ਬੈਂਕਾਕ : ਬੈਂਕਾਕ ਦੇ ਟਰਡਥਾਈ ਕ੍ਰਿਕਟ ਮੈਦਾਨ 'ਤੇ ਖੇਡੇ ਗਏ Rising Stars Asia Cup ਦੇ ਇੱਕ ਅਹਿਮ ਮੁਕਾਬਲੇ ਵਿੱਚ ਰਾਧਾ ਯਾਦਵ ਦੀ ਕਪਤਾਨੀ ਵਾਲੀ ਭਾਰਤ-ਏ ਟੀਮ ਨੇ ਨੇਪਾਲ ਨੂੰ 7 ਵਿਕਟਾਂ ਨਾਲ ਕਰਾਰੀ ਸ਼ਿਕਸਤ ਦੇ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਭਾਰਤੀ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨੇਪਾਲ ਦੀ ਪੂਰੀ ਟੀਮ ਮਹਿਜ਼ 78 ਦੌੜਾਂ 'ਤੇ ਸਿਮਟ ਗਈ, ਜਿਸ ਤੋਂ ਬਾਅਦ ਭਾਰਤ ਨੇ ਇਹ ਟੀਚਾ ਸਿਰਫ਼ 7.5 ਓਵਰਾਂ ਵਿੱਚ ਹਾਸਲ ਕਰ ਲਿਆ।
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਨੇਪਾਲੀ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ। ਨੇਪਾਲ ਦੀ ਸ਼ੁਰੂਆਤ ਕਾਫੀ ਧੀਮੀ ਰਹੀ। ਬਿੰਦੂ ਰਾਵਲ (11) ਅਤੇ ਸਮਝਨਾ ਖੜਕਾ (22) ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। ਭਾਰਤ ਵੱਲੋਂ ਤਨੁਜਾ ਕੰਵਰ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ ਅਤੇ ਨੇਪਾਲ ਦੇ ਮੱਧ ਕ੍ਰਮ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸj ਕਰ ਦਿੱਤਾ। ਮਿੰਨੂ ਮਣੀ ਨੇ ਵੀ ਬੇਹੱਦ ਕਿਫਾਇਤੀ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ ਸਿਰਫ਼ 8 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਕਪਤਾਨ ਰਾਧਾ ਯਾਦਵ ਨੇ ਵੀ 2 ਅਹਿਮ ਸਫਲਤਾਵਾਂ ਹਾਸਲ ਕੀਤੀਆਂ। ਨੇਪਾਲ ਦੀ ਪੂਰੀ ਪਾਰੀ 18ਵੇਂ ਓਵਰ ਵਿੱਚ 78 ਦੌੜਾਂ 'ਤੇ ਖਤਮ ਹੋ ਗਈ।
ਵਰਿੰਦਾ ਦਿਨੇਸ਼ ਦੀ ਤੂਫਾਨੀ ਬੱਲੇਬਾਜ਼ੀ
79 ਦੌੜਾਂ ਦੇ ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ। ਭਾਵੇਂ ਦੀਪਾ ਯਾਦਵ ਅਤੇ ਅਨੁਸ਼ਕਾ ਸ਼ਰਮਾ ਜਲਦੀ ਆਊਟ ਹੋ ਗਈਆਂ, ਪਰ ਵਰਿੰਦਾ ਦਿਨੇਸ਼ ਨੇ ਮੋਰਚਾ ਸੰਭਾਲਿਆ। ਵਰਿੰਦਾ ਨੇ ਮਹਿਜ਼ 18 ਗੇਂਦਾਂ ਵਿੱਚ 9 ਚੌਕਿਆਂ ਦੀ ਮਦਦ ਨਾਲ ਨਾਬਾਦ 39 ਦੌੜਾਂ ਦੀ ਪਾਰੀ ਖੇਡ ਕੇ ਮੈਚ ਨੂੰ ਇਕਤਰਫਾ ਕਰ ਦਿੱਤਾ। ਤੇਜਲ ਹਸਬਨੀਸ ਨੇ ਵੀ 18 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੇ 12.1 ਓਵਰ ਬਾਕੀ ਰਹਿੰਦਿਆਂ ਹੀ ਮੈਚ ਜਿੱਤ ਲਿਆ। ਸ਼ਾਨਦਾਰ ਗੇਂਦਬਾਜ਼ੀ ਲਈ ਤਨੁਜਾ ਕੰਵਰ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਅੰਕ ਸੂਚੀ 'ਚ ਭਾਰਤ ਸਿਖਰ 'ਤੇ
ਇਸ ਲਗਾਤਾਰ ਦੂਜੀ ਵੱਡੀ ਜਿੱਤ ਦੇ ਨਾਲ ਭਾਰਤ-ਏ ਟੀਮ +3.042 ਦੀ ਸ਼ਾਨਦਾਰ ਨੈੱਟ ਰਨ ਰੇਟ ਨਾਲ ਗਰੁੱਪ-ਏ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਦੀ ਇਸ ਧਮਾਕੇਦਾਰ ਜਿੱਤ ਨੇ ਟੂਰਨਾਮੈਂਟ ਦੇ ਅਗਲੇ ਪੜਾਅ ਲਈ ਹੋਰਨਾਂ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।
T20 WC 2026: ਸੁਪਰ 8 'ਚ ਐਂਟਰੀ ਤੋਂ ਬਾਅਦ ਟੀਮ ਨੂੰ ਲੱਗਾ ਵੱਡਾ ਝਟਕਾ, ਧਾਕੜ ਕ੍ਰਿਕਟਰ ਨੂੰ ਲੱਗੀ ਸੱਟ
NEXT STORY