ਕਰਾਈਸਟਚਰਚ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਕ੍ਰਾਈਸਚਰਚ ਦੇ ਹੇਗਲੇ ਓਵਲ 'ਚ ਖੇਡਿਆ ਜਾਵੇਗਾ। ਫਿਲਹਾਲ ਭਾਰਤ ਸੀਰੀਜ਼ 'ਚ 1-0 ਨਾਲ ਅੱਗੇ ਹੈ। ਭਾਰਤ ਪਹਿਲੇ ਮੈਚ ’ਚ ਬੱਲੇਬਾਜ਼ਾਂ ਦੇ ਦਮ ’ਤੇ ਵੱਡਾ ਟੀਚਾ ਹਾਸਲ ਕਰਨ ’ਚ ਸਫਲ ਰਿਹਾ ਪਰ ਜੇਕਰ ਉਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਣੀ ਹੈ ਤਾਂ ਨਿਊਜ਼ੀਲੈਂਡ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਉਸ ਦੇ ਗੇਂਦਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਪਿਛਲੇ ਕੁਝ ਸਮੇਂ ਦੀ ਤਰ੍ਹਾਂ ਇਸ ਮੈਚ ’ਚ ਵੀ ਭਾਰਤੀ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸਾਧਾਰਨ ਰਿਹਾ। ਜੇਕਰ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਨਾ ਕੀਤਾ ਹੁੰਦਾ ਤਾਂ ਨਤੀਜਾ ਉਲਟ ਹੋ ਸਕਦਾ ਸੀ। ਭਾਰਤ ਨੇ 226 ਦੌੜਾਂ ਦਾ ਰਿਕਾਰਡ ਟੀਚਾ ਹਾਸਲ ਕਰਕੇ 5 ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਹਾਸਲ ਕਰ ਲਈ ਪਰ ਬੱਲੇਬਾਜ਼ਾਂ ’ਤੇ ਜ਼ਿਆਦਾ ਨਿਰਭਰਤਾ ਬਾਕੀ ਮੈਚਾਂ ’ਚ ਭਾਰੀ ਪੈ ਸਕਦੀ ਹੈ।
ਭਾਰਤ ਲਈ 5ਵੇਂ ਤੇ 6ਵੇਂ ਗੇਂਦਬਾਜ਼ ਦਾ ਬਦਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜ਼ਖ਼ਮੀ ਹਾਰਦਿਕ ਪੰਡਯਾ ਦੀ ਗੈਰ-ਹਾਜ਼ਰੀ ’ਚ ਹੋਰ ਆਲਰਾਊਂਡਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਪਹਿਲੇ ਮੈਚ ’ਚ ਨਿਤੀਸ਼ ਰੈੱਡੀ ਨੇ 4 ਓਵਰਾਂ ’ਚ 40 ਦੌੜਾਂ ਦਿੱਤੀਆਂ ਤੇ ਉਸ ਨੂੰ ਕੋਈ ਵਿਕਟ ਨਹੀਂ ਮਿਲੀ ਜਦਕਿ ਨਮਨ ਧੀਰ ਨੂੰ ਗੇਂਦਬਾਜ਼ੀ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਬੱਲੇਬਾਜ਼ੀ ’ਚ ਮੈਚ ਜੇਤੂ ਪਾਰੀ ਖੇਡੀ।
ਭਾਰਤ ਦੀ ਗੇਂਦਬਾਜ਼ੀ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾਉਣ ਵਾਲੀ ਗੱਲ ਇਹ ਹੈ ਕਿ ਲੜੀ ਦੇ ਪਹਿਲੇ ਮੈਚ ’ਚ ਉਸ ਦੇ ਪ੍ਰਮੁੱਖ ਗੇਂਦਬਾਜ਼ਾਂ ਦਾ ਜੰਮ ਕੇ ਕੁਟਪਾ ਲੱਥਾ ਸੀ। ਲੱਗਭਗ 4 ਸਾਲ ਬਾਅਦ ਭਾਰਤ ਲਈ ਆਪਣਾ ਪਹਿਲਾ ਮੈਚ ਖੇਡ ਰਿਹਾ ਭੁਵਨੇਸ਼ਵਰ ਕੁਮਾਰ ਆਪਣੀ ਸਰਵੋਤਮ ਫਾਰਮ ’ਚ ਨਹੀਂ ਸੀ ਅਤੇ ਉਸ ਨੇ 4 ਓਵਰਾਂ ’ਚ 49 ਦੌੜਾਂ ਦੇ ਦਿੱਤੀਆਂ। ਉਸ ਦੀਆਂ 2 ਨੋ-ਬਾਲਾਂ ਅਤੇ ਓਨੀਆਂ ਹੀ ਵਾਈਡ ਗੇਂਦਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਲੈਅ ’ਚ ਆਉਣ ਲਈ ਹੋਰ ਸਮਾਂ ਚਾਹੀਦਾ ਹੈ।
