ਵੇਲਿੰਗਟਨ : ਟੈਸਟ ਕ੍ਰਿਕਟ ਵਿਚ ਸਫਲਤਾ ਦੇ ਰੱਥ 'ਤੇ ਸਵਾਰ ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਜਦੋਂ ਉਤਰੇਗੀ ਤਾਂ ਉਸਦਾ ਟੀਚਾ 11 ਸਾਲ ਬਾਅਦ ਕੀਵੀ ਧਰਤੀ 'ਤੇ ਸੀਰੀਜ਼ ਜਿੱਤ ਹਾਸਲ ਕਰਨਾ ਹੋਵੇਗਾ। ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੌਰੇ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਤੇ ਟੀ-20 ਸੀਰੀਜ਼ ਨੂੰ 5-0 ਨਾਲ ਜਿੱਤਿਆ ਸੀ ਪਰ 3 ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਟੀਮ ਇੰਡੀਆ ਦਾ 0-3 ਨਾਲ ਸਫਾਇਆ ਹੋ ਗਿਆ ਸੀ। ਛੋਟੇ ਫਾਰਮੈੱਟ ਤੋਂ ਬਾਅਦ ਹੁਣ ਇਸ ਦੌਰੇ ਦੇ ਆਖਰੀ ਗੇੜ ਵਿਚ ਵੱਡੇ ਫਾਰਮੈੱਟ ਦੀ ਵਾਰੀ ਹੈ ਤੇ ਵਿਸ਼ਵ ਦੀ ਨੰਬਰ ਇਕ ਟੀਮ ਸੀਰੀਜ਼ ਨੂੰ ਜਿੱਤਣ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ ਹੈ ਹਾਲਾਂਕਿ ਉਸ ਨੂੰ ਮੇਜ਼ਬਾਨ ਟੀਮ ਦੀ ਚੁਣੌਤੀ ਨੂੰ ਵਨ ਡੇ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਗੰਭੀਰਤਾ ਨਾਲ ਲੈਣਾ ਪਵੇਗਾ। ਭਾਰਤ ਦਾ ਇਸ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਟੀਚੇ 11 ਸਾਲ ਦੇ ਲੰਬੇ ਫਰਕ ਤੋਂ ਬਾਅਦ ਨਿਊਜ਼ੀਲੈਂਡ ਵਿਚ ਟੈਸਟ ਸੀਰੀਜ਼ ਜਿੱਤਣਾ ਹੋਵੇਗਾ। ਭਾਰਤ ਨੇ ਆਖਰੀ ਵਾਰ 2008-09 ਵਿਚ ਨਿਊਜ਼ੀਲੈਂਡ ਵਿਚ 3 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਇਸ ਤੋਂ ਬਾਅਦ ਭਾਰਤ ਨੂੰ 2013-14 ਵਿਚ ਨਿਊਜ਼ੀਲੈਂਡ ਹੱਥੋਂ 2 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਆਪਣੀਆਂ ਪਿਛਲੀ 5 ਸੀਰੀਜ਼ ਵਿਚ ਅਜੇਤੂ ਹੈ ਤੇ ਇਸ ਦੌਰਾਨ ਉਸ ਨੇ ਵੈਸਟਇੰਡੀਜ਼, ਆਸਟਰੇਲੀਆ, ਵੈਸਟਇੰਡੀਜ਼, ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਨੂੰ ਹਰਾਇਆ ਹੈ। ਹੁਣ ਉਸਦੇ ਨਿਸ਼ਾਨੇ 'ਤੇ ਨਿਊਜ਼ੀਲੈਂਡ ਵਿਰੁੱਧ 2 ਮੈਚਾਂ ਦੀ ਸੀਰੀਜ਼ ਹੈ।
