ਮਾਸਕੋ (ਨਿਕਲੇਸ਼ ਜੈਨ)– ਭਾਰਤ ਦੀ ਚੋਟੀ ਦੀ ਮਹਿਲਾ ਖਿਡਾਰੀ ਤੇ ਗ੍ਰੈਂਡਮਾਸਟਰ ਕੋਨੇਰੂ ਹੰਪੀ ਤੇ ਚੀਨ ਦੀ ਵਿਸ਼ਵ ਨੰਬਰ-1 ਹਾਓ ਇਫਾਨ ਵਿਚਾਲੇ ਮੁਕਾਬਲੇ ਕੋਨੇਰੂ ਹੰਪੀ ਦੇ ਪੱਖ ਵਿਚ ਖਤਮ ਹੋਇਆ। ਵੱਡੀ ਗੱਲ ਇਹ ਰਹੀ ਕਿ ਦੋਵਾਂ ਵਿਚਾਲੇ ਹੋਏ 11 ਮੈਚਾਂ ਦੇ ਨਤੀਜੇ ਨਿਕਲੇ, ਮਤਲਬ ਇਕ ਵੀ ਮੈਚ ਡਰਾਅ ਨਹੀਂ ਹੋਇਆ ਤੇ ਜੇਕਰ ਇਸ ਪੂਰੀ ਆਨਲਾਈਨ ਗ੍ਰਾਂ. ਪ੍ਰੀ. ਦੇ ਇਤਿਹਾਸ ਨੂੰ ਦੇਖੋ ਤਾਂ ਅਜੇ ਤਕ ਅਜਿਹਾ ਕਦੇ ਨਹੀਂ ਹੋਇਆ ਸੀ। ਕੋਨੇਰੂ ਹੰਪੀ ਨੇ ਆਪਣੇ ਸਬਰ ਦੀ ਪਛਾਣ ਕਰਵਾਉਂਦੇ ਹੋਏ ਹਾਓ ਇਫਾਨ ਨੂੰ ਹਰਾਇਆ। ਆਖਰੀ ਸਕੋਰ 6-5 ਨਾਲ ਹੰਪੀ ਦੇ ਹੱਕ ਵਿਚ ਰਿਹਾ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਹੰਪੀ ਫਾਈਨਲ ਵਿਚ ਵੀ ਜਿੱਤ ਦਰਜ ਕਰਕੇ ਖਿਤਾਬ ਜਿੱਤ ਸਕੇਗੀ।
ਸਭ ਤੋਂ ਪਹਿਲਾਂ ਦੋਵਾਂ ਵਿਚਾਲੇ 5+1 ਮਿੰਟ ਵਿਚ 3 ਮੁਕਾਬਲੇ ਖੇਡੇ ਗਏ, ਜਿਸ ਵਿਚ ਹੰਪੀ ਨੇ ਪਹਿਲਾ ਮੈਚ ਤਾਂ ਜਿੱਤਿਆ ਪਰ ਉਸ ਤੋਂ ਬਾਅਦ ਦੋ ਮੈਚ ਇਫਾਨ ਨੇ ਜਿੱਤ ਕੇ 2-1 ਨਾਲ ਬੜ੍ਹਤ ਬਣਾ ਲਈ। 2-1 ਨਾਲ ਪਿੱਛੇ ਚੱਲ ਰਹੀ ਹੰਪੀ ਨੇ 3+1 ਮਿੰਟ ਦੇ ਚਾਰ ਮੁਕਾਬਲਿਆਂ ਵਿਚ ਜ਼ੋਰਦਾਰ ਵਾਪਸੀ ਕੀਤੀ ਤੇ ਤਿੰਨ ਮੁਕਾਬਲੇ ਜਿੱਤ ਲਏ ਜਦਕਿ ਇਕ ਹਾਰ ਦੇ ਨਾਲ ਸਕੋਰ 4-3 ਕਰ ਦਿੱਤਾ।
ਇਸ ਤੋਂ ਬਾਅਦ ਵਾਰੀ ਹਾਓ ਇਫਾਨ ਦੀ ਸੀ ਤੇ ਉਸ ਨੇ 1+1 ਮਿੰਟ ਅਰਥਾਤ ਬੁਲੇਟ ਰਾਊਂਡ ਦੇ ਪਹਿਲੇ ਦੋ ਮੁਕਾਬਲੇ ਜਿੱਤ ਕੇ ਸਕੋਰ ਫਿਰ ਤੋਂ ਆਪਣੇ ਪੱਖ ਵਿਚ 5-4 ਕਰ ਲਿਆ ਤੇ ਲੱਗਾ ਕਿ ਹੰਪੀ ਫਾਈਨਲ ਨਹੀਂ ਪਹੁੰਚ ਸਕੇਗੀ। ਪਰ ਹੰਪੀ ਇਸ ਵਾਰ ਵੱਖਰੇ ਹੀ ਮੂਡ ਵਿਚ ਦਿਸੀ ਤੇ ਇਕ ਵਾਰ ਫਿਰ ਤਣਾਅ ਦੇ ਪਲਾਂ ਵਿਚ ਖੁਦ 'ਤੇ ਕੰਟਰੋਲ ਰੱਖਦੇ ਹੋਏ ਉਸ ਨੇ ਸ਼ਾਨਦਾਰ ਖੇਡ ਦਿਖਾਈ ਤੇ ਉਸ ਨੇ ਲਗਾਤਾਰ ਦੋਵੇਂ ਆਖਰੀ ਬੁਲੇਟ ਜਿੱਤ ਕੇ 6-5 ਨਾਲ ਫਾਈਨਲ ਵਿਚ ਜਗ੍ਹਾ ਬਣਾ ਲਈ। ਉਥੇ ਹੀ ਦੂਜੇ ਪਾਸੇ ਰੂਸ ਦੀ ਅਲੈਂਗਜ਼ੈਂਡਰਾ ਕੋਸਟੇਨਿਯੁਕ ਨੇ ਇਰਾਨ ਦੀ ਸਾਰਾ ਸਦਾਤ ਨੂੰ 7.5-4.5 ਦੇ ਫਰਕ ਨਾਲ ਹਰਾਉਂਦੇ ਹੋਏ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਤੇ ਹੁਣ ਫਾਈਨਲ ਵਿਚ ਹੰਪੀ ਉਸ ਨਾਲ ਖੇਡੇਗੀ ਤੇ ਪਿਛਲੀ ਵਾਰ ਕੁਆਰਟਰ ਫਾਈਨਲ ਵਿਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰਨਾ ਚਾਹੇਗੀ।
ਅੱਜ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ ਬੰਗਲਾਦੇਸ਼ੀ ਕ੍ਰਿਕਟਰ
NEXT STORY