ਫਿਨ ਐਲਨ ਅਤੇ ਉਸ ਦੇ ਸਾਥੀ ਸਲਾਮੀ ਬੱਲੇਬਾਜ਼ ਟਿਮ ਸੀਫਰਟ ਨੇ ਪਾਵਰਪਲੇਅ ’ਚ ਭੁਵਨੇਸ਼ਵਰ ਤੇ ਅਰਸ਼ਦੀਪ ’ਤੇ ਮਨਚਾਹੇ ਚੌਕੇ ਲਾ ਕੇ ਇਨ੍ਹਾਂ ਦੋਵਾਂ ਤੇਜ਼ ਗੇਂਦਬਾਜ਼ਾਂ ’ਤੇ ਦਬਾਅ ਬਣਾ ਦਿੱਤਾ ਸੀ। ਦੂਜੇ ਮੈਚ ’ਚ ਵੀ ਬੱਲੇਬਾਜ਼ਾਂ ਲਈ ਹਾਲਾਤ ਅਨੁਕੂਲ ਰਹਿਣ ਦੀ ਉਮੀਦ ਹੈ ਅਤੇ ਅਜਿਹੇ ’ਚ ਗੇਂਦਬਾਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਗਲਤੀ ਕਰਨ ਤੋਂ ਬਚਣਾ ਪਵੇਗਾ।
ਪਹਿਲੇ ਟੀ-20 ’ਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਅਕਸ਼ਰ ਪਟੇਲ ’ਤੇ ਵੀ ਦਬਾਅ ਹੋਵੇਗਾ। ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ 4 ਵਿਕਟਾਂ ਨਾਲ ਜਿੱਤ ਤੋਂ ਬਾਅਦ ਕਿਹਾ ਸੀ, ‘‘ਸਾਨੂੰ ਹਾਰਡ ਲੈਂਥ ’ਤੇ ਗੇਂਦਬਾਜ਼ੀ ਕਰਨੀ ਚਾਹੀਦੀ ਸੀ ਪਰ ਇਸ ਦੀ ਵਜ੍ਹਾ ਅਸੀਂ ਓਵਰ ਪਿੱਚ ਗੇਂਦਬਾਜ਼ੀ ਜ਼ਿਆਦਾ ਕੀਤੀ।’’
ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਈਸ਼ਾਨ ਕਿਸ਼ਨ ਦੇ ਜ਼ਖ਼ਮੀ ਹੋਣ ਕਾਰਨ 15 ਸਾਲਾ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੂੰ ਇਸ ਮੈਚ ’ਚ ਮੌਕਾ ਮਿਲ ਸਕਦਾ ਹੈ। ਉਸ ਦੀ ਅਭਿਸ਼ੇਕ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਦੀ ਉਮੀਦ ਹੈ ਜਦਕਿ ਸੰਜੂ ਸੈਮਸਨ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਆ ਸਕਦਾ ਹੈ। ਕਿਸ਼ਨ ਦੇ ਜ਼ਖ਼ਮੀ ਹੋਣ ਕਾਰਨ ਤਿਲਕ ਵਰਮਾ ਨੂੰ ਪਹਿਲੇ ਮੈਚ ’ਚ ਤੀਜੇ ਨੰਬਰ ’ਤੇ ਭੇਜਿਆ ਗਿਆ ਸੀ ਪਰ ਹੁਣ ਉਸ ਦੇ 5ਵੇਂ ਜਾਂ 6ਵੇਂ ਨੰਬਰ ’ਤੇ ਹੀ ਆਉਣ ਦੀ ਉਮੀਦ ਹੈ।
ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮੈਟ ਹੈਨਰੀ ਤੇ ਐਡਮ ਮਿਲਨੇ ਨੇ ਆਪਣੇ ਪਹਿਲੇ ਸਪੈੱਲ ’ਚ ਕਾਫੀ ਸਵਿੰਗ ਹਾਸਲ ਕੀਤੀ ਸੀ ਪਰ ਉਸ ਦੀ ਲੈਂਥ ਸੈਮਸਨ ਤੇ ਅਭਿਸ਼ੇਕ ਲਈ ਪੂਰੀ ਤਰ੍ਹਾਂ ਕਾਰਗਰ ਸਾਬਤ ਨਹੀਂ ਹੋਈ। ਕਪਤਾਨ ਮਿਸ਼ੇਲ ਸੈਂਟਨਰ ਨੇ ਵੀ ਮੰਨਿਆ ਕਿ ਉਸ ਦੇ ਗੇਂਦਬਾਜ਼ਾਂ ਲਈ ਭਾਰਤ ਦੇ ਟਾਪ ਆਰਡਰ ਦੇ ਬੱਲੇਬਾਜ਼ਾਂ ’ਤੇ ਰੋਕ ਲਾਉਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਸੈਮਸਨ ਤੇ ਅਭਿਸ਼ੇਕ ਨੇ ਪਾਵਰਪਲੇਅ ’ਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ’ਤੇ ਕਹਿਰ ਢਾਹੁੰਦੇ ਹੋਏ 94 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਸੈਂਟਨਰ ਤੇ ਉਸ ਦੇ ਸਾਥੀ ਸਪਿੰਨਰ ਮਾਈਕਲ ਬ੍ਰੇਸਵੈੱਲ ਨੇ ਵਿਚਾਲੇ ਦੇ ਓਵਰਾਂ ’ਚ ਭਾਰਤੀ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕੀਤਾ। ਉਹ ਫਿਰ ਤੋਂ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਨਗੇ। ਭਾਰਤ ਦੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਆਫ ਸਪਿੰਨ ਵਿਰੁੱਧ ਸੰਘਰਸ਼ ਕਰਨਾ ਪਿਆ ਹੈ। ਬ੍ਰੇਸਵੈੱਲ ਵਿਰੁੱਧ ਉਸ ਦੇ ਰਵੱਈਏ ’ਚ ਇਸ ਦੀ ਸਪੱਸ਼ਟ ਝਲਕ ਦੇਖਣ ਨੂੰ ਮਿਲੀ ਸੀ।
ਭਾਰਤੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ ਤੇ ਅਜਿਹੇ ’ਚ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਵੀ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਟੀਮਾਂ ਇਸ ਪ੍ਰਕਾਰ ਹਨ :
ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਵੈਭਵ ਸੂਰਯਵੰਸ਼ੀ, ਤਿਲਕ ਵਰਮਾ, ਅਕਸ਼ਰ ਪਟੇਲ, ਸ਼ਿਵਮ ਦੂਬੇ, ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਪ੍ਰਿੰਸ ਯਾਦਵ, ਮਯੰਕ ਯਾਦਵ, ਅਰਸ਼ਦੀਪ ਸਿੰਘ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਫਿਨ ਐਲਨ, ਮਾਈਕਲ ਬ੍ਰੇਸਵੈੱਲ, ਮਾਰਕ ਚੈਪਮੈਨ, ਡੇਵੋਨ ਕਾਨਵੇ, ਜੈਕਬ ਡਫੀ, ਲਾਕੀ ਫਰਗਿਊਸਨ, ਜੈਕ ਫਾਲਕਸ, ਮੈਟ ਹੈਨਰੀ, ਬੇਵਨ ਜੈਕਬਸ, ਕਾਈਲ ਜੈਮੀਸਨ, ਐਡਮ ਮਿਲਨੇ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਟਿਮ ਸੀਫਰਟ, ਨਾਥਨ ਸਮਿਥ।
ਪੰਜਾਬ ਕਿੰਗਜ਼ ਦੇ ਸਾਬਕਾ ਧਾਕੜ ਖਿਡਾਰੀ ਨੂੰ BCCI ਨੇ ਸੌਂਪੀ ਵੱਡੀ ਜ਼ਿੰਮੇਵਾਰੀ, IPL 'ਚ ਪਾਈ ਸੀ ਧੱਕ
NEXT STORY