ਨਵੀਂ ਦਿੱਲੀ— ਚਮਤਕਾਰੀ ਕਪਤਾਨ ਤੇ ਬੱਲੇਬਾਜ਼ ਵਿਰਾਟ ਕੋਹਲੀ ਦੀ ਅਗਵਾਈ 'ਚ ਦੌੜ ਰਿਹਾ ਟੀਮ ਇੰਡੀਆ ਦਾ ਜੇਤੂ ਰੱਥ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਦੇ ਆਪਣੇ ਅਜੇਤੂ ਕਿਲੇ 'ਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਤੇ ਆਖਰੀ ਟੈਸਟ 'ਚ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ 'ਤੇ ਕਬਜ਼ਾ ਕਰਨ ਉਤਰੇਗਾ।
ਭਾਰਤ ਨੇ ਕੋਲਕਾਤਾ 'ਚ ਪਹਿਲਾ ਟੈਸਟ ਡਰਾਅ ਹੋਣ ਤੋਂ ਬਾਅਦ ਨਾਗਪੁਰ 'ਚ ਦੂਜਾ ਟੈਸਟ ਪਾਰੀ ਤੇ 239 ਦੌੜਾਂ ਦੇ ਰਿਕਾਰਡ ਫਰਕ 'ਚ ਜਿੱਤ ਕੇ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਭਾਰਤ ਜੇਕਰ ਕੋਟਲਾ 'ਚ ਤੀਜੇ ਟੈਸਟ ਵਿਚ ਵੀ ਸ਼੍ਰੀਲੰਕਾ ਫਤਿਹ ਕਰ ਲੈਂਦਾ ਹੈ ਤਾਂ ਉਹ ਆਸਟ੍ਰੇਲੀਆ ਦੇ ਲਗਾਤਾਰ 9 ਸੀਰੀਜ਼ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕਰ ਲਵੇਗਾ।
ਵਿਸ਼ਵ ਦੀ ਨੰਬਰ ਇਕ ਟੈਸਟ ਟੀਮ ਭਾਰਤ ਦਾ ਕੋਟਲਾ ਮੈਦਾਨ 'ਚ ਜ਼ਬਰਦਸਤ ਰਿਕਾਰਡ ਹੈ। ਉਸ ਨੇ ਇਥੇ ਪਿਛਲੇ 30 ਸਾਲਾਂ 'ਚ 11 ਮੈਚਾਂ 'ਚੋਂ 10 'ਚ ਜਿੱਤ ਦਰਜ ਕੀਤੀ ਹੈ, ਜਦਕਿ ਇਕ ਹੀ ਡਰਾਅ ਖੇਡਿਆ ਹੈ। ਇਨ੍ਹਾਂ 30 ਸਾਲਾਂ 'ਚ ਦੁਨੀਆ ਦੀ ਕੋਈ ਵੀ ਟੀਮ ਭਾਰਤ ਨੂੰ ਕੋਟਲਾ 'ਚ ਹਰਾ ਨਹੀਂ ਸਕੀ ਹੈ। ਸ਼੍ਰੀਲੰਕਾ ਨੇ ਇਸ ਮੈਦਾਨ 'ਤੇ ਆਪਣਾ ਪਿਛਲਾ ਟੈਸਟ 2005 'ਚ ਖੇਡਿਆ ਸੀ ਤੇ ਉਦੋਂ ਉਸ ਨੂੰ 188 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਦਾ ਲਗਾਤਾਰ ਬਿਹਤਰੀਨ ਪ੍ਰਦਰਸ਼ਨ, ਖਿਡਾਰੀਆਂ ਦੀ ਜ਼ਬਰਦਸਤ ਫਾਰਮ ਤੇ ਕਪਤਾਨ ਕੋਹਲੀ ਦਾ 'ਵਿਰਾਟ ਸਾਹਸ' ਟੀਮ ਇੰਡੀਆ ਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ 'ਤੇ ਲਿਜਾ ਚੁੱਕਾ ਹੈ ਤੇ ਹੁਣ ਬਸ ਇਨ੍ਹਾਂ 'ਚ ਇਕ ਅਧਿਆਏ ਜੋੜਨਾ ਬਾਕੀ ਹੈ। ਭਾਰਤ ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਵੇਗਾ ਤੇ ਆਸਟ੍ਰੇਲੀਆ ਦੇ ਲਗਾਤਾਰ 9 ਸੀਰੀਜ਼ ਜਿੱਤਣ ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕਰ ਲਵੇਗਾ।
