ਡਬਲਿਨ- ਰਿਤੂਰਾਜ ਗਾਇਕਵਾੜ ਦਾ ਮੰਨਣਾ ਹੈ ਕਿ ਕਿਸੇ ਟੀਮ ਦੀ ਅਗਵਾਈ ਕਰਨਾ ਸੌਖਾ ਕੰਮ ਨਹੀਂ ਹੈ, ਪਰ ਉਹ ਅਗਲੇ ਮਹੀਨੇ ਏਸ਼ੀਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਦੇ ਹੋਏ ਚੇਨਈ ਸੁਪਰ ਕਿੰਗਸ ਦੇ ਆਪਣੇ ਕਪਤਾਨ ਮਹਿੰਦਰ ਸਿੰਘ ਧੋਨੀ 'ਤੋਂ ਮਿਲੀ ਸਿੱਖਿਆ 'ਤੇ ਅਮਲ ਕਰਕੇ ਉਸ ਵਾਂਗ ਹੀ ਇਸਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰੇਗਾ। ਗਾਇਕਵਾੜ ਹਾਂਗਝੋਉ 'ਚ ਹੋਣ ਵਾਲੀ ਏਸ਼ੀਆਈ ਖੇਡਾਂ ਵਿੱਚ ਨੌਜਵਾਨ ਟੀਮ ਦੀ ਕਪਤਾਨੀ ਕਰੇਗਾ ਕਿਉਂਕਿ ਉਸ ਸਮੇਂ ਟੀਮ ਦੇ ਸੀਨੀਅਰ ਖਿਡਾਰੀ ਵਿਸ਼ਵ ਕੱਪ ਦੀਆਂ ਤਿਆਰੀਆਂ 'ਚ ਲੱਗੇ ਹੋਣਗੇ।
ਗਾਇਕਵਾੜ ਨੇ ਕਿਹਾ, 'ਇਮਾਨਦਾਰੀ ਨਾਲ ਕਹਾਂ ਤਾਂ ਕਿਸੇ ਟੀਮ ਦੀ ਕਪਤਾਨੀ ਕਰਨਾ ਬਹੁਤ ਮੁਸ਼ਕਲ ਕੰਮ ਹੈ। ਜਿਵੇਂ ਕਿ ਮਾਹੀ ਭਰਾ (ਧੋਨੀ) ਹਮੇਸ਼ਾ ਕਹਿੰਦਾ ਹੈ ਕਿ ਇੱਕ ਵਾਰ 'ਚ ਇੱਕੋ ਮੈਚ 'ਤੇ ਧਿਆਨ ਦਿਓ ਅਤੇ ਭਵਿੱਖ ਦੀ ਚਿੰਤਾ ਨਾ ਕਰੋ। ਉਸਨੇ ਕਿਹਾ, 'ਹਰ ਕੋਈ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੈ। ਮੈਂ ਉਨ੍ਹਾਂ ਲੋਕਾਂ ਵਿੱਚੋਂ ਨਹੀਂ ਜੋ ਸੋਸ਼ਲ ਮੀਡੀਆ 'ਤੇ ਧਿਆਨ ਦਿੰਦੇ ਹਨ ਜਾਂ ਉਨ੍ਹਾਂ ਗੱਲਾਂ ਤੇ ਗ਼ੌਰ ਕਰਨ ਜੋ ਮੇਰੇ ਬਾਰੇ ਕਹੀਆਂ ਜਾ ਰਹੀਆਂ ਹਨ।'
ਗਾਇਕਵਾੜ ਨੇ ਆਈਰਲੈਂਡ ਦੇ ਖ਼ਿਲਾਫ਼ ਐਤਵਾਰ ਨੂੰ ਇੱਥੇ ਦੂਸਰੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਦੀ 33 ਦੌੜਾਂ ਨਾਲ ਜਿੱਤ ਦੇ ਬਾਅਦ ਗੱਲਬਾਤ ਦੌਰਾਨ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਇੱਕ ਅਜਿਹੀ ਚੀਜ਼ ਹੈ ਜੋ ਮੈਂ ਚੇਨਈ ਸੁਪਰ ਕਿੰਗਸ 'ਚ ਸਿੱਖੀ। ਮੈਦਾਨ 'ਤੇ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਅਤੇ ਫ਼ਿਰ ਵਾਪਸ ਜਾ ਕੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਨੂੰ ਲੈ ਕੇ ਮੇਰੀ ਰਾਏ ਬਹੁਤ ਸਪੱਸ਼ਟ ਹੈ।'
ਵੈਸਟਇੰਡੀਜ਼ ਦੌਰੇ ਦੌਰਾਨ ਜ਼ਿਆਦਾਰਤ ਸਮਾਂ ਬਾਹਰ ਬੈਠ ਕੇ ਬਿਤਾਉਣ ਵਾਲਾ ਸੱਜੇ ਹੱਥ ਦਾ ਬੱਲੇਬਾਜ਼ ਆਇਰਲੈਂਡ ਵਿੱਚ ਪਾਰੀ ਦਾ ਆਗਾਜ਼ ਕਰ ਰਿਹਾ ਹੈ। ਉਸਨੇ ਦੂਜੇ ਮੈਚ ਵਿੱਚ ਹੌਲੀ ਸ਼ੁਰੂਆਤ ਦੇ ਬਾਅਦ 43 ਗੇਂਦਾਂ 'ਚ 58 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਗਾਇਕਵਾੜ ਨੇ ਕਿਹਾ, 'ਰਾਤ ਨੂੰ ਮੀਂਹ ਪੈਣ ਦੇ ਕਾਰਨ ਵਿਕਟ 'ਚ ਥੋੜ੍ਹੀ ਨਮੀ ਸੀ ਅਤੇ ਗੇਂਦ ਰੁਕ ਕੇ ਬੱਲੇ 'ਤੇ ਆ ਰਹੀ ਸੀ। ਅਜਿਹੇ 'ਚ ਵਿਕਟ 'ਤੇ ਸ਼ਾਟ ਖੇਡਣਾ ਆਸਾਨ ਨਹੀਂ ਸੀ। ਓਪਨਰ ਹੋਣ ਦੇ ਕਾਰਨ ਮੇਰੇ ਕੋਲ ਕੁਝ ਗੇਂਦਾ ਛੱਡ ਕੇ ਪੈਰ ਜਮਾਉਣ ਅਤੇ ਫ਼ਿਰ ਉਸ ਦੀ ਕਮੀ ਪੂਰੀ ਕਰਨ ਦਾ ਮੌਕਾ ਸੀ।'
ਉਸਨੇ ਕਿਹਾ, 'ਆਮ ਤੌਰ 'ਤੇ ਜਦੋਂ ਬਾਕੀ ਬੱਲੇਬਾਜ਼ ਕ੍ਰੀਜ਼ 'ਤੇ ਉਤਰਦੇ ਹਨ ਤਾਂ ਬਹੁਤ ਘੱਟ ਓਵਰ ਬਚੇ ਹੁੰਦੇ ਹਨ ਅਤੇ ਅਜਿਹੇ 'ਚ ਤੁਸੀਂ ਜ਼ਿਆਦਾ ਗੇਂਦਾਂ ਨਹੀਂ ਛੱਡ ਸਕਦੇ। ਇੱਕ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਤੁਹਾਨੂੰ ਵਿਕਟ ਨੂੰ ਸਮਝਣ ਲਈ ਕਾਫ਼ੀ ਸਮਾਂ ਮਿਲਦਾ ਹੈ।' ਗਾਇਕਵਾੜ ਨੂੰ ਨਿਯਮਤ ਤੌਰ 'ਤੇ ਖੇਡਣ ਦਾ ਮੌਕਾ ਨਹੀਂ ਮਿਲਦਾ ਅਤੇ ਇਸ ਲਈ ਆਇਰਲੈਂਡ ਲੜੀ ਉਸ ਲਈ ਮਹੱਤਵਪੂਰਨ ਬਣ ਜਾਂਦੀ ਹੈ। ਉਸਨੇ ਕਿਹਾ, 'ਇਹ ਬੇਹੱਦ ਮਹੱਤਵਪੂਰਨ ਹੈ। ਜਦੋਂ ਤੁਸੀਂ ਪਹਿਲੇ ਮੈਚ 'ਤੋਂ ਹੀ ਖੇਡਦੇ ਹੋ ਤਾਂ ਇਹ ਕਾਫ਼ੀ ਵੱਖ ਹੁੰਦਾ ਹੈ। ਤੁਸੀਂ ਕਾਫ਼ੀ ਆਤਮ-ਵਿਸ਼ਵਾਸ , ਚੰਗੀ ਤਿਆਰੀ ਅਤੇ ਵਧੀਆ ਮਾਨਸਿਕਤਾ ਨਾਲ ਕ੍ਰੀਜ਼ 'ਤੇ ਉਤਰਦੇ ਹੋ। ਮੁੱਖ ਟੀਮ 'ਚ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਇਸ ਲਈ ਉੱਥੇ ਮੌਕਾ ਨਹੀਂ ਮਿਲਦਾ। ਅਜਿਹੇ 'ਚ ਇਹ ਇੱਕ ਸ਼ਾਨਦਾਰ ਮੌਕਾ ਹੈ ਅਤੇ ਸਾਨੂੰ ਇੱਕ ਹੋਰ ਮੈਚ ਖੇਡਣਾ ਹੈ।'
ਗਾਇਕਵਾੜ ਨੇ ਰਿੰਕੂ ਸਿੰਘ ਦੀ ਵੀ ਤਾਰੀਫ਼ ਕੀਤੀ ਜਿਸਨੇ ਆਈ. ਪੀ. ਐੱਲ. ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤੀ ਟੀਮ 'ਚ ਜਗ੍ਹਾ ਬਣਾਈ ਅਤੇ ਇੱਥੇ ਦੂਜੇ ਮੈਚ 'ਚ ਮੌਕਾ ਮਿਲਣ 'ਤੇ 21 ਗੇਂਦਾਂ 'ਤੇ 38 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਗਾਇਕਵਾੜ ਨੇ ਕਿਹਾ, 'ਉਹ ਆਈ. ਪੀ. ਐੱਲ. 'ਚ ਹੀ ਸਭ ਦਾ ਪਸੰਦੀਦਾ ਖਿਡਾਰੀ ਬਣ ਗਿਆ ਸੀ। ਇਸ ਸਾਲ ਉਹ ਜਿਸ ਤਰ੍ਹਾਂ ਬੱਲੇਬਾਜ਼ੀ ਕਰ ਰਿਹਾ ਹੈ, ਉਸ 'ਚ ਕਾਫ਼ੀ ਸੰਪੂਰਨਤਾ ਨਜ਼ਰ ਆ ਰਹੀ ਹੈ ਅਤੇ ਸਭ 'ਤੋਂ ਵਧੀਆ ਗੱਲ ਇਹ ਹੈ ਕਿ ਉਹ ਪਹਿਲੀ ਗੇਂਦ 'ਤੋਂ ਹੀ ਹਮਲਾ ਨਹੀਂ ਕਰਦਾ। ਉਹ ਸਥਿਤੀ ਦਾ ਜਾਇਜ਼ਾ ਲੈ ਕੇ ਫੇਰ ਹਮਲਾ ਕਰਦਾ ਹੈ।'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੀ ਮਸ਼ਾਲ ਮਾਰਚ 22 ਅਗਸਤ ਨੂੰ ਲੁਧਿਆਣਾ ਤੋਂ ਸ਼ੁਰੂ ਹੋਵੇਗੀ: ਮੀਤ ਹੇਅਰ
NEXT STORY