ਸਪੋਰਟਸ ਡੈਸਕ— ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ ਮੰਨਿਆ ਕਿ ਪੂਰੇ ਵਿਸ਼ਵ ਵਿਚ ਫੈਲੇ ਖ਼ਤਰਨਾਕ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਖੇਡਾਂ ਨੂੰ ਕਰਵਾਉਣ ਲਈ ਕੋਈ ਆਦਰਸ਼ ਹੱਲ ਨਹੀਂ ਹੈ। ਆਈਓਸੀ ਦੇ ਬੁਲਾਰੇ ਨੇ ਕਿਹਾ ਕਿ ਇਹ ਇਕ ਖ਼ਾਸ ਸਥਿਤੀ ਹੈ ਜਿਸ ਲਈ ਖ਼ਾਸ ਹੱਲ ਦੀ ਲੋੜ ਪੈਂਦੀ ਹੈ। ਆਈਓਸੀ ਨੇ ਇਹ ਬਿਆਨ ਤਦ ਦਿੱਤਾ ਜਦ ਚੋਟੀ ਦੇ ਖਿਡਾਰੀਆਂ ਨੇ ਨਿੰਦਾ ਕੀਤੀ ਸੀ ਕਿ ਕੋਰੋਨਾ ਦੇ ਬਾਵਜੂਦ ਜੇ 24 ਜੁਲਾਈ ਤੋਂ ਨੌਂ ਅਗਸਤ ਵਿਚਾਲੇ ਹੋਣ ਵਾਲੀਆਂ ਓਲੰਪਿਕ ਖੇਡਾਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਜਾਨ ਦਾ ਜੋਖ਼ਮ ਲੈਣ ਲਈ ਮਜਬੂਰ ਹੋਣਾ ਪਵੇਗਾ। ਬੁਲਾਰੇ ਨੇ ਕਿਹਾ ਕਿ ਆਈਓਸੀ ਚੈਂਪੀਅਨਸ਼ਿਪ ਦੀ ਅਖੰਡਤਾ ਤੇ ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਅਜਿਹਾ ਹੱਲ ਲੱਭਣ ਲਈ ਵਚਨਬੱਧ ਹੈ ਜਿਸ ਦਾ ਖਿਡਾਰੀਆਂ ‘ਤੇ ਘੱਟੋ ਘੱਟ ਨਕਾਰਾਤਮਕ ਅਸਰ ਪਵੇ। ਇਸ ਸਥਿਤੀ ਵਿਚ ਕੋਈ ਵੀ ਆਦਰਸ਼ ਹੱਲ ਨਹੀਂ ਹੋਵੇਗਾ ਤੇ ਇਹੀ ਕਾਰਨ ਹੈ ਕਿ ਅਸੀਂ ਖਿਡਾਰੀਆਂ ਦੀ ਜ਼ਿੰਮੇਵਾਰੀ ਤੇ ਇਕਜੁਟਤਾ ਨੂੰ ਮਹੱਤਵ ਦੇ ਰਹੇ ਹਾਂ।
ਇਸ ਤੋਂ ਪਹਿਲਾਂ ਓਲੰਪਿਕ ਪੋਲ ਵਾਲਟ ਚੈਂਪੀਅਨ ਕੈਟਰੀਨਾ ਸਟੇਫੇਨਿਡੀ ਤੇ ਬਰਤਾਨਵੀ ਹੇਫਟਾਥਲਨ ਖਿਡਾਰੀ ਕੈਟਰੀਨਾ ਜਾਨਸਨ ਥਾਂਪਸਨ ਨੇ ਆਈਓਸੀ ਦੇ ਇਸ ਬਿਆਨ ‘ਤੇ ਚਿੰਤਾ ਜ਼ਾਹਰ ਕੀਤੀ ਸੀ ਕਿ ਜਿਸ ਵਿਚ ਵਿਸ਼ਵ ਦੀ ਸਰਵਸ੍ਰੇਸ਼ਠ ਖੇਡ ਸੰਸਥਾ ਨੇ 24 ਜੁਲਾਈ ਦੇ ਪਹਿਲਾਂ ਤੈਅ ਪ੍ਰਰੋਗਰਾਮ ਮੁਤਾਬਕ ਖੇਡਾਂ ਨੂੰ ਕਰਵਾਉਣ ਦੀ ਪੂਰੀ ਵਚਨਬੱਧਤਾ ਦੀ ਗੱਲ ਕਹੀ ਸੀ। ਸਟੇਫੇਨਿਡੀ ਨੇ ਕਿਹਾ ਕਿ ਕੀ ਆਈਓਸੀ ਚਾਹੁੰਦੀ ਹੈ ਕਿ ਅਸੀਂ ਹਰ ਦਿਨ ਅਭਿਆਸ ਕਰ ਕੇ ਆਪਣੀ ਸਿਹਤ, ਆਪਣੇ ਪਰਿਵਾਰ ਦੀ ਸਿਹਤ ਤੇ ਆਮ ਲੋਕਾਂ ਦੀ ਸਿਹਤ ਨੂੰ ਜੋਖ਼ਮ ਵਿਚ ਪਾਈਏ। ਉਥੇ ਆਈਓਸੀ ਦੇ ਮੈਂਬਰ ਹੇਲੇ ਵੇਂਕੇਨੀਜਰ ਨੇ ਖੇਡਾਂ ਨੂੰ ਅਸੰਵੇਦਨਸ਼ੀਲ ਤੇ ਗ਼ੈਰ ਜ਼ਿੰਮੇਵਾਰਾਨਾ ਕਹਿ ਕੇ ਓਲੰਪਿਕ ਬਾਡੀ ਦੀ ਨਿੰਦਾ ਕੀਤੀ ਸੀ। ਇਸ ਵਿਚਾਲੇ ਆਈਓਸੀ ਲਈ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਕਰਵਾਉਣ ਦੀ ਵੀ ਚੁਣੌਤੀ ਹੈ ਜੋ ਕੋਰੋਨਾ ਕਾਰਨ ਮੁਲਤਵੀ ਹੋ ਚੁੱਕੇ ਹਨ। 11000 ਓਲੰਪਿਕ ਕੋਟਿਆਂ ਵਿਚੋਂ 4700 ਹੀ ਅਜੇ ਭਰ ਸਕੇ ਹਨ।
ਟੋਕੀਓ ਓਲੰਪਿਕ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਕਿਹਾ ਕਿ ਓਲੰਪਿਕ ਮਸ਼ਾਲ ਸ਼ੁੱਕਰਵਾਰ ਨੂੰ ਯੂਨਾਨ ਤੋਂ ਜਹਾਜ਼ ਰਾਹੀਂ ਇੱਥੇ ਪੁੱਜੇਗੀ। ਚਾਰ ਮਹੀਨੇ ਤਕ ਚੱਲਣ ਵਾਲੀ ਮਸ਼ਾਲ ਰਿਲੇਅ 26 ਮਾਰਚ ਨੂੰ ਸ਼ੁਰੂ ਹੋਵੇਗੀ। ਉਥੇ ਚਾਰ ਤੇ ਪੰਜ ਅਪ੍ਰੈਲ ਨੂੰ ਹੋਣ ਵਾਲਾ ਜਿਮਾਸਟਿਕ ਟੈਸਟ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਖਿਡਾਰੀਆਂ ਤੇ ਰੈਫਰੀਆਂ ਨੇ ਇਸ ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਇਹ ਓਲੰਪਿਕ ਦਾ ਦੂਜਾ ਟੈਸਟ ਈਵੈਂਟ ਹੈ ਜੋ ਰੱਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਟੋਕੀਓ ਚੈਲੰਜ ਕੱਪ ਵਾਲੀਬਾਲ ਟੂਰਨਾਮੈਂਟ ਵੀ ਰੱਦ ਹੋ ਚੁੱਕਾ ਹੈ ਜੋ 21 ਤੋਂ 26 ਅਪ੍ਰੈਲ ਵਿਚਾਲੇ ਹੋਣਾ ਸੀ।
ਇਹ ਵੀ ਪੜ੍ਹੋ : ਟਿਮ ਪੇਨ ਨੇ ਕੋਰੋਨਾ ਵਾਇਰਸ ਪ੍ਰਤੀ ਗੰਭੀਰ ਰਵੱਈਆ ਅਪਣਾਉਣ ’ਤੇ ਦਿੱਤਾ ਜ਼ੋਰ
ਟਿਮ ਪੇਨ ਨੇ ਕੋਰੋਨਾ ਵਾਇਰਸ ਪ੍ਰਤੀ ਗੰਭੀਰ ਰਵੱਈਆ ਅਪਣਾਉਣ ’ਤੇ ਦਿੱਤਾ ਜ਼ੋਰ
NEXT STORY