ਹੈਦਰਾਬਾਦ : ਪਿਛਲੇ ਦੋ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਮੰਗਲਵਾਰ ਨੂੰ ਇੱਥੇ ਦਿੱਲੀ ਕੈਪੀਟਲਸ ਵਿਰੁੱਧ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚ ’ਚ ਘਰੇਲੂ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗੀ। ਦੋਵਾਂ ਟੀਮਾਂ ਦੇ ਅਜੇ 6-6 ਅੰਕ ਹਨ ਪਰ ਸਨਰਾਈਜ਼ਰਜ਼ ਦੀ ਨੈੱਟ ਰਨ ਰੇਟ ਬਿਹਤਰ ਹੈ ਤੇ ਇਸ ਲਈ ਉਹ ਚੌਥੇ ਸਥਾਨ ’ਤੇ ਕਾਬਜ਼ ਹੈ।
ਕਪਤਾਨ ਪੈਟ ਕਮਿੰਸ ਦੀ ਗੈਰ-ਹਾਜ਼ਰੀ ’ਚ ਸਨਰਾਈਜ਼ਰਜ਼ ਦੀ ਗੇਂਦਬਾਜ਼ੀ ਕਮਜ਼ੋਰ ਨਜ਼ਰ ਆ ਰਹੀ ਸੀ ਪਰ ਉਸ ਨੇ ਹੌਲੀ-ਹੌਲੀ ਇਸ ’ਚ ਸੁਧਾਰ ਕਰ ਲਿਆ ਹੈ। ਕਮਿੰਸ ਵੀ ਟੀਮ ਨਾਲ ਜੁੜ ਗਿਆ ਹੈ ਪਰ ਉਹ ਇਸ ਮੈਚ ’ਚ ਨਹੀਂ ਖੇਡ ਸਕੇਗਾ। ਸਨਰਾਈਜ਼ਰਜ਼ ਵੱਲੋਂ ਪਿਛਲੇ ਦੋ ਮੈਚਾਂ ’ਚ ਉਮੀਦਾਂ ਅਨੁਸਾਰ ਘੱਟ ਚਰਚਿਤ ਖਿਡਾਰੀਆਂ ਪ੍ਰਫੁੱਲ ਹਿੰਗੇ, ਸਾਕਿਬ ਹੁਸੈਨ ਤੇ ਸ਼ਿਵਾਂਗ ਕੁਮਾਰ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ ਹੈ। ਰਾਜਸਥਾਨ ਰਾਇਲਜ਼ ਵਿਰੁੱਧ ਹਿੰਗੇ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵਿਰੁੱਧ ਈਸ਼ਾਨ ਮਲਿੰਗਾ ਦੀ ਅਗਵਾਈ ’ਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਉਸ ਦੀ ਟੀਮ ਜਿੱਤ ਹਾਸਲ ਕਰਨ ’ਚ ਸਫਲ ਰਹੀ।
ਬੱਲੇਬਾਜ਼ੀ ਸਨਰਾਈਜ਼ਰਜ਼ ਦਾ ਮਜ਼ਬੂਤ ਪੱਖ ਰਿਹਾ ਹੈ ਪਰ ਪਿਛਲੇ ਕੁਝ ਮੈਚਾਂ ’ਚ ਉਸ ਦੇ ਪ੍ਰਮੁੱਖ ਬੱਲੇਬਾਜ਼ ਜਿਵੇਂ ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਕਾਰਜਕਾਰੀ ਕਪਤਾਨ ਈਸ਼ਾਨ ਕਿਸ਼ਨ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਨਹੀਂ ਬਣਾਏ ਰੱਖ ਸਕੇ ਹਨ। ਬੱਲੇਬਾਜ਼ੀ ’ਚ ਉਸ ਦਾ ਦਾਰੋਮਦਾਰ ਚੋਟੀਕ੍ਰਮ ਦੇ ਬੱਲੇਬਾਜ਼ਾਂ ’ਤੇ ਹੈ ਪਰ ਇਨ੍ਹਾਂ ਦੇ ਨਾ ਚੱਲ ਸਕਣ ਕਾਰਨ ਉਸ ਦੇ ਮੱਧਕ੍ਰਮ ’ਤੇ ਦਬਾਅ ਵੱਧ ਜਾਂਦਾ ਹੈ। ਵਿਸ਼ੇਸ਼ ਤੌਰ ’ਤੇ ਹੈਨਰਿਕ ਕਲਾਸੇਨ ਨੂੰ ਸਾਰੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਮੱਧਕ੍ਰਮ ’ਚ ਉਸ ਦੇ ਹੋਰ ਬੱਲੇਬਾਜ਼ ਅਜੇ ਤੱਕ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ।
