ਕ੍ਰਾਈਸਟਚਰਚ—3 ਵਾਰ ਦਾ ਚੈਂਪੀਅਨ ਭਾਰਤ ਮੰਗਲਵਾਰ ਨੂੰ ਇਥੇ ਹੋਣ ਵਾਲੇ ਦੂਜੇ ਸੈਮੀਫਾਈਨਲ ਮੁਕਾਬਲੇ 'ਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਹਰਾ ਕੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਪ੍ਰਵੇਸ਼ ਕਰਨ ਉਤਰੇਗਾ।
ਕਪਤਾਨ ਪ੍ਰਿਥਵੀ ਸ਼ਾਹ ਦੀ ਅਗਵਾਈ 'ਚ ਭਾਰਤ ਟੂਰਨਾਮੈਂਟ ਵਿਚ ਹੁਣ ਤਕ ਅਜੇਤੂ ਰਿਹਾ ਹੈ। ਉਸ ਨੇ ਆਪਣੇ ਗਰੁੱਪ ਗੇੜ ਮੈਚ 'ਚ ਤਿੰਨੋਂ ਮੈਚ ਜਿੱਤੇ ਸਨ, ਜਦਕਿ ਕੁਆਰਟਰ ਫਾਈਨਲ 'ਚ ਬੰਗਲਾਦੇਸ਼ ਨੂੰ 131 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ, ਜਿਥੇ ਹੁਣ ਉਹ ਫਾਈਨਲ ਲਈ ਪਾਕਿਸਤਾਨ ਨੂੰ ਹਰਾਉਣ ਉਤਰੇਗਾ।
ਅੰਡਰ-19 ਕ੍ਰਿਕਟ ਇਤਿਹਾਸ 'ਚ ਭਾਰਤ ਦਾ ਪਾਕਿਸਤਾਨ ਵਿਰੁੱਧ 12-8 ਦਾ ਰਿਕਾਰਡ ਰਿਹਾ ਹੈ। ਅਜਿਹੀ ਹਾਲਤ 'ਚ ਉਸ ਨੂੰ ਜਿੱਤ ਦਾ ਪਹਿਲਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟੂਰਨਾਮੈਂਟ ਵਿਚ ਹੁਣ ਤਕ ਬੱਲੇਬਾਜ਼ੀ, ਗੇਂਦਬਾਜ਼ੀ ਤੇ ਫੀਲਡਿੰਗ ਸਾਰੇ ਖੇਤਰਾਂ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।
ਬੱਲੇਬਾਜ਼ ਸੁਭਮਾਨ ਗਿੱਲ ਪਿਛਲੇ ਚਾਰ ਮੁਕਾਬਲਿਆਂ ਵਿਚ ਅਰਧ ਸੈਂਕੜੇ ਲਾ ਚੁੱਕਾ ਹੈ, ਜਦਕਿ ਕਪਤਾਨ ਪ੍ਰਿਥਵੀ ਸ਼ਾਹ ਨੇ ਹੁਣ ਤਕ 191 ਦੌੜਾਂ ਬਣਾਈਆਂ ਹਨ ਤੇ ਪਾਕਿਸਤਾਨ ਵਿਰੁੱਧ ਵੀ ਭਾਰਤੀ ਟੀਮ ਨੂੰ ਆਪਣੇ ਸਟਾਰ ਬੱਲੇਬਾਜ਼ਾਂ ਤੋਂ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ।
ਬੱਲੇਬਾਜ਼ੀ ਤੋਂ ਇਲਾਵਾ ਭਾਰਤੀ ਟੀਮ ਦਾ ਗੇਂਦਬਾਜ਼ੀ ਹਮਲਾ ਵੀ ਮਜ਼ਬੂਤ ਮੰਨਿਆ ਜਾ ਰਿਹਾ ਹੈ। ਝਾਰਖੰਡ ਦੇ ਨੌਜਵਾਨ ਗੇਂਦਬਾਜ਼ ਅੰਕੁਲ ਰਾਏ ਨੇ ਚਾਰ ਮੈਚਾਂ ਵਿਚ ਹੁਣ ਤਕ 11 ਵਿਕਟਾਂ ਲੈ ਕੇ ਕਮਾਲ ਦੀ ਗੇਂਦਬਾਜ਼ੀ ਕੀਤੀ ਹੈ। ਭਾਰਤ ਨੂੰ ਅੰਕੁਲ ਤੋਂ ਪਾਕਿਸਤਾਨ ਵਿਰੁੱਧ ਵੀ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਹੈ।
ਉਥੇ ਹੀ ਦੋ ਵਾਰ ਦੀ ਚੈਂਪੀਅਨ ਪਾਕਿਸਤਾਨੀ ਟੀਮ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਅਫਗਾਨਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਟੀਮ ਨੇ ਫਿਰ ਇਸ ਤੋਂ ਬਾਅਦ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ।
ਪਾਕਿਸਤਾਨ ਨੂੰ ਭਾਰਤ ਵਿਰੁੱਧ ਚਮਤਕਾਰੀ ਪ੍ਰਦਰਸ਼ਨ ਕਰਨ ਲਈ ਅਲੀ ਜੈਰੇਬ ਆਸਿਫ ਤੇ ਰੋਹੈਲ ਨਜੀਰ ਵਰਗੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਇਸ ਤੋਂ ਇਲਾਵਾ ਗੇਂਦਬਾਜ਼ੀ 'ਚ ਉਸ ਨੂੰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ, ਜਿਸ ਨੇ ਟੂਰਨਾਮੈਂਟ ਦੇ ਚਾਰ ਮੈਚਾਂ 'ਚ ਹੁਣ ਤਕ 11 ਵਿਕਟਾਂ ਲਈਆਂ ਹਨ।
ਜਿੱਤ ਦਾ ਜਸ਼ਨ ਮਨਾਉਂਦਾ ਟ੍ਰੋਲ ਹੋਇਆ ਸ਼ਾਸਤਰੀ
NEXT STORY