ਵਿਸ਼ਾਖਾਪਟਨਮ- ਦਿੱਲੀ ਕੈਪੀਟਲਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਲਖਨਊ ਸੁਪਰ ਜਾਇੰਟਸ ਖਿਲਾਫ ਇਕ ਵਿਕਟ ਦੀ ਚਮਤਕਾਰੀ ਜਿੱਤ ਦੁਆਉਣ ਵਾਲੇ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਉਸ ਨੇ ਪੂਰਾ ਸਾਲ ਮੈਚ ਨੂੰ ‘ਫਿਨਿਸ਼’ ਕਰਨ ’ਤੇ ਧਿਆਨ ਕੇਂਦਰਿਤ ਕੀਤਾ, ਜਿਸ ਦਾ ਉਸ ਨੂੰ ਇਥੇ ਫਾਇਦਾ ਮਿਲਿਆ।
ਆਸ਼ੁਤੋਸ਼ ਨੇ ਪਿਛਲੇ ਸਾਲ ਪੰਜਾਬ ਕਿੰਗਸ ਵੱਲੋਂ ਖੇਡਦੇ ਹੋਏ ਮੈਚ ਫਿਨਿਸ਼ਰ ਦੀ ਆਪਣੀ ਭੂਮਿਕਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ ਪਰ ਉਹ ਆਪਣੇ ਪ੍ਰਦਰਸ਼ਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ।
ਘਰੇਲੂ ਕ੍ਰਿਕਟ ’ਚ ਰੇਲਵੇ ਵੱਲੋਂ ਖੇਡਣ ਵਾਲਾ 26 ਸਾਲਾ ਬੱਲੇਬਾਜ਼ ਆਸ਼ੁਤੋਸ਼ ਸੋਮਵਾਰ ਖੇਡੀ ਗਈ ਆਪਣੀ ਅਜੇਤੂ 66 ਦੌੜਾਂ ਦੀ ਪਾਰੀ ਤੋਂ ਖੁਸ਼ ਦਿਸਿਆ। ਦਿੱਲੀ ਦੀ ਟੀਮ 210 ਦੌੜਾਂ ਦੇ ਟੀਚੇ ਸਾਹਮਣੇ ਇਕ ਸਮੇਂ 6 ਵਿਕਟਾਂ ’ਤੇ 113 ਦੌੜਾਂ ਬਣਾ ਕੇ ਸੰਘਰਸ਼ ਕਰ ਰਹੀ ਸੀ ਪਰ ਆਸੁਤੋਸ਼ ਨੇ ਵਿਪਰਾਜ ਨਿਗਮ ਨਾਲ ਮਿਲ ਕੇ ਉਸ ਨੂੰ ਰੋਮਾਂਚਕ ਜਿੱਤ ਦੁਆ ਦਿੱਤੀ।
ਆਸ਼ੁਤੋਸ਼ ਇੰਪੈਕਟ ਪਲੇਅਰ ਦੇ ਰੂਪ ’ਚ ਬੱਲੇਬਾਜ਼ੀ ਕਰਨ ਲਈ ਉਤਰਿਆ ਸੀ। ਆਸ਼ੁਤੋਸ਼ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸੈਸ਼ਨ ’ਚ ਮੈਂ ਕੁਝ ਮੌਕਿਆਂ ’ਤੇ ਮੈਚ ਦਾ ਹਾਂ-ਪੱਖੀ ਅੱਤ ਕਰਨ ਤੋਂ ਖੁੰਝ ਗਿਆ ਸੀ। ਮੈਂ ਪੂਰੇ ਸਾਲ ਇਸ ’ਤੇ ਧਿਆਨ ਦਿੱਤਾ ਅਤੇ ਇਸ ਦੀ ਕਲਪਨਾ ਵੀ ਕਰਦਾ ਰਿਹਾ। ਮੈਨੂੰ ਪੂਰਾ ਭਰੋਸਾ ਸੀ ਕਿ ਜੇਕਰ ਮੈਂ ਆਖਰੀ ਓਵਰ ਤੱਕ ਟਿਕਿਆ ਰਿਹਾ ਤਾਂ ਫਿਰ ਵੀ ਕੁਝ ਹੋ ਸਕਦਾ ਹੈ। ਉਸ ਨੇ ਕਿਹਾ ਕਿ ਵਿਪਰਾਜ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਮੈਂ ਉਸ ਨੂੰ ਸ਼ਾਟ ਮਾਰਨ ਦੀ ਸਲਾਹ ਦਿੱਤੀ। ਉਹ ਦਬਾਅ ’ਚ ਸ਼ਾਂਤ ਰਿਹਾ। ਮੈਂ ਆਪਣੀ ਇਸ ਪਾਰੀ ਨੂੰ ਮੇਰੇ ਗੁਰੂ ਸ਼ਿਖਰ (ਧਵਨ) ਭਾਜੀ ਨੂੰ ਸਮਰਪਿਤ ਕਰਦਾ ਹਾਂ।
ਆਸ਼ੁਤੋਸ਼ ਨੇ ਕਿਹਾ ਕਿ ਪਿਛਲਾ ਸਾਲ ਮੇਰੇ ਲਈ ਅਸਲ ’ਚ ਚੰਗਾ ਸੀ ਪਰ ਹੁਣ ਉਹ ਅਤੀਤ ਦੀ ਗੱਲ ਹੈ। ਮੈਂ ਉੱਥੇ ਹਾਂ-ਪੱਖੀ ਚੀਜ਼ਾਂ ਲੈ ਕੇ ਅੱਗੇ ਵਧਿਆ ਅਤੇ ਮੇਰੀ ਜੋ ਵੀ ਕਮਜ਼ੋਰੀ ਸੀ, ਉਨ੍ਹਾਂ ’ਤੇ ਮੈਂ ਕੰਮ ਕੀਤਾ। ਮੈਂ ਘਰੇਲੂ ਕ੍ਰਿਕਟ ’ਚ ਜੋ ਕੁਝ ਕੀਤਾ, ਉਸੇ ਨੂੰ ਇਥੇ ਆਪਣੀ ਖੇਡ ’ਚ ਲਾਗੂ ਕਰ ਰਿਹਾ ਹਾਂ।
IPL 2025 : ਕੋਲਕਾਤਾ ਅਤੇ ਰਾਜਸਥਾਨ ਦੀਆਂ ਨਜ਼ਰਾਂ ਆਪਣੀਆਂ ਕਮਜ਼ੋਰੀਆਂ ’ਚ ਸੁਧਾਰ ਕਰਨ ’ਤੇ
NEXT STORY