ ਦੀ ਲੀਡ ਨੂੰ 3-2 ਕਰ ਦਿੱਤਾ।
ਗੋਲ ਹੁੰਦੇ ਹੀ ਮਲੇਸ਼ੀਆ ਨੇ ਮੁਕਾਬਲੇ 'ਚ ਵਾਪਸੀ ਕੀਤੀ ਤੇ ਮੈਚ ਦੇ 54ਵੇਂ ਮਿੰਟ 'ਚ ਹੀ ਰਹੀਮ ਨੇ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕੀਤਾ ਜਿਸ ਨਾਲ ਮੈਚ 3-3 ਨਾਲ ਬਰਾਬਰ ਹੋ ਗਿਆ ਤੇ ਮਲੇਸ਼ੀਆ ਨੇ ਰਾਹਤ ਦਾ ਸਾਹ ਲਿਆ। ਆਪਣੇ ਜੂਝਾਰੂ ਖੇਡ ਲਈ ਰਾਜਭਰ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਇਸ ਡਰਾਅ ਤੋਂ ਪਹਿਲਾਂ ਭਾਰਤ ਨੇ ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ ਜਾਪਾਨ ਨੂੰ 2-1 ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ 31 ਮਈ ਨੂੰ ਕੋਰੀਆ ਦੇ ਖ਼ਿਲਾਫ਼ ਹੈ।
ਪੰਜ ਸੈੱਟ 'ਚ ਜਿੱਤੇ ਰਾਫੇਲ ਨਡਾਲ, ਹੁਣ ਸਾਹਮਣਾ ਜੋਕੋਵਿਚ ਨਾਲ ਹੋਵੇਗਾ
NEXT STORY