ਸਪੋਰਟਸ ਡੈਸਕ: ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਖੇਡ ਦੇ ਨਿਯਮਾਂ ਅਤੇ ਪਲੇਇੰਗ ਕੰਡੀਸ਼ਨਜ਼ ਵਿੱਚ ਕਈ ਵੱਡੇ ਅਤੇ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਹ ਨਵੇਂ ਨਿਯਮ 1 ਅਕਤੂਬਰ 2026 ਜਾਂ ਉਸ ਤੋਂ ਬਾਅਦ ਸ਼ੁਰੂ ਹੋਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਲੜੀਆਂ 'ਤੇ ਲਾਗੂ ਹੋ ਗਏ ਹਨ। ਹਾਲਾਂਕਿ, ਪਹਿਲਾਂ ਤੋਂ ਚੱਲ ਰਹੀਆਂ ਸੀਰੀਜ਼ਾਂ (ਜਿਵੇਂ ਕਿ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼) ਵਿੱਚ ਇਹ ਨਵੇਂ ਨਿਯਮ ਲਾਗੂ ਨਹੀਂ ਹੋਣਗੇ ਅਤੇ ਉਹ ਪੁਰਾਣੇ ਨਿਯਮਾਂ ਤਹਿਤ ਹੀ ਖੇਡੀਆਂ ਜਾਣਗੀਆਂ।
ਸਾਰੇ ਫਾਰਮੈਟਾਂ ਲਈ ਲਾਗੂ ਹੋਏ ਨਵੇਂ ਨਿਯਮ
ਸਮਾਂ ਬਰਬਾਦ ਕਰਨ 'ਤੇ 5 ਦੌੜਾਂ ਦੀ ਪੈਨਲਟੀ
ਜੇਕਰ ਕੋਈ ਬੱਲੇਬਾਜ਼ ਨਿਰਧਾਰਿਤ ਸਮੇਂ ਦੇ ਅੰਦਰ ਗੇਂਦ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹੁੰਦਾ, ਤਾਂ ਪਹਿਲੀ ਵਾਰ ਚੇਤਾਵਨੀ ਅਤੇ ਦੂਜੀ ਵਾਰ ਆਖਰੀ ਚੇਤਾਵਨੀ ਦਿੱਤੀ ਜਾਵੇਗੀ। ਜੇਕਰ ਬੱਲੇਬਾਜ਼ ਤੀਜੀ ਵਾਰ ਜਾਂ ਉਸ ਤੋਂ ਬਾਅਦ ਵੀ ਇਹ ਗਲਤੀ ਦੋਹਰਾਉਂਦਾ ਹੈ, ਤਾਂ ਫੀਲਡਿੰਗ ਟੀਮ ਨੂੰ 5 ਪੈਨਲਟੀ ਰਨ ਦਿੱਤੇ ਜਾਣਗੇ। ਵਾਰ-ਵਾਰ ਅਜਿਹਾ ਕਰਨ 'ਤੇ ਕੋਡ ਆਫ਼ ਕੰਡਕਟ ਤਹਿਤ ਕਾਰਵਾਈ ਵੀ ਹੋ ਸਕਦੀ ਹੈ।
ਰਨ-ਆਊਟ ਅਤੇ ਸਟੰਪਿੰਗ ਲਈ ਪੂਰਾ ਕੰਟਰੋਲ ਲਾਜ਼ਮੀ
ਵਿਕਟਾਂ ਉਡਾਉਂਦੇ ਸਮੇਂ ਫੀਲਡਰ ਦਾ ਗੇਂਦ 'ਤੇ ਪੂਰੀ ਤਰ੍ਹਾਂ ਕੰਟਰੋਲ ਹੋਣਾ ਜ਼ਰੂਰੀ ਕੀਤਾ ਗਿਆ ਹੈ; ਸਿਰਫ਼ ਹੱਥ ਦਾ ਗੇਂਦ ਨਾਲ ਛੂਹਣਾ ਕਾਫ਼ੀ ਨਹੀਂ ਹੋਵੇਗਾ।
ਓਵਰਥ੍ਰੋ ਅਤੇ ਮਿਸਫੀਲਡ ਦਾ ਫਰਕ
ਰਨ ਰੋਕਣ ਜਾਂ ਰਨ-ਆਊਟ ਕਰਨ ਦੇ ਇਰਾਦੇ ਨਾਲ ਸਟੰਪਸ ਵੱਲ ਸੁੱਟੀ ਗਈ ਗੇਂਦ ਨੂੰ ਹੀ ਓਵਰਥ੍ਰੋ ਮੰਨਿਆ ਜਾਵੇਗਾ। ਗੇਂਦ ਰੋਕਣ ਜਾਂ ਦੂਜੇ ਖਿਡਾਰੀ ਨੂੰ ਪਾਸ ਕਰਨ ਵੇਲੇ ਹੋਈ ਗਲਤੀ ਮਿਸਫੀਲਡ ਅਖਵਾਏਗੀ।
ਡੇਡ ਬਾਲ 'ਤੇ ਅੰਪਾਇਰ ਦਾ ਫੈਸਲਾ
ਅੰਪਾਇਰ ਕੋਲ ਇਹ ਤੈਅ ਕਰਨ ਦੀ ਪੂਰੀ ਛੋਟ ਹੋਵੇਗੀ ਕਿ ਗੇਂਦ ਕਦੋਂ ਡੇਡ ਹੋ ਚੁੱਕੀ ਹੈ; ਹੁਣ ਗੇਂਦ ਦਾ ਗੇਂਦਬਾਜ਼ ਜਾਂ ਵਿਕਟਕੀਪਰ ਦੇ ਹੱਥਾਂ ਵਿੱਚ ਹੋਣਾ ਜ਼ਰੂਰੀ ਨਹੀਂ ਹੈ।
ਮਹਿਲਾ ਅਤੇ ਜੂਨੀਅਰ ਕ੍ਰਿਕਟ ਗੇਂਦਾਂ ਦੇ ਮਾਪਦੰਡ
ਪੁਰਸ਼ਾਂ ਵਾਂਗ ਹੁਣ ਮਹਿਲਾ ਅਤੇ ਜੂਨੀਅਰ ਕ੍ਰਿਕਟ ਲਈ ਵੀ ਗੇਂਦਾਂ ਦੇ ਭਾਰ ਅਤੇ ਆਕਾਰ ਦੀਆਂ ਤਿੰਨ ਵੱਖ-ਵੱਖ ਸ਼੍ਰੇਣੀਆਂ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਲਈ ਜ਼ਿਆਦਾ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ।
ਟੈਸਟ ਕ੍ਰਿਕਟ ਲਈ ਖ਼ਾਸ ਬਦਲਾਅ:
ਡੇ-ਟੈਸਟ 'ਚ ਪਿੰਕ ਬਾਲ ਦਾ ਟ੍ਰਾਇਲ
ਖਰਾਬ ਰੋਸ਼ਨੀ ਕਾਰਨ ਮੈਚ ਰੁਕਣ ਦੀ ਸਮੱਸਿਆ ਨਾਲ ਨਜਿੱਠਣ ਲਈ ਦੋਵੇਂ ਟੀਮਾਂ ਦੀ ਆਪਸੀ ਸਹਿਮਤੀ ਨਾਲ ਦਿਨ ਦੇ ਟੈਸਟ ਮੈਚਾਂ ਵਿੱਚ ਵੀ ਪਿੰਕ (ਗੁਲਾਬੀ) ਬਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਫੈਸਲਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਲੈਣਾ ਹੋਵੇਗਾ ਅਤੇ ਪੂਰੇ ਮੈਚ ਵਿੱਚ ਸਿਰਫ਼ ਪਿੰਕ ਬਾਲ ਹੀ ਚੱਲੇਗੀ।
