ਰਾਜਕੋਟ- ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਰਿਕਾਰਡ 100ਵੇਂ ਟੀ-20 ਮੈਚ ਦਾ ਜਸ਼ਨ ਵੀਰਵਾਰ ਨੂੰ ਦੂਜੇ ਟੀ-20 ਮੁਕਾਬਲੇ ਵਿਚ 85 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਦੇ ਹੋਏ ਭਾਰਤ ਨੂੰ ਬੰਗਲਾਦੇਸ਼ ਵਿਰੁੱਧ 8 ਵਿਕਟਾਂ ਦੀ ਜਿੱਤ ਤੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਦਿਵਾ ਕੇ ਮਨਾਇਆ। ਰੋਹਿਤ ਨੇ ਸਿਰਫ 43 ਗੇਂਦਾਂ 'ਤੇ 85 ਦੌੜਾਂ ਦੀ ਧਮਾਕੇਦਾਰ ਪਾਰੀ ਵਿਚ 6 ਚੌਕੇ ਤੇ 6 ਛੱਕੇ ਲਾਏ, ਜਿਸਦੀ ਬਦੌਲਤ ਭਾਰਤ ਨੇ ਮੈਚ 16ਵੇਂ ਓਵਰ ਵਿਚ ਹੀ ਖਤਮ ਕਰ ਦਿੱਤਾ। ਟੀ-20 ਸਵਰੂਪ ਵਿਚ ਦੁਨੀਆ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਰੋਹਿਤ ਜਦੋਂ ਆਪਣੇ ਰੰਗ ਵਿਚ ਹੋਵੇ ਤਾਂ ਦੁਨੀਆ ਦੇ ਕਿਸੇ ਵੀ ਗੇਂਦਬਾਜ਼ ਲਈ ਉਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਅੱਜ ਇਹ ਬੰਗਲਾਦੇਸ਼ ਨਾਲ ਹੋਇਆ। ਰੋਹਿਤ ਨੇ ਬੰਗਲਾਦੇਸ਼ ਦੀ ਗੇਂਦਬਾਜ਼ੀ ਦੀਆਂ ਧੱਜੀਆਂ ਉਡਾ ਦਿੱਤੀਆਂ। ਰੋਹਿਤ ਨੇ ਆਪਣੀਆਂ 50 ਦੌੜਾਂ ਸਿਰਫ 23 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਪੂਰੀਆਂ ਕਰ ਲਈਆਂ ਸਨ।
ਰੋਹਿਤ ਨੇ ਸ਼ਿਖਰ ਧਵਨ ਨਾਲ ਓਪਨਿੰਗ ਵਿਕਟ ਦੀ ਸਾਂਝੇਦਾਰੀ ਵਿਚ 10.5 ਓਵਰਾਂ ਵਿਚ ਹੀ 118 ਦੌੜਾਂ ਜੋੜ ਦਿੱਤੀਆਂ। ਇਸ ਵਿਚ ਸ਼ਿਖਰ ਦਾ ਯੋਗਦਾਨ ਸਿਰਫ 31 ਦੌੜਾਂ ਸੀ, ਜਿਸ ਵਿਚ ਉਸ ਨੇ 27 ਗੇਂਦਾਂ 'ਤੇ ਚਾਰ ਚੌਕੇ ਲਾਏ। ਰੋਹਿਤ ਜਦੋਂ 13ਵੇਂ ਓਵਰ ਦੀ ਦੂਜੀ ਗੇਂਦ 'ਤੇ ਆਊਟ ਹੋਇਆ ਉਦੋਂ ਭਾਰਤ ਦਾ ਸਕੋਰ 125 ਦੌੜਾਂ ਪਹੁੰਚ ਚੁੱਕਾ ਸੀ ਤੇ ਮੰਜ਼ਿਲ ਜ਼ਿਆਦਾ ਦੂਰ ਨਹੀਂ ਸੀ। ਰੋਹਿਤ ਟੀ-20 ਵਿਚ ਆਪਣੇ ਪੰਜਵੇਂ ਸੈਂਕੜੇ ਤੋਂ 15 ਦੂਰ ਰਹਿ ਗਿਆ। ਲੋਕੇਸ਼ ਰਾਹੁਲ ਨੇ 11 ਗੇਂਦਾਂ ਵਿਚ 8 ਤੇ ਸ਼੍ਰੇਅਸ ਅਈਅਰ ਨੇ 13 ਗੇਂਦਾਂ 'ਤੇ 3 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 24 ਦੌੜਾਂ ਬਣਾ ਕੇ ਭਾਰਤ ਨੂੰ ਆਸਾਨ ਜਿੱਤ ਦਿਵਾ ਦਿੱਤੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਪਹਿਲੇ 10 ਓਵਰਾਂ ਵਿਚ 78 ਦੌੜਾਂ ਬਣਾ ਕੇ ਵੱਡੇ ਸਕੋਰ ਵੱਲ ਵਧ ਰਿਹਾ ਸੀ ਪਰ ਭਾਰਤ ਨੇ ਅਗਲੇ 10 ਓਵਰਾਂ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਮਹਿਮਾਨ ਟੀਮ ਨੂੰ ਦੂਜੇ ਟੀ-20 ਮੁਕਾਬਲੇ ਵਿਚ 6 ਵਿਕਟਾਂ 'ਤੇ 153 ਦੌੜਾਂ 'ਤੇ ਰੋਕ ਦਿੱਤਾ। ਭਾਰਤ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ ਚੰਗੀ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 7.2 ਓਵਰਾਂ ਵਿਚ 60 ਦੌੜਾਂ ਜੋੜੀਆਂ। ਲਿਟਨ ਦਾਸ ਨੇ 29 ਤੇ ਮੁਹੰਮਦ ਨਾਇਮ ਨੇ 36 ਦੌੜਾਂ ਬਣਾ ਕੇ ਭਾਰਤੀ ਤੇਜ਼ ਤੇ ਸਪਿਨ ਗੇਂਦਬਾਜ਼ੀ ਨੂੰ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਭਾਰਤ ਨੂੰ ਪਹਿਲੀ ਸਫਲਤਾ ਰਨ ਆਊਟ ਦੇ ਰੂਪ ਵਿਚ ਮਿਲੀ, ਜਦੋਂ ਵਿਕਟਕੀਪਰ ਰਿਸ਼ਭ ਪੰਤ ਨੇ ਦਾਸ ਨੂੰ ਰਨ ਆਊਟ ਕਰ ਦਿੱਤਾ। ਦਾਸ ਨੇ 21 ਗੇਂਦਾਂ 'ਤੇ 29 ਦੌੜਾਂ ਵਿਚ 4 ਚੌਕੇ ਲਾਏ। ਭਾਰਤ ਨੂੰ ਦੂਜੀ ਸਫਲਤਾ 11ਵੇਂ ਓਵਰ ਮਿਲੀ, ਜਦੋਂ ਆਫ ਸਪਿਨਰ ਵਾਸ਼ਿੰਗਟਨ ਸੁੰਦਰ ਨੇ ਨਾਇਮ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ।
ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਪਿਛਲੇ ਮੈਚ ਵਿਚ ਅਜੇਤੂ ਅਰਧ ਸੈਂਕੜਾ ਬਣਾਉਣ ਵਾਲੇ ਮੁਸ਼ਫਿਕਰ ਰਹੀਮ ਨੂੰ ਇਸ ਵਾਰ ਸਿਰਫ 4 ਦੌੜਾਂ 'ਤੇ ਆਊਟ ਕਰ ਦਿੱਤਾ ਤੇ ਫਿਰ ਸੌਮਿਆ ਸਰਕਾਰ ਨੂੰ ਪੰਤ ਹੱਥੋਂ ਸਟੰਪ ਕਰਵਾ ਕੇ ਮਹਿਮਾਨ ਟੀਮ ਦਾ ਸਕੋਰ 4 ਵਿਕਟਾਂ 'ਤੇ 103 ਦੌੜਾਂ ਦਾ ਕਰ ਦਿੱਤਾ, ਜਿਸ ਨਾਲ ਬੰਗਲਾਦੇਸ਼ ਦੇ ਵਧਦੇ ਕਦਮਾਂ 'ਤੇ ਰੋਕ ਲੱਗ ਗਈ। ਸਰਕਾਰ ਨੇ ਸਿਰਫ 20 ਗੇਂਦਾਂ 'ਤੇ 30 ਦੌੜਾਂ 'ਚ 2 ਚੌਕੇ ਤੇ 1 ਛੱਕਾ ਲਾਇਆ। ਕਪਤਾਨ ਮਹਿਮੂਦਉੱਲ੍ਹਾ ਨੇ 21 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾ ਕੇ ਆਪਣੀ ਟੀਮ ਨੂੰ 153 ਦੌੜਾਂ ਦੇ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ। ਭਾਰਤ ਵਲੋਂ ਚਾਹਲ ਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਦੀਪਕ ਚਾਹਰ, ਖਲੀਲ ਅਹਿਮਦ ਤੇ ਸੁੰਦਰ ਨੇ ਇਕ-ਇਕ ਵਿਕਟ ਹਾਸਲ ਕੀਤੀ।
ਟੀਮਾਂ :
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕਰੁਣਾਲ ਪੰਡਯਾ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਦੀਪਕ ਚਾਹਰ, ਖਲੀਲ ਅਹਿਮਦ।
ਬੰਗਲਾਦੇਸ਼ : ਲਿਟਨ ਦਾਸ, ਸੌਮਿਆ ਸਰਕਾਰ, ਮੁਹੰਮਦ ਨੈਮ, ਮੁਸ਼ਫਿਕੂਰ ਰਹੀਮ, ਮਹਿਮੂਦੁੱਲਾ (ਕਪਤਾਨ), ਆਫੀਫ ਹੁਸੈਨ, ਮੋਸਾਦਦੇਕ ਹੁਸੈਨ, ਅਮੀਨੁਲ ਇਸਲਾਮ, ਸ਼ਫੀਉਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਅਲ-ਅਮੀਨ ਹੁਸੈਨ।
ਧਵਨ ਦੀ ਜਗ੍ਹਾ ਇਸ ਬੱਲੇਬਾਜ਼ ਤੋਂ ਕਰਾਈ ਜਾਏ ਟੀ-20 'ਚ ਪਾਰੀ ਦੀ ਸ਼ੁਰੂਆਤ: ਸ਼੍ਰੀਕਾਂਤ
NEXT STORY