ਦੁਬਈ (ਏਜੰਸੀ) : ਸ਼੍ਰੀਲੰਕਾ ਦੀ ਏਸ਼ੀਆ ਕੱਪ ਵਿਚ ਖ਼ਿਤਾਬੀ ਜਿੱਤ ਦੇ ਹੀਰੋ ਰਹੇ ਭਾਨੁਕਾ ਰਾਜਪਕਸ਼ੇ ਨੇ ਇਸ ਖ਼ਿਤਾਬ ਨੂੰ ਮੁਸੀਬਤ ਦਾ ਸਾਹਮਣਾ ਕਰ ਰਹੇ ਆਪਣੇ ਦੇਸ਼ ਨੂੰ ਸਮਰਪਿਤ ਕੀਤਾ ਹੈ। ਸ਼੍ਰੀਲੰਕਾ ਨੇ ਐਤਵਾਰ ਰਾਤ ਨੂੰ ਖ਼ਿਤਾਬੀ ਮੁਕਾਬਲੇ 'ਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ 2014 ਦੇ ਬਾਅਦ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕੀਤਾ, ਜੋ ਉਨ੍ਹਾਂ ਦਾ ਕੁੱਲ ਛੇਵਾਂ ਖ਼ਿਤਾਬ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ 58 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਰਾਜਪਕਸ਼ੇ (45 ਗੇਂਦਾਂ 'ਤੇ 71 ਦੌੜਾਂ) ਅਤੇ ਵਨਿੰਦੂ ਹਸਾਰੰਗਾ (21 ਗੇਂਦਾਂ 'ਤੇ 36 ਦੌੜਾਂ) ਦੀ ਬਦੌਲਤ ਟੀਮ ਸ਼ਾਨਦਾਰ ਵਾਪਸੀ ਕਰਦੇ ਹੋਏ 6 ਵਿਕਟਾਂ 'ਤੇ 170 ਦੌੜਾਂ ਬਣਾਉਣ ਵਿਚ ਸਫ਼ਲ ਰਹੀ।
ਰਾਜਪਕਸ਼ੇ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਕੁਝ ਦਹਾਕੇ ਪਹਿਲਾਂ ਅਸੀਂ ਹਮੇਸ਼ਾ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਸਾਡੇ 'ਚ ਹਮਲਾਵਰਤਾ ਹੈ ਅਤੇ ਅਸੀਂ ਚਾਹੁੰਦੇ ਸੀ ਕਿ ਇਕ ਟੀਮ ਦੇ ਰੂਪ ਵਿਚ ਅਸੀਂ ਦੁਬਾਰਾ ਉਨ੍ਹਾਂ ਪਲਾਂ ਨੂੰ ਪੈਦਾ ਕਰੀਏ।'
ਉਨ੍ਹਾਂ ਕਿਹਾ, 'ਅੱਗੇ ਵੱਧਦੇ ਹੋਏ ਅਸੀਂ ਵਿਸ਼ਵ ਕੱਪ ਤੋਂ ਪਹਿਲਾਂ ਇਸ ਲੈਅ ਨੂੰ ਬਣਾਈ ਰੱਖਣਾ ਚਾਹੁੰਦੇ ਹਾਂ। ਦੇਸ਼ ਵਿਚ ਸੰਕਟ ਦੇ ਹਾਲਾਤ ਨੂੰ ਦੇਖਦੇ ਹੋਏ ਇਹ ਸ਼੍ਰੀਲੰਕਾ ਦੇ ਸਾਰੇ ਲੋਕਾਂ ਲਈ ਇਕ ਮੁਸ਼ਕਲ ਸਮਾਂ ਹੈ ਪਰ ਆਸ ਹੈ ਕਿ ਅਸੀਂ ਆਪਣੇ ਲੋਕਾਂ ਦੇ ਚਿਹਰਿਆਂ 'ਤੇ ਕੁਝ ਮੁਸਕਰਾਹਟ ਲਿਆਉਣ ਵਿੱਚ ਕਾਮਯਾਬ ਹੋਏ ਹਾਂ।'
ਰਾਜਪਕਸ਼ੇ ਨੇ ਮੁਸਕਰਾਉਂਦੇ ਹੋਏ ਕਿਹਾ, 'ਇਹ ਪੂਰੇ ਦੇਸ਼ ਲਈ ਹੈ ਉਹ ਲੰਬੇ ਸਮੇਂ ਇਸ ਦਾ ਇੰਤਜ਼ਾਰ ਕਰ ਰਹੇ ਸਨ।' ਦੇਸ਼ ਵਿਚ ਸਭ ਤੋਂ ਮਾੜੇ ਆਰਥਿਕ ਸੰਕਟ ਅਤੇ ਸਿਆਸੀ ਅਸ਼ਾਂਤੀ ਦੇ ਪਿਛੋਕੜ 'ਚ ਸ਼੍ਰੀਲੰਕਾ ਨੇ ਏਸ਼ੀਆ ਕੱਪ ਦਾ ਖ਼ਿਤਾਬ ਜਿੱਤਿਆ ਹੈ। ਰਾਜਪਕਸ਼ੇ ਨਾਲ ਮੌਜੂਦਾ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਅਫਗਾਨਿਸਤਾਨ ਤੋਂ ਹਾਰਨ ਦੇ ਬਾਵਜੂਦ ਪੂਰੇ ਟੂਰਨਾਮੈਂਟ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਲਈ ਆਪਣੇ ਸਾਥੀ ਖਿਡਾਰੀਆਂ ਦੀ ਤਾਰੀਫ਼ ਕੀਤੀ।
AUS vs NZ : ਰਿਟਾਇਰਮੈਂਟ ਮੈਚ 'ਚ ਫਿੰਚ ਫਲਾਪ, ਸਮਿਥ ਦਾ ਸੈਂਕੜਾ, ਆਸਟ੍ਰੇਲੀਆ ਨੇ 3-0 ਨਾਲ ਜਿੱਤੀ ਸੀਰੀਜ਼
NEXT STORY