ਦਿਨ ਦੇ ਆਖਰੀ ਓਵਰ 'ਚ ਵਿਕਟ ਡਿੱਗਣ 'ਤੇ ਖੇਡ ਜਾਰੀ ਰਹੇਗੀ
ਜੇਕਰ ਦਿਨ ਦੇ ਆਖਰੀ ਓਵਰ ਵਿੱਚ ਕੋਈ ਵਿਕਟ ਡਿੱਗਦੀ ਹੈ ਅਤੇ ਓਵਰ ਦੀਆਂ ਕੁਝ ਗੇਂਦਾਂ ਬਾਕੀ ਹਨ, ਤਾਂ ਖੇਡ ਖ਼ਤਮ ਨਹੀਂ ਹੋਵੇਗੀ ਅਤੇ ਬਾਕੀ ਬਚੀਆਂ ਗੇਂਦਾਂ ਉਸੇ ਦਿਨ ਹੀ ਸੁੱਟੀਆਂ ਜਾਣਗੀਆਂ।
ਵਨਡੇ ਅਤੇ ਟੀ-20I ਦੇ ਨਵੇਂ ਨਿਯਮ:
ਵਾਈਡ ਬਾਲ ਦਾ ਨਿਯਮ ਸਥਾਈ
ਬੱਲੇਬਾਜ਼ ਦੀ ਕ੍ਰੀਜ਼ 'ਤੇ ਹਲਚਲ ਨੂੰ ਦੇਖਦੇ ਹੋਏ ਗੇਂਦਬਾਜ਼ਾਂ ਨੂੰ ਰਾਹਤ ਦੇਣ ਵਾਲਾ ਨਿਯਮ ਹੁਣ ਸਥਾਈ ਕਰ ਦਿੱਤਾ ਗਿਆ ਹੈ । ਗੇਂਦ ਸੁੱਟਣ ਸਮੇਂ ਬੱਲੇਬਾਜ਼ ਦੇ ਪੈਰਾਂ ਦੀ ਸ਼ੁਰੂਆਤੀ ਸਥਿਤੀ ਨੂੰ ਹੀ ਵਾਈਡ ਦਾ ਆਧਾਰ ਮੰਨਿਆ ਜਾਵੇਗਾ।
ਡ੍ਰਿੰਕਸ ਬ੍ਰੇਕ 'ਚ ਹੈੱਡ ਕੋਚ ਦੀ ਐਂਟਰੀ
ਵਨਡੇ ਅਤੇ ਟੀ-20 ਦੋਵਾਂ ਵਿੱਚ ਡ੍ਰਿੰਕਸ ਬ੍ਰੇਕ ਦੌਰਾਨ ਹੈੱਡ ਕੋਚ ਨੂੰ ਮੈਦਾਨ 'ਤੇ ਆ ਕੇ ਰਣਨੀਤੀ ਸਾਂਝੀ ਕਰਨ ਦੀ ਅਧਿਕਾਰਤ ਇਜਾਜ਼ਤ ਦਿੱਤੀ ਗਈ ਹੈ।
ਟੀ-20 'ਚ 15 ਮਿੰਟ ਦਾ ਫਿਕਸਡ ਬ੍ਰੇਕ
ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋਵਾਂ ਪਾਰੀਆਂ ਵਿਚਾਲੇ 15 ਮਿੰਟ ਦਾ ਬ੍ਰੇਕ ਹੋਵੇਗਾ, ਜਿਸ ਨੂੰ ਸਮੇਂ ਦੀ ਬਰਬਾਦੀ ਹੋਣ 'ਤੇ 10 ਮਿੰਟ ਤੱਕ ਘਟਾਇਆ ਜਾ ਸਕਦਾ ਹੈ।
ਪਾਵਰਪਲੇਅ ਤੋਂ ਬਾਅਦ ਸਾਡੇ 'ਤੇ ਕੋਈ ਦਬਾਅ ਨਹੀਂ ਸੀ : ਸ਼ੁਭਮਨ ਗਿੱਲ
NEXT STORY