ਭਾਰਤੀ ਟੀਮ ਇਸ ਸਮੇਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿਚ 360 ਅੰਕਾਂ ਨਾਲ ਨੰਬਰ ਇਕ ਸਥਾਨ 'ਤੇ ਹੈ ਤੇ ਉਸਦੀਆਂ ਨਜ਼ਰਾਂ ਦੋ ਮੈਚਾਂ ਦੀ ਸੀਰੀਜ਼ ਵਿਚ ਪੂਰੇ 120 ਅੰਕ ਲੈ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਹੋਵੇਗੀ। ਭਾਰਤ ਤੋਂ ਬਾਅਦ ਦੂਜੇ ਨੰਬਰ 'ਤੇ ਆਸਟਰੇਲੀਆ ਹੈ, ਜਿਸ ਦੇ 296 ਅੰਕ ਹਨ। ਨਿਊਜ਼ੀਲੈਂਡ 60 ਅੰਕਾਂ ਨਾਲ ਛੇਵੇਂ ਨੰਬਰ 'ਤੇ ਹੈ। ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਵਿਚ ਬਣੇ ਰਹਿਣ ਲਈ ਨਿਊਜ਼ੀਲੈਂਡ ਨੂੰ ਵੀ 120 ਅੰਕਾਂ ਦੀ ਲੋੜ ਹੈ ਪਰ ਇਸਦੇ ਲਈ ਉਸ ਨੂੰ ਆਪਣੇ ਵਨ ਡੇ ਦੇ ਪ੍ਰਦਰਸ਼ਨ ਨੂੰ ਦੁਹਰਾਉਣਾ ਪਵੇਗਾ। ਮੈਚ ਦੀ ਪੂਰਬਲੀ ਸ਼ਾਮ ਤਕ ਭਾਰਤੀ ਇਲੈਵਨ ਲਈ ਤਸਵੀਰ ਕਾਫੀ ਹੱਦ ਤਕ ਸਾਫ ਹੋ ਚੁੱਕੀ ਹੈ। ਓਪਨਿੰਗ ਦੇ ਦੋ ਸਥਾਨਾਂ ਲਈ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਹ ਉਤਰਨਗੇ ਜਦਕਿ ਓਪਨਿੰਗ ਦੇ ਤੀਜੇ ਦਾਅਵੇਦਾਰ ਸ਼ੁਭਮ ਨ ਗਿੱਲ ਨਿਊਜ਼ੀਲੈਂਡ ਇਲੈਵਨ ਵਿਰੁੱਧ ਅਭਿਆਸ ਮੈਚ ਦੀਆਂ ਦੋਵੇਂ ਪਾਰੀਆਂ ਵਿਚ ਸਸਤੇ ਵਿਚ ਆਊਟ ਹੋ ਕੇ ਮੌਕਾ ਗੁਆ ਬੈਠਾ। ਓਪਨਿੰਗ ਤੋਂ ਬਾਅਦ ਅਗਲੇ ਤਿੰਨ ਸਥਾਨਾਂ 'ਤੇ ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ ਤੇ ਅਜਿੰਕਯ ਰਹਾਨੇ ਹੋਣਗੇ। ਆਲਰਾਊਂਡਰ ਦਾ ਸਥਾਨ ਲੈਫਟ ਆਰਮ ਸਪਿਪਨਰ ਰਵਿੰਦਰ ਜਡੇਜਾ ਕੋਲ ਹੋਵੇਗਾ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਇਸ ਮੈਚ ਵਿਚ ਦੋ ਸਪਿਨਰਾਂ ਤੇ ਤਿੰਨ ਤੇਜ਼ ਗੇਂਦਬਾਜ਼ਾਂ ਸਮੇਤ 5 ਗੇਂਦਬਾਜ਼ਾਂ ਦੇ ਨਾਲ ਉਤਰਦਾ ਹੈ ਜਾਂ ਇਕ ਸਪਿਨਰ ਸਮੇਤ 4 ਗੇਂਦਬਾਜ਼ਾਂ ਨਾਲ ਉਤਰਦਾ ਹੈ ਤਾਂ ਕਿ ਟੀਮ ਵਿਚ ਇਕ ਵਾਧੂ ਬੱਲੇਬਾਜ਼ ਨੂੰ ਜਗ੍ਹਾ ਮਿਲ ਸਕੇ। ਜੇਕਰ ਪੰਜ ਗੇਂਦਬਾਜ਼ਾਂ ਦੀ ਸਥਿਤੀ ਰਹਿੰਦੀ ਹੈ ਤਾਂ ਆਫ ਸਪਿਨਰ ਆਰ. ਅਸ਼ਵਿਨ ਨੂੰ ਮੌਕਾ ਮਿਲ ਜਾਵੇਗਾ ਪਰ ਚਾਰ ਗੇਂਦਬਾਜ਼ਾਂ ਦੀ ਸੂਰਤ ਵਿਚ ਅਸ਼ਵਿਨ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਤੇ ਇਕ ਵਾਧੂ ਬੱਲੇਬਾਜ਼ ਦੇ ਰੂਪ ਵਿਚ ਹਨੁਮਾ ਵਿਹਾਰੀ ਨੂੰ ਮੌਕਾ ਮਿਲ ਸਕਦਾ ਹੈ, ਜਿਸ ਨੇ ਅਭਿਆਸ ਮੈਚ ਵਿਚ ਸ਼ਾਨਦਾਰ ਸੈਂਕੜਾ ਬਣਾਇਆ ਸੀ। ਵਿਕਟਕੀਪਰ ਦਾ ਸਥਾਨ ਤਜਰਬੇਕਾਰ ਰਿਧੀਮਾਨ ਸਾਹਾ ਕੋਲ ਰਹੇਗਾ ਜਦਕਿ ਇਸ ਦੌਰੇ ਵਿਚ 8 ਮੈਚਾਂ ਵਿਚੋਂ ਬਾਹਰ ਚੱਲ ਰਿਹਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇਹ ਹੀ ਦੁਆ ਕਰੇਗਾ ਕਿ ਉਸ ਨੂੰ ਘੱਟ ਤੋਂ ਘੱਟ ਇਕ ਬੱਲੇਬਾਜ਼ ਦੇ ਰੂਪ ਵਿਚ ਹੀ ਆਖਰੀ-11 ਵਿਚ ਜਗ੍ਹਾ ਦੇ ਦਿੱਤੀ ਜਾਵੇ। ਆਪਣੀ ਗੋਡੇ ਦੀ ਸੱਟ ਤੋਂ ਉਭਰ ਕੇ ਬੈਂਗਲੁਰੂ ਸਥਿਤ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਫਿੱਟ ਐਲਾਨ ਕੀਤਾ ਗਿਆ ਇਸ਼ਾਂਤ ਸ਼ਰਮਾ ਟੀਮ ਇੰਡੀਆ ਨਾਲ ਜੁੜ ਚੁੱਕਾ ਹੈ ਤੇ ਕਪਤਾਨ ਵਿਰਾਟ ਨੇ ਪੱਤਰਕਾਰ ਸੰਮੇਲਨ ਵਿਚ ਸੰਕੇਤ ਦਿੱਤਾ ਹੈ ਕਿ ਇਸ਼ਾਂਤ ਅਭਿਆਸ ਸੈਸ਼ਨ ਵਿਚ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ ਤੇ ਉਸ ਨੂੰ ਆਖਰੀ-11 ਵਿਚ ਮੌਕਾ ਦਿੱਤਾ ਜਾ ਸਕਦਾ ਹੈ।
ਇਸ਼ਾਂਤ ਦੋ ਹੋਰਨਾਂ ਗੇਂਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸ਼ੰਮੀ ਦੇ ਨਾਲ ਆਖਰੀ-11 ਵਿਚ ਜਗ੍ਹਾ ਬਣਾਏਗਾ ਤੇ ਤੇਜ਼ ਹਮਲੇ ਦੀ ਕਮਾਨ ਸੰਭਾਲੇਗਾ ਪਰ ਟੀਮ ਮੈਨੇਜਮੈਂਟ ਨੂੰ ਮੈਚ ਸੁਰੂ ਹੋਣ ਤੋਂ ਪਹਿਲਾਂ ਤਕ ਇਹ ਦੇਖਣਾ ਪਵੇਗਾ ਕਿ ਇਸ਼ਾਂਤ ਸੌ ਫੀਸਦੀ ਫਿੱਟ ਹੈ ਜਾਂ ਨਹੀਂ ਕਿਉਂਕਿ ਉਹ ਜਰਾ ਵੀ ਅਨਫਿੱਟ ਰਹਿੰਦਾ ਹੈ ਤਾਂ ਉਸ ਨੂੰ ਟੀਮ ਇੰਡੀਆ ਵਿਚ ਖਿਡਾਉਣਾ ਭਾਰਤ ਨੂੰ ਭਾਰੀ ਪੈ ਸਕਦਾ ਹੈ। ਮੇਜ਼ਬਾਨ ਟੀਮ ਲਈ ਇਸ ਵਿਚਾਲੇ ਇਹ ਚੰਗੀ ਖਬਰ ਹੈ ਕਿ ਉਸਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਆਪਣੀ ਸੱਟ ਤੋਂ ਉਭਰ ਚੁੱਕਾ ਹੈ ਤੇ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਬੋਲਟ ਟੀ-20 ਤੇ ਵਨ ਡੇ ਸੀਰੀਜ਼ ਵਿਚ ਨਹੀਂ ਖੇਡਿਆ ਸੀ ਤੇ ਉਸਦੀ ਹਾਜ਼ਰੀ ਵਿਚ ਭਾਰਤੀ ਬੱਲੇਬਾਜ਼ਾਂ ਲਈ ਖਤਰਨਾਕ ਹੋ ਸਕਦੀ ਹੈ। ਬੋਲਟ ਦਾ ਆਖਰੀ ਮੈਚ ਮੈਲਬੋਰਨ ਵਿਚ ਆਸਟਰੇਲੀਆ ਵਿਰੁੱਧ ਦੂਜਾ ਟੈਸਟ ਸੀ। ਟੀਮ ਵਿਚ ਸਪਿਨਰ ਏਜਾਜ ਪਟੇਲ ਨੂੰ ਵੀ ਜਗ੍ਹਾ ਮਿਲੀ ਹੈ। 21 ਸਾਲਾ ਲੈਫਟ ਆਰਮ ਸਪਿਨਰ ਪਟੇਲ ਨੇ ਆਪਣੇ 7 ਟੈਸਟ ਮੈਚਾਂ ਵਿਚ ਆਖਰੀ ਮੈਚ ਪਿਛਲੇ ਸਾਲ ਅਗਸਤ ਵਿਚ ਕੋਲੰਬੋ ਵਿਚ ਸ਼੍ਰੀਲੰਕਾ ਵਿਰੁੱਧ ਖੇਡਿਆ ਸੀ।
ਟੀਮਾਂ ਇਸ ਤਰ੍ਹਾਂ ਹਨ
ਭਾਰਤ- ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ , ਪ੍ਰਿਥਵੀ ਸ਼ਾਹ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਧੀਮਾਨ ਸਾਹਾ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਹਨੁਮਾ ਵਿਹਾਰੀ, ਰਿਸ਼ਭ ਪੰਤ, ਨਵਦੀਪ ਸੈਣੀ, ਸ਼ੁਭਮਨ ਗਿੱਲ, ਆਰ. ਅਸ਼ਵਿਨ।
ਨਿਊਜ਼ੀਲੈਂਡ- ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਕੌਲਿਨ ਡੀ ਗ੍ਰੈਂਡਹੋਮ, ਕਾਇਲ ਜੈਮੀਸਨ, ਟਾਮ ਲਾਥਮ, ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਏਜਾਜ ਪਟੇਲ, ਟਿਮ ਸਾਊਥੀ, ਰੋਸ ਟੇਲਰ, ਨੀਲ ਵੈਗਨਰ, ਬੀ.ਜੇ. ਵਾਟਲਿੰਗ।
ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੀ ਦਿਵਿਆ ਬਣੀ ਦੂਜੀ ਭਾਰਤੀ ਮਹਿਲਾ ਪਹਿਲਵਾਨ
NEXT STORY