ਕੋਟਲਾ ਟੈਸਟ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਭਾਰਤ ਪਿਛਲੇ ਟੈਸਟ ਦੀ ਹੀ ਇਲੈਵਨ ਨੂੰ ਉਤਾਰਦਾ ਹੈ ਜਾਂ ਉਸ 'ਚ ਕੋਈ ਬਦਲਾਅ ਕਰਦਾ ਹੈ। ਨਾਗਪੁਰ 'ਚ ਓਪਨਰ ਲੋਕੇਸ਼ ਰਾਹੁਲ ਸਿਰਫ 7 ਦੌੜਾਂ ਬਣਾ ਸਕਿਆ ਸੀ ਤੇ ਜੇਕਰ ਟੀਮ ਵਿਚ ਕੋਈ ਬਦਲਾਅ ਹੁੰਦਾ ਹੈ ਤਾਂ ਆਖਰੀ-11'ਚ ਓਪਨਰ ਸ਼ਿਖਰ ਧਵਨ ਦੀ ਵਾਪਸੀ ਹੋ ਸਕਦੀ ਹੈ, ਜਿਹੜਾ ਮੁਰਲੀ ਵਿਜੇ ਦੇ ਨਾਲ ਜੋੜੀਦਾਰ ਦੇ ਰੂਪ 'ਚ ਓਪਨਿੰਗ ਵਿਚ ਉਤਰ ਸਕਦਾ ਹੈ।
ਸ਼੍ਰੀਲੰਕਾਈ ਟੀਮ ਨੂੰ ਇਸ ਮੁਕਾਬਲੇ 'ਚ ਵਾਪਸੀ ਕਰਨ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਕੋਲਕਾਤਾ ਦੀ ਪਹਿਲੀ ਪਾਰੀ ਨੂੰ ਛੱਡ ਦਿੱਤਾ ਜਾਵੇ ਤਾਂ ਮਹਿਮਾਨ ਟੀਮ ਇਸ ਤੋਂ ਬਾਅਦ ਲਗਾਤਾਰ ਸੰਘਰਸ਼ ਕਰਦੀ ਰਹੀ ਹੈ। ਲੈਫਟ ਆਰਮ ਸਪਿਨਰ ਰੰਗਨਾ ਹੇਰਾਥ ਦੇ ਆਖਰੀ ਮੈਚ 'ਚੋਂ ਬਾਹਰ ਹੋਣ ਨਾਲ ਸ਼੍ਰੀਲੰਕਾ ਦੀ ਚਿੰਤਾ ਹੋਰ ਵਧੀ ਹੈ। ਉਸ ਦੀ ਜਗ੍ਹਾ ਲੈੱਗ ਸਪਿਨਰ ਜੈਫ੍ਰੀ ਵਾਂਡਰਸੇ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ, ਜਿਹੜਾ ਟੈਸਟ 'ਚ ਆਪਣਾ ਡੈਬਿਊ ਕਰ ਸਕਦਾ ਹੈ।
ਸ਼੍ਰੀਲੰਕਾ ਜੇਕਰ ਵਾਂਡਰਸੇ ਨੂੰ ਮੁਕਾਬਲੇ 'ਚ ਉਤਾਰਦਾ ਹੈ ਤਾਂ ਉਹ ਨਵਾਂ ਹੋਣ ਕਾਰਨ ਭਾਰਤੀਆਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਸ਼੍ਰੀਲੰਕਾ ਦੀ ਤੇਜ਼ ਤੇ ਸਪਿਨ ਗੇਂਦਬਾਜ਼ੀ ਭਾਰਤੀ ਬੱਲੇਬਾਜ਼ਾਂ ਦੇ ਸਾਹਮਣੇ ਬੌਣੀ ਨਜ਼ਰ ਆ ਰਹੀ ਹੈ। ਸ਼੍ਰੀਲੰਕਾਈ ਟੀਮ ਮੈਨੇਜਮੈਂਟ ਨੂੰ ਕੁਝ ਵਾਧੂ ਕੋਸ਼ਿਸ਼ ਕਰਨ ਦੀ ਲੋੜ ਹੈ ਤਾਂ ਕਿ ਉਹ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰ ਸਕੇ।
ਟੀਮਾਂ ਇਸ ਤਰ੍ਹਾਂ ਹਨ
ਭਾਰਤ —(ਵਿਰਾਟ ਕੋਹਲੀ), ਅਜਿੰਕਯ ਰਹਾਨੇ, ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਚੇਤੇਸ਼ਵਰ ਪੁਜਾਰਾ, ਰਿਧੀਮਾਨ ਸਾਹਾ, ਲੋਕੇਸ਼ ਰਾਹੁਲ, ਇਸ਼ਾਂਤ ਸ਼ਰਮਾ, ਵਿਜੇ ਸ਼ੰਕਰ, ਰੋਹਿਤ ਸ਼ਰਮਾ, ਮੁਰਲੀ ਵਿਜੇ ਤੇ ਉਮੇਸ਼ ਯਾਦਵ।
ਸ਼੍ਰੀਲੰਕਾ—ਦਿਨੇਸ਼ ਚਾਂਦੀਮਲ (ਕਪਤਾਨ), ਦਿਮੁਥ ਕਰੁਣਾਰਤਨੇ, ਸਦੀਰਾ ਸਮਰਵਿਕਰਮਾ, ਐਂਜਲੋ ਮੈਥਿਊਜ਼, ਲਾਹਿਰੂ ਥਿਰੀਮਾਨੇ, ਨਿਰੋਸ਼ਨ ਡਿਕਵੇਲਾ, ਲਾਹਿਰੂ ਗਮਾਗੇ, ਜੈਫ੍ਰੀ ਵਾਂਡਰਸੇ, ਸੁਰੰਗਾ ਲਕਮਲ, ਦਾਸ਼ੁਨ ਸ਼ਨਾਕਾ, ਧਨੰਜਯਾ ਡਿਸਿਲਵਾ, ਵਿਸ਼ਵ ਫਰਨਾਂਡੋ, ਦਿਲਰੁਵਾਨ ਪਰੇਰਾ, ਲਕਸ਼ਣ ਸੰਦਾਕਨ ਤੇ ਰੋਸ਼ਨ ਸਿਲਵਾ।
ਨੰਬਰ ਵਨ ਉਦੋਂ ਹੋਣਾ, ਜਦੋਂ ਵਿਦੇਸ਼ 'ਚ ਵੀ ਜਿੱਤੋਗੇ : ਗੰਭੀਰ
NEXT STORY