ਨਵੀਂ ਦਿੱਲੀ– ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਲੀਗ ਅਰਥਾਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 19ਵਾਂ ਸੈਸ਼ਨ 28 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦਾ ਉਦਘਾਟਨੀ ਮੁਕਾਬਲਾ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਬੈਂਗਲੁਰੂ ਵਿਚ ਖੇਡਿਆ ਜਾਵੇਗਾ। 2008 ਤੋਂ ਸ਼ੁਰੂ ਹੋਇਆ ਆਈ. ਪੀ. ਐੱਲ. ਅੱਜ ਦੁਨੀਆ ਵਿਚ ਆਪਣੀ ਖੇਡ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਜਿੱਥੇ ਪ੍ਰਸਿੱਧ ਹੈ, ਉੱਥੇ ਹੀ, ਇਸ ਸ਼ਾਨਦਾਰ ਲੀਗ ’ਤੇ ਕੁਝ ਗ੍ਰਹਿਣ ਵੀ ਲੱਗੇ ਹਨ, ਜਿਨ੍ਹਾਂ ਨੇ ਇਸ ਨੂੰ ਕਾਫੀ ਵਿਵਾਦਾਂ ਵਿਚ ਰੱਖਿਆ ਹੈ, ਇਨ੍ਹਾਂ ਵਿਚੋਂ 5 ਵੱਡੇ ਵਿਵਾਦ ਅਜਿਹੇ ਰਹੇ ਹਨ, ਜਿਨ੍ਹਾਂ ਕਾਰਨ 10 ਫ੍ਰੈਂਚਾਈਜ਼ੀਆਂ ਦੇ ਪ੍ਰਬੰਧਕਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਅੱਜ ਅਸੀਂ ਇਨ੍ਹਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾ ਰਹੇ ਹਾਂ।
1. ਹਰਭਜਨ-ਸ਼੍ਰੀਸਾਂਥ ਥੱਪੜ ਕਾਂਡ
ਆਈ. ਪੀ. ਐਲ. ਦੀ ਸ਼ੁਰੂਆਤ ’ਚ ਹੀ ਸਭ ਤੋਂ ਵੱਡਾ ਵਿਵਾਦ ਸਾਹਮਣੇ ਆਇਆ ਸੀ, ਜਦੋਂ ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਮੈਚ ’ਚ ਐੱਮ. ਆਈ. ਦੇ ਪਲੇਅਰ ਹਰਭਜਨ ਸਿੰਘ ਨੇ ਪੰਜਾਬ ਦੇ ਪਲੇਅਰ ਸ਼੍ਰੀਸੰਥ ਨੂੰ ਵਿਚਾਲੇ ਮੈਦਾਨ ’ਤੇ ਥੱਪੜ ਮਾਰ ਦਿੱਤਾ ਸੀ। ਇਹ ਮੈਚ ਆਈ. ਪੀ. ਐਲ. 2008 ’ਚ ਮੋਹਾਲੀ ’ਚ ਖੇਡਿਆ ਗਿਆ ਸੀ, ਜਿੱਥੇ ਹਰਭਜਨ ਤੋਂ ਥੱਪੜ ਖਾਣ ਤੋਂ ਬਾਅਦ ਸ਼੍ਰੀਸੰਥ ਮੈਦਾਨ ’ਤੇ ਹੀ ਰੋ ਪਿਆ ਸੀ। ਆਈ. ਪੀ. ਐਲ. ਦਾ ਥੱਪੜ ਕਾਂਡ ਕਾਫੀ ਸਮੇਂ ਤੱਕ ਚਰਚਾਵਾਂ ਦਾ ਕੇਂਦਰ ਰਿਹਾ ਸੀ।
2. ਐੱਸ. ਸ਼੍ਰੀਸੰਥ ਨੂੰ ਕੀਤਾ ਗਿਆ ਬੈਨ
ਆਈ. ਪੀ. ਐਲ. 2012 ’ਚ ਸਪਾਟ ਫਿਕਸਿੰਗ ਵਿਵਾਦ ਸਾਹਮਣੇ ਆਇਆ। ਇਸ ਦੀ ਲਪੇਟ ’ਚ ਭਾਰਤ ਦੇ ਤੇਜ਼ ਗੇਂਦਬਾਜ਼ ਸ਼੍ਰੀਸੰਥ, ਅਜਿਤ ਚੰਦੀਲਾ ਅਤੇ ਅੰਕਿਤ ਚੌਵਾਨ ਆਏ। ਇਸ ਤੋਂ ਬਾਅਦ ਇਨ੍ਹਾਂ ਖਿਡਾਰੀਆਂ ਨੂੰ ਕ੍ਰਿਕਟ ਤੋਂ ਬੈਨ ਕਰ ਦਿੱਤਾ ਗਿਆ ਅਤੇ ਵਿਸ਼ਵ ਭਰ ’ਚ ਭਾਰਤੀ ਕ੍ਰਿਕਟ ਦੀ ਨੀਂਹ ਕਮਜ਼ੋਰ ਹੋਈ।
3. ਚੇਨਈ ਤੇ ਰਾਜਸਥਾਨ ’ਤੇ ਲੱਗਾ ਬੈਨ
