ਵੈਲਿੰਗਟਨ– ਇੰਗਲੈਂਡ ਨੇ 3 ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਵਿਚ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਨੂੰ 323 ਦੌੜਾਂ ਨਾਲ ਹਰਾ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਇੰਗਲੈਂਡ ਨੇ ਮੈਚ ਦੇ ਚੌਥੇ ਦਿਨ ਦੀ ਸ਼ੁਰੂਆਤ ਵਿਚ ਅੱਧੇ ਘੰਟੇ ਬੱਲੇਬਾਜ਼ੀ ਕੀਤੀ, ਜਿਸ ਦੌਰਾਨ ਧਾਕੜ ਜੋ ਰੂਟ (106) ਨੇ ਆਪਣੇ ਕਰੀਅਰ ਦਾ 36ਵਾਂ ਟੈਸਟ ਸੈਂਕੜਾ ਪੂਰਾ ਕੀਤਾ।
ਪਹਿਲੀ ਪਾਰੀ ਵਿਚ 155 ਦੌੜਾਂ ਦੀ ਬੜ੍ਹਤ ਲੈਣ ਵਾਲੀ ਟੀਮ ਨੇ 6 ਵਿਕਟਾਂ ’ਤੇ 427 ਦੌੜਾਂ ’ਤੇ ਪਾਰੀ ਖਤਮ ਐਲਾਨ ਕਰਕੇ ਨਿਊਜ਼ੀਲੈਂਡ ਨੂੰ ਜਿੱਤ ਲਈ 583 ਦੌੜਾਂ ਦਾ ਟੀਚਾ ਦਿੱਤਾ। ਜਿੱਤ ਲਈ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਦੂਜੀ ਪਾਰੀ ਵਿਚ ਵਿਕਟਕੀਪਰ ਟਾਮ ਬਲੰਡੇਲ (115) ਦੇ ਸੈਂਕੜੇ ਦੇ ਬਾਵਜੂਦ 259 ਦੌੜਾਂ ’ਤੇ ਆਊਟ ਹੋ ਗਈ। ਇੰਗਲੈਂਡ ਨੇ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਜਿੱਤਿਆ ਸੀ।
ਦੂਜੇ ਟੈਸਟ ਵਿਚ ਜਿੱਤ ਦੇ ਨਾਲ ਉਸ ਨੇ ਨਿਊਜ਼ੀਲੈਂਡ ਵਿਚ 2008 ਤੋਂ ਬਾਅਦ ਪਹਿਲੀ ਵਾਰ ਟੈਸਟ ਲੜੀ ਵਿਚ ਜਿੱਤ ਦਾ ਸਵਾਦ ਚੱਖਿਆ। ਲੜੀ ਦਾ ਤੀਜਾ ਟੈਸਟ ਸ਼ਨੀਵਾਰ ਤੋਂ ਖੇਡਿਆ ਜਾਵੇਗਾ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ 5 ਵਿਕਟਾਂ ’ਤੇ 533 ਦੌੜਾਂ ਤੋਂ ਅੱਗੇ ਕੀਤੀ। ਰੂਟ ਨੇ ਬੀਤੇ ਦਿਨ ਦੀਆਂ 73 ਦੌੜਾਂ ਦੇ ਆਪਣੇ ਸਕੋਰ ਨੂੰ ਸੈਂਕੜੇ ਵਿਚ ਬਦਲਿਆ। ਉਸ ਨੇ 127 ਗੇਂਦਾਂ ਦੀ ਪਾਰੀ ਵਿਚ 10 ਚੌਕੇ ਲਾਏ। ਵਿਲ ਓ ਰਾਓਰਕੀ ਦੀ ਗੇਂਦ ’ਤੇ ਰੂਟ ਦੇ ਆਊਟ ਹੁੰਦੇ ਹੀ ਕਪਤਾਨ ਬੇਨ ਸਟੋਕਸ ਨੇ ਪਾਰੀ ਖਤਮ ਐਲਾਨ ਕਰ ਦਿੱਤੀ। ਸਟੋਕਸ 49 ਦੌੜਾਂ ’ਤੇ ਅਜੇਤੂ ਰਿਹਾ।
ਟੀਚੇ ਦਾ ਬਚਾਅ ਕਰਦੇ ਹੋਏ ਕ੍ਰਿਸ ਵੋਕਸ ਨੇ ਆਪਣੇ ਸ਼ੁਰੂਆਤੀ 4 ਓਵਰਾਂ ਵਿਚ ਡੇਵੋਨ ਕਾਨਵੇ (0) ਤੇ ਕੇਨ ਵਿਲੀਅਮਸਨ (4) ਨੂੰ ਆਊਟ ਕਰਕੇ ਇੰਗਲੈਂਡ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਬ੍ਰੈਂਡਨ ਕਾਰਸ ਨੇ ਕਪਤਾਨ ਟਾਮ ਲਾਥਮ (24) ਤੇ ਰਚਿਨ ਰਵਿੰਦਰ (6) ਨੂੰ ਆਊਟ ਕੀਤਾ, ਜਿਸ ਨਾਲ ਟੀਮ ਨੇ ਲੰਚ ਦੇ ਸਮੇਂ ਤੱਕ 59 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ। ਬਲੰਡੇਲ ਨੇ ਨਾਥਨ ਸਮਿਥ (42) ਦੇ ਨਾਲ 7ਵੀਂ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਦੀ ਜਿੱਤ ਦੇ ਇੰਤਜ਼ਾਰ ਨੂੰ ਵਧਾਇਆ। ਉਸ ਨੇ ਸ਼ੋਏਬ ਬਸ਼ੀਰ ਦੀ ਗੇਂਦ ’ਤੇ ਆਊਟ ਹੋਣ ਤੋਂ ਪਹਿਲਾਂ 102 ਗੇਂਦਾਂ ਦੀ ਆਪਣੀ ਪਾਰੀ ਵਿਚ 13 ਚੌਕੇ ਤੇ 5 ਛੱਕੇ ਲਾਏ। ਇੰਗਲੈਂਡ ਲਈ ਬੇਨ ਸਟੋਕਸ ਨੇ 3 ਜਦਕਿ ਵੋਕਸ , ਕਾਰਸ ਤੇ ਬਸ਼ੀਰ ਨੇ 2-2 ਵਿਕਟਾਂ। ਪਹਿਲੀ ਪਾਰੀ ਵਿਚ ਹੈਟ੍ਰਿਕ ਲੈਣ ਵਾਲੇ ਗਸ ਐਟਕਿੰਸਨ ਨੂੰ ਇਕ ਸਫਲਤਾ ਮਿਲੀ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 280 ਦੌੜਾਂ ਬਣਾਉਣ ਤੋਂ ਬਾਅਦ ਨਿਊਜ਼ੀਲੈਂਡ ਨੂੰ 125 ਦੌੜਾਂ ’ਤੇ ਆਊਟ ਕੀਤਾ।
ਅਗਲੇ ਮਹੀਨੇ ਹੋਣ ਵਾਲੇ ਖੋ-ਖੋ ਵਿਸ਼ਵ ਕੱਪ ਲਈ ਸਿਖਲਾਈ ਕੈਂਪ ਮੰਗਲਵਾਰ ਤੋਂ ਹੋਵੇਗਾ ਸ਼ੁਰੂ
NEXT STORY