ਦਿੱਲੀ ਕੈਪੀਟਲਸ ਦੀ ਟੀਮ ਆਪਣੇ ਪ੍ਰਦਰਸ਼ਨ ’ਚ ਨਿਰੰਤਰਤਾ ਨਹੀਂ ਬਣਾ ਸਕੀ ਹੈ। ਕੇ. ਐੱਲ. ਰਾਹੁਲ, ਪਥੁਮ ਨਿਸਾਂਕਾ ਤੇ ਟ੍ਰਿਸਟਨ ਸਟੱਬਸ ਵਰਗੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਹਨ ਪਰ ਟੀਮ ਨੂੰ ਉਸ ਤੋਂ ਹੋਰ ਜ਼ਿਆਦਾ ਯੋਗਦਾਨ ਦੀ ਲੋੜ ਹੈ। ਪਹਿਲੇ ਦੋ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸਮੀਰ ਰਿਜ਼ਵੀ ਪਿਛਲੇ ਤਿੰਨ ਮੈਚਾਂ ’ਚ ਦੋਹਰੇ ਅੰਕ ਤੱਕ ਵੀ ਨਹੀਂ ਪਹੁੰਚ ਸਕਿਆ ਜਿਹੜਾ ਦਿੱਲੀ ਕੈਪੀਟਲਸ ਲਈ ਚਿੰਤਾ ਦਾ ਵਿਸ਼ਾ ਹੈ। ਦਿੱਲੀ ਦੀ ਗੇਂਦਬਾਜ਼ੀ ’ਚ ਹਾਲਾਂਕਿ ਵਿਲੱਖਣਤਾ ਹੈ ਤੇ ਪਿਛਲੇ ਸਾਲ ਟੀਮ ਵੱਲੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਗੈਰ-ਹਾਜ਼ਰੀ ਦੇ ਬਾਵਜੂਦ ਉਸ ਦੇ ਗੇਂਦਬਾਜ਼ਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦੱਖਣੀ ਅਫਰੀਕੀ ਤੇਜ਼ ਗੇਂਦਬਾਜ਼ ਲੁੰੂੰਗੀ ਇਨਗਿਡੀ ਨੇ ਕਿਫਾਇਤੀ ਗੇਂਦਬਾਜ਼ੀ ਤੇ ਵਿਕਟ ਲੈਣ ਦੀ ਸਮਰੱਥਾ ਦਾ ਬਿਹਤਰੀਨ ਤਾਲਮੇਲ ਬਿਠਾਉਂਦੇ ਹੋਏ ਗੇਂਦਬਾਜ਼ੀ ਹਮਲੇ ਦੀ ਅਗਵਾਈ ਕੀਤੀ ਹੈ। ਉਸ ਨੇ ਹੁਣ ਤੱਕ 5 ਮੈਚਾਂ ’ਚ 7 ਵਿਕਟਾਂ ਲਈਆਂ ਹਨ। ਕਪਤਾਨ ਅਕਸ਼ਰ ਪਟੇਲ ਨੇ ਵੀ ਕਿਫਾਇਤੀ ਗੇਂਦਬਾਜ਼ੀ ਕੀਤੀ ਹੈ ਪਰ ਖੱਬੇ ਹੱਥ ਦਾ ਅਾਰਮ ਸਪਿੰਨਰ ਕੁਲਦੀਪ ਯਾਦਵ ਅਜੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ ਜਦਕਿ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਤੇ ਟੀ. ਨਟਰਾਜਨ ਨੇ ਟੁਕੜਿਆਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਓਲੰਪੀਅਨ ਜਾਧਵ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਦੇਣ 'ਤੇ 4 ਮਈ ਤੱਕ ਲਿਆ ਜਾਵੇਗਾ ਫੈਸਲਾ
NEXT STORY