ਕੇਅਰਨਜ਼ (ਆਸਟ੍ਰੇਲੀਆ)- ਗਲੇਨ ਮੈਕਸਵੈੱਲ (ਅਜੇਤੂ 62) ਅਤੇ ਕਪਤਾਨ ਮਿਚੇਲ ਮਾਰਸ਼ (54) ਦੀਆਂ ਸ਼ਾਨਦਾਰ ਅਰਧਸੈਂਕੜਾ ਪਾਰੀਆਂ ਦੀ ਬਦੌਲਤ ਆਸਟ੍ਰੇਲੀਆ ਨੇ ਸ਼ਨੀਵਾਰ ਨੂੰ ਤੀਜੇ ਟੀ-20 ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 2 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਆਸਟ੍ਰੇਲੀਆ ਨੇ 3 ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ।
173 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਲਈ ਮਿਚੇਲ ਮਾਰਸ਼ ਅਤੇ ਟ੍ਰੈਵਿਸ ਹੈੱਡ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੀ ਵਿਕਟ ਲਈ 66 ਦੌੜਾਂ ਜੋੜੀਆਂ। 8ਵੇਂ ਓਵਰ ’ਚ ਐਡਨ ਮਾਰਕ੍ਰਮ ਨੇ ਹੈੱਡ (19) ਨੂੰ ਆਊਟ ਕਰ ਕੇ ਦੱਖਣੀ ਅਫਰੀਕਾ ਨੂੰ ਪਹਿਲੀ ਸਫਲਤਾ ਦਿਵਾਈ। ਅਗਲੇ ਓਵਰ ’ਚ ਜੋਸ ਇੰਗਲਿਸ (0) ਨੂੰ ਕਾਰਬਿਨ ਬਾਸ਼ ਨੇ ਬੋਲਡ ਕਰ ਦਿੱਤਾ। 11ਵੇਂ ਓਵਰ ’ਚ ਵੇਨਾ ਮਫਾਕਾ ਨੇ ਮਿਚੇਲ ਮਾਰਸ਼ ਨੂੰ ਆਊਟ ਕਰ ਕੇ ਪਵੇਲੀਅਨ ਭੇਜਿਆ।
ਮਾਰਸ਼ ਨੇ 37 ਗੇਂਦਾਂ ’ਚ 5 ਛੱਕਿਆਂ ਅਤੇ 3 ਚੌਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਕੈਮਰਨ ਗ੍ਰੀਨ (9) ਅਤੇ ਟਿਮ ਡੇਵਿਡ 17 ਦੌੜਾਂ ਬਣਾ ਕੇ ਆਊਟ ਹੋਏ। ਐਰਨ ਹਾਰਡੀ (1), ਬੇਨ ਡਵਾਰਸ਼ਵਿਸ (ਇਕ), ਨੇਥਨ ਐਲਿਸ (0) ਦੇ ਆਊਟ ਹੋਣ ਨਾਲ ਆਸਟ੍ਰੇਲੀਆ ਦੇ ਸਾਹਮਣੇ ਹਾਰ ਦਾ ਸੰਕਟ ਖੜ੍ਹਾ ਹੋ ਗਿਆ। ਅਜਿਹੇ ਸਮੇਂ ’ਚ ਮੈਕਸਵੈੱਲ ਨੇ ਇਕ ਗੇਂਦ ਬਾਕੀ ਰਹਿੰਦੇ ਟੀਮ ਦਾ ਸਕੋਰ 8 ਵਿਕਟਾਂ ’ਤੇ 173 ਦੌੜਾਂ ’ਤੇ ਪਹੁੰਚਾ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਮੈਕਸਵੈੱਲ ਨੇ 36 ਗੇਂਦਾਂ ’ਤੇ 8 ਚੌਕੇ ਅਤੇ 2 ਛੱਕੇ ਲਾਏ। ਦੱਖਣੀ ਅਫਰੀਕਾ ਲਈ ਕਾਰਬਿਨ ਬਾਸ਼ ਨੇ 3 ਵਿਕਟਾਂ ਲਈਆਂ। ਕੈਗਿਸੋ ਰਬਾਡਾ ਅਤੇ ਵੇਨਾ ਮਫਾਕਾ ਨੂੰ 2-2 ਵਿਕਟਾਂ ਮਿਲੀਆਂ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ ਸਿਰਫ 2 ਦੌੜਾਂ ਦੇ ਸਕੋਰ ’ਤੇ ਕਪਤਾਨ ਐਡਮ ਮਾਰਕ੍ਰਮ (1) ਦੀ ਵਿਕਟ ਗਵਾ ਦਿੱਤੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਲੁਆਨ-ਦ੍ਰੇ ਪ੍ਰੇਟੋਰੀਅਸ ਨੇ ਰਾਇਨ ਰਿਕਲਟਨ ਨਾਲ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।
5ਵੇਂ ਓਵਰ ’ਚ ਨੇਥਨ ਐਲਿਸ ਨੇ ਤੇਜ਼ੀ ਨਾਲ ਦੌੜਾਂ ਬਣਾ ਰਹੇ ਲੁਆਨ-ਦ੍ਰੇ ਪ੍ਰੇਟੋਰੀਅਸ ਨੂੰ 15 ਗੇਂਦਾਂ ’ਚ (24) ਨੂੰ ਆਊਟ ਕਰ ਕੇ ਆਸਟ੍ਰੇਲੀਆ ਨੂੰ ਦੂਜੀ ਸਫਲਤਾ ਦਿਵਾਈ। ਰਾਇਨ ਰਿਕਲਟਨ 13 ਦੌੜਾਂ ਬਣਾ ਕੇ ਆਊਟ ਹੋਇਆ।
ਇਸ ਤੋਂ ਬਾਅਦ ਡੇਵਾਲਡ ਬ੍ਰੇਵਿਸ ਅਤੇ ਟ੍ਰਿਸਟਨ ਸਟਬਸ ਦੀ ਜੋੜੀ ਨੇ ਚੌਥੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ। 12ਵੇਂ ਓਵਰ ’ਚ ਐਲਿਸ ਨੇ ਡੇਵਾਲਡ ਬ੍ਰੇਵਿਸ ਨੂੰ ਆਊਟ ਕਰ ਕੇ ਇਸ ਸਾਂਝੇ ਨੂੰ ਤੋੜਿਆ। ਡੇਵਾਲਡ ਬ੍ਰੇਵਿਸ ਨੇ 26 ਗੇਂਦਾਂ ’ਚ ਇਕ ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ (53) ਦੌੜਾਂ ਦੀ ਪਾਰੀ ਖੇਡੀ। ਟ੍ਰਿਸਟਨ ਸਟਬਸ ਨੇ 23 ਗੇਂਦਾਂ ’ਚ 25 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ ਨਿਰਧਾਰਤ 20 ਓਵਰਾਂ ’ਚ 7 ਵਿਕਟਾਂ ’ਤੇ 172 ਦੌੜਾਂ ਦਾ ਸਕੋਰ ਖੜ੍ਹਾ ਕੀਤਾ।
ਐਨਰਜੀ ਡਰਿੰਕਸ ‘ਤੇ ਬੈਨ ਤੇ ਜਿੰਮ ਜਾਣ ਵਾਲੇ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੜ੍ਹੋ top-10 ਖ਼ਬਰਾਂ
NEXT STORY