ਗਾਲੇ– ਜਾਨੀ ਬੇਅਰਸਟੋ (ਅਜੇਤੂ 35) ਤੇ ਡੇਨੀਅਲ ਲਾਰੈਂਸ (ਅਜੇਤੂ 21) ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਇੰਗਲੈਂਡ ਨੇ ਸ਼੍ਰੀਲੰਕਾ ਨੂੰ ਪਹਿਲੇ ਕ੍ਰਿਕਟ ਟੈਸਟ ਦੇ 5ਵੇਂ ਤੇ ਆਖਰੀ ਦਿਨ ਸੋਮਵਾਰ ਨੂੰ 7 ਵਿਕਟਾਂ ਨਾਲ ਹਰਾ ਕੇ 2 ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ।
ਸ਼੍ਰੀਲੰਕਾ ਨੇ ਇੰਗਲੈਂਡ ਨੂੰ 74 ਦੌੜਾਂ ਦਾ ਟੀਚਾ ਦਿੱਤਾ ਸੀ ਤੇ ਇੰਗਲੈਂਡ ਨੇ ਆਖਰੀ ਦਿਨ 3 ਵਿਕਟਾਂ ’ਤੇ 38 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 24.2 ਓਵਰਾਂ ਵਿਚ 3 ਵਿਕਟਾਂ ’ਤੇ 76 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਜੋ ਰੂਟ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਰੂਟ ਨੇ ਪਹਿਲੀ ਪਾਰੀ ਵਿਚ 228 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਚੌਥੇ ਦਿਨ ਦੂਜੀ ਪਾਰੀ ਵਚ 359 ਦੌੜਾਂ ਬਣਾਈਆਂ ਤੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 74 ਦੌੜਾਂ ਦਾ ਟੀਚਾ ਰੱਖਿਆ ਸੀ।
ਇਹ ਇੰਗਲੈਂਡ ਦੀ ਵਿਦੇਸ਼ੀ ਧਰਤੀ ’ਤੇ ਲਗਾਤਾਰ ਚੌਥੀ ਜਿੱਤ ਹੈ। 1955-57 ਤੋਂ ਬਾਅਦ ਤੋਂ ਅਜਿਹਾ ਪਹਿਲੀ ਵਾਰ ਹੈ ਜਦੋਂ ਇੰਗਲੈਂਡ ਨੇ ਵਿਦੇਸ਼ੀ ਧਰਤੀ ’ਤੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ ਹੈ। ਇੰਗਲੈਂਡ ਨੇ ਤਦ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਇਸਦੇ ਨਾਲ ਹੀ ਇਹ ਇੰਗਲੈਂਡ ਦੀ ਸ਼੍ਰੀਲੰਕਾ ਵਿਚ ਲਗਾਤਾਰ 5ਵੀਂ ਟੈਸਟ ਜਿੱਤ ਹੈ ਤੇ ਗਾਲੇ ਵਿਚ ਲਗਾਤਾਰ ਦੂਜੀ ਜਿੱਤ ਹੈ।
ਕਪਤਾਨ ਰਹਿੰਦਿਆਂ ਰੂਟ ਦੀ ਇਹ 24ਵੀਂ ਜਿੱਤ ਹੈ ਤੇ ਉਹ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਜਿੱਤਣ ਦੇ ਮਾਮਲੇ ਵਿਚ ਮਾਈਕਲ ਵਾਨ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਵਾਨ ਦੀ ਕਪਤਾਨੀ ਵਿਚ ਇੰਗਲੈਂਡ ਨੇ 26 ਟੈਸਟ ਮੁਕਾਬਲੇ ਜਿੱਤੇ ਹਨ। ਬੇਨ ਸਟੋਕਸ ਦੇ ਬਿਨਾਂ ਰੂਟ ਦੀ ਵਿਦੇਸ਼ੀ ਧਰਤੀ ’ਤੇ ਇਹ ਪਹਿਲੀ ਟੈਸਟ ਜਿੱਤ ਹੈ।
ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਦਾ ਦੂਜਾ ਤੇ ਆਖਰੀ ਟੈਸਟ ਮੁਕਾਬਲਾ ਇਸੇ ਮੈਦਾਨ ’ਤੇ 22 ਜਨਵਰੀ ਤੋਂ ਸ਼ੁਰੂ ਹੋਵੇਗਾ, ਜਿਸ ਵਿਚ ਇੰਗਲੈਂਡ ਦੀਆਂ ਨਜ਼ਰਾਂ 2-0 ਨਾਲ ਜਿੱਤ ਕਰਕੇ ਕਲੀਨ ਸਵੀਪ ਕਰਨ ’ਤੇ ਲੱਗੀਆਂ ਹੋਣਗੀਆਂ ਜਦਕਿ ਮੇਜ਼ਬਾਨ ਸ਼੍ਰੀਲੰਕਾ ਬਰਾਬਰੀ ਕਰਨ ਉਤਰੇਗੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਸੰਨਿਆਸ ਤੋੜ ਕੇ ਮੁੜ ਪਾਕਿ ਲਈ ਖੇਡਣਗੇ ਮੁਹੰਮਦ ਆਮਿਰ, ਰੱਖੀ ਇਹ ਸ਼ਰਤ
NEXT STORY