ਆਈ. ਪੀ. ਐੱਲ. 2013 ’ਚ ਸੱਟਾ ਵਿਵਾਦ ਦੇ ਕਾਰਨ ਆਈ. ਪੀ. ਐੱਲ. 2016 ’ਚ ਜਾਂਚ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਨੂੰ ਆਈ. ਪੀ. ਐੱਲ. ਤੋਂ ਦੋ ਸਾਲ ਲਈ ਬੈਨ ਕਰ ਦਿੱਤਾ ਗਿਆ ਸੀ। ਇਨ੍ਹਾਂ ਦੋਵਾਂ ਟੀਮਾਂ ਨੂੰ ਸਪਾਟ-ਫਿਕਸਿੰਗ ਅਤੇ ਸੱਟੇਬਾਜ਼ੀ ਘਪਲੇ ’ਚ ਉਨ੍ਹਾਂ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਕਾਰਨ ਬੈਨ ਹੋਣਾ ਪਿਆ ਸੀ। ਇਸ ਦੀ ਜਗ੍ਹਾ 2 ਸਾਲ ਲਈ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਅਤੇ ਕੋਚੀ ਟਸਕਰਸ ਕੇਰਲਾ ਨੇ ਲਈ ਸੀ।
4. ਜਡੇਜਾ ਹੋਇਆ ਆਈ. ਪੀ. ਐੱਲ. ਤੋਂ ਬੈਨ
ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਨੂੰ ਆਈ. ਪੀ. ਐੱਲ. ਤੋਂ ਇਕ ਸਾਲ ਲਈ ਬੈਨ ਹੋਣਾ ਪਿਆ ਸੀ। ਉਹ ਆਈ. ਪੀ. ਐੱਲ. 2010 ’ਚ ਕਾਫੀ ਵਿਵਾਦਾਂ ’ਚ ਰਿਹਾ ਸੀ। ਜਡੇਜਾ ’ਤੇ ਰਾਜਸਥਾਨ ਰਾਇਲਜ਼ ਦੇ ਨਾਲ ਡੀਲ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਮੁੰਬਈ ਇੰਡੀਅਨਜ਼ ਵੱਲੋਂ ਖੇਡਣ ਲਈ ਗੱਲ ਕਰਨ ਦਾ ਦੋਸ਼ ਲੱਗਾ ਸੀ, ਜਿਸ ਦੇ ਕਾਰਨ ਬੀ. ਸੀ. ਸੀ. ਆਈ. ਨੇ ਉਸ ਨੂੰ ਬੈਨ ਕਰ ਦਿੱਤਾ ਸੀ।
5. ਆਸਟ੍ਰੇਲੀਅਨ ਕ੍ਰਿਕਟਰ ਲਿਓਕ ਹੋਇਆ ਗ੍ਰਿਫਤਾਰ
ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਲਿਊਕ ਪੌਮਰਸਬੈਕ ਨੂੰ ਵਿਚਾਲੇ ਆਈ. ਪੀ. ਐੱਲ. ਦੇ ਗ੍ਰਿਫਤਾਰ ਕੀਤਾ ਗਿਆ ਸੀ। ਆਈ. ਪੀ. ਐੱਲ. 2012 ’ਚ ਜਦੋਂ ਉਹ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਖੇਡ ਰਿਹਾ ਸੀ, ਉਦੋਂ ਉਸ ਨੂੰ ਇਕ ਹੋਟਲ ’ਚ ਮਹਿਲਾ ਨਾਲ ਖਰਾਬ ਵਤੀਰੇ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਾਮਲਾ ਕੋਰਟ ਤੱਕ ਵੀ ਪਹੁੰਚ ਗਿਆ ਸੀ।
6. ਸ਼ਾਹਰੁਖ ਵਿਵਾਦ’ ਨੇ ਵੀ ਕੀਤਾ ਸੀ ਸ਼ਰਮਸਾਰ
ਸ਼ਾਹਰੁਖ ਖਾਨ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਸਾਲ 2008 ’ਚ ਖਰੀਦਿਆ ਸੀ। ਇਸ ਤੋਂ ਬਾਅਦ ਉਹ ਅਕਸਰ ਆਪਣੀ ਟੀਮ ਨੂੰ ਬਤੌਰ ਮਾਲਕ ਆਈ. ਪੀ. ਐੱਲ. ’ਚ ਸਪੋਰਟ ਕਰਨ ਲਈ ਆਉਂਦਾ ਸੀ। ਆਈ. ਪੀ. ਐੱਲ. 2012 ਦੌਰਾਨ ਬਾਲੀਵੁੱਡ ਦਾ ਸਟਾਰ ਅਤੇ ਕੇ. ਕੇ. ਆਰ. ਦਾ ਮਾਲਕ ਸ਼ਾਹਰੁਖ ਖਾਨ ਵੀ ਵਿਵਾਦਾਂ ’ਚ ਸ਼ਾਮਲ ਹੋ ਗਿਆ ਸੀ। ਉਸ ’ਤੇ ਮੈਚ ਦੌਰਾਨ ਵਾਨਖੇੜੇ ਸਟੇਡੀਅਮ ’ਚ ਸੁਰੱਖਿਆ ਸਟਾਫ ਨਾਲ ਮਾੜਾ ਵਰਤਾਓ ਕਰਨ ਅਤੇ ਬਹਿਸ ਕਰਨ ’ਤੇ ਕਾਰਵਾਈ ਕੀਤੀ ਗਈ ਅਤੇ ਉਸ ਨੂੰ 5 ਸਾਲ ਲਈ ਸਟੇਡੀਅਮ ’ਚ ਆਉਣ ਤੋਂ ਬੈਨ ਕਰ ਦਿੱਤਾ ਗਿਆ ਸੀ।
IPL 2026: ਈਡਨ ਗਾਰਡਨ 'ਚ ਸਪਿਨਰਾਂ ਦਾ ਜਲਵਾ ਦਿਖਾਉਣ ਲਈ ਡੂ ਪਲੇਸੀ ਨੇ KKR ਨੂੰ ਦਿੱਤਾ ਜਿੱਤ ਦਾ ਮੰਤਰ
NEXT STORY