ਦੁਬਈ (ਭਾਸ਼ਾ)- ਮੱਧਕ੍ਰਮ ਵਿਚ ਸੰਜੂ ਸੈਮਸਨ ਦੀ ਅਸਫਲਤਾ ਮੁੱਖ ਕੋਚ ਗੌਤਮ ਗੰਭੀਰ ਲਈ ਚਿੰਤਾ ਦਾ ਸਬੱਬ ਹੋਵੇਗੀ ਤੇ ਭਾਰਤੀ ਟੀਮ ਮੈਨੇਜਮੈਂਟ ਸ਼੍ਰੀਲੰਕਾ ਵਿਰੁੱਧ ਸ਼ੁੱਕਰਵਾਰ ਯਾਨੀ ਅੱਜ ਏਸ਼ੀਆ ਕੱਪ ਸੁਪਰ-4 ਪੜਾਅ ਦੇ ਆਖਰੀ ਤੇ ਰਸਮੀ ਰਹਿ ਗਏ ਮੁਕਾਬਲੇ ਵਿਚ ਜਿਤੇਸ਼ ਸ਼ਰਮਾ ਨੂੰ ਅਜ਼ਮਾ ਸਕਦੀ ਹੈ। ਭਾਰਤ ਦੀ ਬੰਗਲਾਦੇਸ਼ ’ਤੇ ਜਿੱਤ ਦੇ ਨਾਲ ਹੀ ਸ਼੍ਰੀਲੰਕਾ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਸੀ, ਜਿਸ ਨੂੰ ਸੁਪਰ-4 ਵਿਚ ਬੰਗਲਾਦੇਸ਼ ਤੇ ਪਾਕਿਸਤਾਨ ਨੇ ਵੀ ਹਰਾਇਆ ਸੀ। ਪੂਰੀ ਸੰਭਾਵਨਾ ਹੈ ਕਿ ਐਤਵਾਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।
ਭਾਰਤੀ ਬੱਲੇਬਾਜ਼ੀ ਕ੍ਰਮ ਵਿਚ ਸੈਮਸਨ ਫਿੱਟ ਹੁੰਦਾ ਨਹੀਂ ਦਿਸ ਰਿਹਾ। ਭਾਰਤੀ ਟੀਮ ਲਈ ਚਿੰਤਾ ਦਾ ਦੂਜਾ ਕਾਰਨ ਟੂਰਨਾਮੈਂਟ ਵਿਚ ਅਜੇ ਤੱਕ 10 ਕੈਚ ਛੱਡਣਾ ਵੀ ਹੈ, ਜਿਨ੍ਹਾਂ ਵਿਚੋਂ 5 ਬੰਗਲਾਦੇਸ਼ ਵਿਰੁੱਧ ਛੁੱਟੇ। ਵੱਡੇ ਮੈਚਾਂ ਵਿਚ ਇਸ ਤਰ੍ਹਾਂ ਦੀਆਂ ਗਲਤੀਆਂ ਦੀ ਗੁਜਾਇੰਸ਼ ਨਹੀਂ ਹੁੰਦੀ ਤੇ ਸਪਿੰਨਰ ਵਰੁਣ ਚੱਕਰਵਰਤੀ ਨੇ ਵੀ ਸਵੀਕਾਰ ਕੀਤਾ ਹੈ ਕਿ ਇਸ ਵਿਭਾਗ ਵਿਚ ਸੁਧਾਰ ਕਰਨਾ ਪਵੇਗਾ। ਚੱਕਰਵਰਤੀ ਦੀਆਂ ਗੇਂਦਾਂ ’ਤੇ ਵੀ ਕਈ ਕੈਚ ਛੱਡੇ ਗਏ।
ਬੰਗਲਾਦੇਸ਼ ਵਿਰੁੱਧ ਦੋ ਵਿਕਟਾਂ ਲੈਣ ਵਾਲੇ ਚੱਕਰਵਰਤੀ ਨੇ ਕਿਹਾ, ‘‘ਇਸ ਪੱਧਰ ’ਤੇ ਕੋਈ ਬਹਾਨਾ ਨਹੀਂ ਬਣਾਇਆ ਜਾ ਸਕਦਾ ਹੈ। ਇਕ ਟੀਮ ਦੇ ਰੂਪ ਵਿਚ ਸਾਨੂੰ ਸਾਰੇ ਕੈਚ ਫੜਨੇ ਹੀ ਪੈਣਗੇ। ਅਸੀਂ ਫਾਈਨਲ ਵਿਚ ਪਹੁੰਚ ਗਏ ਹਾਂ ਤੇ ਕੈਚ ਨਹੀਂ ਛੱਡ ਸਕਦੇ।’’ ਵੈਸੇ ਉਸ ਨੇ ਫੀਲਡਰਾਂ ਦਾ ਬਚਾਅ ਕੀਤਾ ਕਿਉਂਕਿ ਦੁਬਈ ਸਟੇਡੀਅਮ ਦੀਆਂ ਫਲੱਡ ਲਾਈਟਾਂ ਉੱਚੇ ਟਾਵਰ ’ਤੇ ਨਹੀਂ ਹਨ ਤੇ ਫੁੱਟਬਾਲ ਸਟੇਡੀਅਮ ਦੀ ਲਾਈਟ ਵਰਗੀ ਲੱਗਦੀ ਹੈ। ਚੱਕਰਵਰਤੀ ਨੇ ਕਿਹਾ, ‘‘ਵੈਸੇ, ਰਿੰਗ ਆਫ ਫਾਇਰ’ (ਫਲੱਡ ਲਾਈਟ ਡਿਜ਼ਾਈਨ) ਨਾਲ ਅੜਿੱਕਾ ਪਹੁੰਚਦਾ ਹੈ ਕਿਉਂਕਿ ਇਹ ਕਦੇ-ਕਦੇ ਸਿੱਧੇ ਅੱਖਾਂ ’ਤੇ ਆਉਂਦੀ ਹੈ। ਸਾਨੂੰ ਇਸਦੀ ਅਾਦਤ ਪਾਉਣੀ ਪਵੇਗੀ।’’
ਬੰਗਲਾਦੇਸ਼ ਵਿਰੁੱਧ ਮੈਚ ਵਿਚ ਸੈਮਸਨ ਨੂੰ ਬੱਲੇਬਾਜ਼ੀ ਵਿਚ ਟਾਪ-7 ਵਿਚ ਵੀ ਨਹੀਂ ਉਤਾਰਿਆ ਗਿਆ ਤੇ ਹੁਣ ਸਵਾਲ ਉੱਠਦਾ ਹੈ ਕਿ ਜੇਕਰ ਉਹ ਅਕਸ਼ਰ ਪਟੇਲ ਤੋਂ ਪਹਿਲਾਂ ਵੀ ਆਉਣ ਦੇ ਲਾਇਕ ਨਹੀਂ ਹੈ ਤਾਂ ਟੀਮ ਵਿਚ ਕੀ ਕਰ ਰਿਹਾ ਹੈ। ਚੌਥੇ ਨੰਬਰ ’ਤੇ ਸ਼ਿਵਮ ਦੂਬੇ ਨੂੰ ਉਤਾਰਨਾ ਸਮਝ ਵਿਚ ਆਉਂਦਾ ਹੈ ਕਿਉਂਕਿ ਆਰਮ ਸਪਿੰਨਰਾਂ ਨੂੰ ਉਹ ਬਾਖੂਬੀ ਖੇਡਦਾ ਹੈ ਪਰ ਮੱਧਕ੍ਰਮ ਵਿਚ ਖੱਬੇ-ਸੱਜੇ ਦਾ ਸੁਮੇਲ ਰੱਖਣ ਲਈ ਇਹ ਸਹੀ ਨਹੀਂ ਹੈ। ਹਾਰਦਿਕ ਪੰਡਯਾ ਨੂੰ ਉਸ ਤੋਂ ਪਹਿਲਾਂ ਖੱਬੇ ਹੱਥ ਦੇ ਦੋ ਬੱਲੇਬਾਜ਼ਾਂ ਤਿਲਕ ਵਰਮਾ ਤੇ ਅਕਸ਼ਰ ਦੇ ਨਾਲ ਭੇਜਿਆ ਗਿਆ। ਫੀਲਡਿੰਗ ਕੋਚ ਰਿਆਨ ਟੇਨ ਡੋਏਸ਼ੇ ਨੇ ਬੰਗਲਾਦੇਸ਼ ਵਿਰੁੱਧ ਮੈਚ ਤੋਂ ਪਹਿਲਾਂ ਕਿਹਾ ਸੀ, ‘‘ਸੰਜੂ ਅਜੇ ਦੇਖ ਰਿਹਾ ਹੈ ਕਿ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਿਵੇਂ ਕਰਨੀ ਹੈ।’’
