ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਕੁਆਲੀਫਾਇਰ-2 ਮੁਕਾਬਲੇ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ ਇੱਕਤਰਫਾ ਅੰਦਾਜ਼ ਵਿੱਚ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਗੁਜਰਾਤ ਦੀ ਟੀਮ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖਿਲਾਫ ਖਿਤਾਬੀ ਮੁਕਾਬਲਾ ਖੇਡੇਗੀ।
215 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਖੇਡੇ। ਗਿੱਲ ਨੇ ਮਹਿਜ਼ 52 ਗੇਂਦਾਂ ਵਿੱਚ 104 ਦੌੜਾਂ ਦੀ ਕਪਤਾਨੀ ਪਾਰੀ ਖੇਡੀ, ਜਿਸ ਨੇ ਰਾਜਸਥਾਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਦਾ ਸਾਥ ਦਿੰਦਿਆਂ ਸਾਈ ਸੁਦਰਸ਼ਨ ਨੇ ਵੀ 58 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਜਦੋਂ ਗਿੱਲ ਆਊਟ ਹੋਏ, ਉਦੋਂ ਗੁਜਰਾਤ ਨੂੰ ਜਿੱਤ ਲਈ ਸਿਰਫ਼ 30 ਗੇਂਦਾਂ ਵਿੱਚ 33 ਦੌੜਾਂ ਦੀ ਲੋੜ ਸੀ।
ਇਸ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਜਸਥਾਨ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 214 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਰਾਜਸਥਾਨ ਲਈ ਨੌਜਵਾਨ ਸਟਾਰ ਵੈਭਵ ਸੂਰਿਆਵੰਸ਼ੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 47 ਗੇਂਦਾਂ ਵਿੱਚ 96 ਦੌੜਾਂ ਬਣਾਈਆਂ, ਜਿਸ ਵਿੱਚ 8 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਰਵਿੰਦਰ ਜਡੇਜਾ ਨੇ ਵੀ 45 ਦੌੜਾਂ ਦੀ ਅਜੇਤੂ ਪਾਰੀ ਖੇਡੀ, ਪਰ ਗਿੱਲ ਦੇ ਸੈਂਕੜੇ ਨੇ ਇਸ ਸਾਰੇ ਪ੍ਰਦਰਸ਼ਨ ਨੂੰ ਫਿੱਕਾ ਪਾ ਦਿੱਤਾ।
ਗੁਜਰਾਤ ਵੱਲੋਂ ਕਗਿਸੋ ਰਬਾਡਾ ਅਤੇ ਜੇਸਨ ਹੋਲਡਰ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਮੁਹੰਮਦ ਸਿਰਾਜ ਨੇ ਰਾਜਸਥਾਨ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਪਹਿਲੇ ਹੀ ਓਵਰ ਵਿੱਚ ਆਊਟ ਕਰਕੇ ਵੱਡੀ ਸਫਲਤਾ ਦਿਵਾਈ।
ਹੁਣ ਸਭ ਦੀਆਂ ਨਜ਼ਰਾਂ 31 ਮਈ ਨੂੰ ਹੋਣ ਵਾਲੇ ਫਾਈਨਲ 'ਤੇ ਹਨ, ਜਿੱਥੇ ਬੈਂਗਲੁਰੂ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ।
GT vs RR IPL Qualifier 2 : ਸੈਂਕੜੇ ਤੋਂ ਖੁੰਝਿਆ ਵੈਭਵ ਸੂਰਿਆਵੰਸ਼ੀ, ਰਾਜਸਥਾਨ ਨੇ ਗੁਜਰਾਤ ਨੂੰ ਦਿੱਤਾ 215 ਦੌੜਾਂ
NEXT STORY