ਅਜਿਹੀ ਵੀ ਸੰਭਾਵਨਾ ਹੈ ਕਿ ਸੈਮਸਨ ਨੂੰ ਸ਼੍ਰੀਲੰਕਾ ਵਿਰੁੱਧ ਰਸਮੀ ਰਹਿ ਗਏ ਮੈਚ ਵਿਚ ਤੀਜੇ ਨੰਬਰ ’ਤੇ ਉਤਾਰਿਆ ਜਾਵੇ। ਸਮਝਿਆ ਜਾਂਦਾ ਹੈ ਕਿ ਚੋਟੀਕ੍ਰਮ ਦੇ ਬੱਲੇਬਾਜ਼ ਦੇ ਤੌਰ ’ਤੇ ਸੈਮਸਨ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਬਾਹਰ ਨਹੀਂ ਕੀਤਾ ਜਾ ਰਿਹਾ ਪਰ ਇਸ ਰੂਪ ਵਿਚ ਹਰ ਖਿਡਾਰੀ ਦੀ ਆਪਣੀ ਭੂਮਿਕਾ ਹੈ। ਜਿਤੇਸ਼ ਸ਼ਰਮਾ ਮੱਧਕ੍ਰਮ ਦਾ ਬੱਲੇਬਾਜ਼ ਹੋਣ ਦੇ ਨਾਲ ਫਿਨਿਸ਼ਰ ਵੀ ਹੈ। ਜਿਤੇਸ਼ ਨੇ ਆਈ. ਪੀ. ਐੱਲ. ਵਿਚ 5ਵੇਂ ਨੰਬਰ ’ਤੇ 18 ਪਾਰੀਆਂ ਵਿਚ 374 ਦੌੜਾਂ ਬਣਾਈਆਂ ਜਦਕਿ 6ਵੇਂ ਨੰਬਰ ’ਤੇ 15 ਪਾਰੀਆਂ ਵਿਚ 384 ਦੌੜਾਂ ਜੋੜੀਆਂ। ਸੱਤਵੇਂ ਨੰਬਰ ’ਤੇ ਉਸ ਨੇ ਸੱਤ ਪਾਰੀਆਂ ਵਿਚ 178 ਤੋਂ ਉੱਪਰ ਦੀ ਸਟ੍ਰਾਈਕ ਰੇਟ ਨਾਲ 136 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਵਿਰੁੱਧ ਮੈਚ ਵਿਚ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਜਾ ਸਕਦਾ ਹੈ ਪਰ ਜੇਕਰ ਉਹ ਇਸਦਾ ਇਛੁੱਕ ਹੈ।
ਟੀਮਾਂ ਇਸ ਤਰ੍ਹਾਂ ਹਨ- ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ, ਰਿੰਕੂ ਸਿੰਘ।
ਸ਼੍ਰੀਲੰਕਾ: ਚਰਿਤ ਅਸਾਲੰਕਾ (ਕਪਤਾਨ), ਪਾਥੁਮ ਨਿਸਾਂਕਾ, ਕੁਸ਼ਲ ਮੈਂਡਿਸ, ਕੁਸ਼ਲ ਪਰੇਰਾ, ਨੁਵਾਨਿਦੂ ਫਰਨਾਂਡੋ, ਕਾਮਿੰਦੂ ਮੈਂਡਿਸ, ਕਾਮਿਲ ਮਿਸ਼ਾਰਾ, ਦਾਸੁਨ ਸ਼ਨਾਕਾ, ਜੈਨਿਥ ਲਿਆਨਗੇ, ਚਮਿਕਾ ਕਰੁਣਾਰਤਨੇ, ਦੁਨਿਥ ਵੇਲਾਲਾਗੇ, ਵਾਨਿੰਦੂ ਹਸਰੰਗਾ, ਮਹੀਸ਼ ਤੀਕਸ਼ਣਾ, ਦੁਸ਼ਮੰਤਾ ਚਮੀਰਾ, ਬਿਨੁਰਾ ਫਰਨਾਂਡੋ, ਨੁਵਾਨ ਤੁਸ਼ਾਰਾ, ਮਥੀਸ਼ਾ ਪਥਿਰਾਨਾ।
ਮੁੰਬਈ ਇੰਡੀਅਨਜ਼ ਨੇ ਨਵੇਂ ਕੋਚ ਦਾ ਕੀਤਾ ਐਲਾਨ, ਇਸ ਦਿਗੱਜ ਨੂੰ ਮਿਲੀ ਅਹਿਮ ਜ਼ਿੰਮੇਵਾਰੀ
NEXT STORY