ਦੁਬਈ– ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਲਈ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਪਹੁੰਚ ਚੁੱਕੀਆਂ ਸਾਰੀਆਂ 8 ਟੀਮਾਂ ਦੇ ਖਿਡਾਰੀਆਂ ਨੂੰ ਇਕੱਲਾਪਨ ਸਤਾ ਰਿਹਾ ਹੈ। ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਜ਼ ਦੇ ਸਟਾਰ ਖਿਡਾਰੀ ਸੁਰੇਸ਼ ਰੈਨਾ ਦੇ ਅਚਾਨਕ ਦੁਬਈ ਤੋਂ ਵਤਨ ਪਰਤਣ ਦੇ ਪਿੱਛੇ ਵੀ ਇਹ ਹੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਜੈਵ ਸੁਰੱਖਿਅਤ ਮਾਹੌਲ ਵਿਚ ਇਕੱਲੇ ਰਹਿਣ ਦੀ ਚਿੰਤਾ, ਟੀਮ ਦੇ ਦੋ ਖਿਡਾਰੀਆਂ ਸਮੇਤ 13 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਹੋ ਜਾਣ ਅਤੇ ਵਤਨ ਵਿਚ ਇਕ ਨਿੱਜੀ ਤ੍ਰਾਸਦੀ ਦੇ ਕਾਰਣ ਰੈਨਾ ਵਾਪਸ ਭਾਰਤ ਆ ਗਿਆ।
ਰੈਨਾ ਟੀਮ ਦੇ ਦੁਬਈ ਪਹੁੰਚਣ ਤੋਂ 9 ਦਿਨ ਬਾਅਦ ਹੀ ਵਤਨ ਪਰਤ ਗਿਆ ਹੈ। ਟੂਰਨਾਮੈਂਟ ਨੂੰ 19 ਸਤੰਬਰ ਤੋਂ 10 ਨਵੰਬਰ ਤਕ ਹੋਣਾ ਹੈ ਪਰ ਟੂਰਨਾਮੈਂਟ ਦਾ ਪ੍ਰੋਗਰਾਮ ਅਜੇ ਤਕ ਐਲਾਨ ਨਹੀਂ ਕੀਤਾ ਗਿਆ ਹੈ। ਰੈਨਾ ਦਾ ਨੌਜਵਾਨ ਪਰਿਵਾਰ ਤੇ ਉਸਦੇ ਦੋ ਬੱਚੇ ਹਨ। ਸਮਝਿਆ ਜਾਂਦਾ ਹੈ ਕਿ ਉਸ ਨੇ ਟੀਮ ਮੈਨੇਜਮੈਂਟ-ਸੀ. ਈ. ਓ. ਕਾਸ਼ੀ ਵਿਸ਼ਵਨਾਥਨ, ਕਪਤਾਨ ਮਹਿੰਦਰ ਸਿੰਘ ਧੋਨੀ ਤੇ ਕੋਚ ਸਟੀਫਨ ਫਲੇਮਿੰਗ ਨੂੰ ਦੱਸਿਆ ਹੈ ਕਿ ਉਸਦੇ ਲਈ ਹੋਟਲ ਦੇ ਕਮਰੇ ਵਿਚ ਇਕੱਲੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਰੈਨਾ ਹੀ ਨਹੀਂ ਸਗੋਂ ਚੇਨਈ ਟੀਮ ਦੇ ਹੋਰ ਮੈਂਬਰਾਂ ਨੂੰ ਵੀ ਆਪਣੇ ਹੋਟਲ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ, ਜਿਹੜਾ ਸ਼ਹਿਰ ਦੇ ਸੁੰਨਸਾਨ ਇਲਾਕੇ ਵਿਚ ਹੈ।
ਰੈਨਾ ਦੇ ਫੈਸਲੇ ਨੇ ਟੀਮ ਮੈਨੇਜਮੈਂਟ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਰੈਨਾ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਟੀਮ ਨੂੰ ਚੌਥਾ ਖਿਤਾਬ ਜਿਤਾਉਣ ਵਿਚ ਮਦਦ ਕਰੇਗਾ ਪਰ ਹੁਣ ਉਸ ਨੇ ਟੀਮ ਮੈਨੇਜਮੈਂਟ ਨੂੰ ਕਿਹਾ ਸੀ ਕਿ ਉਸਦੇ ਲਈ ਜੈਵ ਸੁਰੱਖਿਅਤ ਮਾਹੌਲ ਵਿਚ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਰੈਨਾ ਨੇ ਹਾਲਾਂਕਿ ਜਾਣ ਤੋਂ ਪਹਿਲਾਂ 16 ਤੋਂ 20 ਅਗਸਤ ਤਕ ਚੇਨਈ ਟੀਮ ਦਾ 6 ਦਿਨਾ ਕੈਂਪ ਜੈਵ ਸੁਰੱਖਿਅਤ ਮਾਹੌਲ ਵਿਚ ਬਿਤਾਇਆ ਸੀ।
ਆਈ. ਪੀ. ਐੱਲ. ਦੇ ਕੋਵਿਡ-19 ਪ੍ਰੋਟੋਕਾਲ ਦੇ ਅਨੁਸਾਰ ਸਾਰੀਆਂ ਟੀਮ ਦੇ ਖਿਡਾਰੀਆਂ ਨੂੰ ਯੂ. ਏ. ਈ. ਪਹੁੰਚਣ ਤੋਂ ਤੁਰੰਤ ਬਾਅਦ ਹਵਾਈ ਅੱਡੇ 'ਤੇ ਹੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣੀ ਪੈਂਦੀ ਹੈ। ਇਸ ਤੋਂ ਬਾਅਦ ਖਿਡਾਰੀਆਂ ਨੂੰ ਹੋਟਲ ਵਿਚ 6 ਦਿਨਾਂ ਦੀ ਜ਼ਰੂਰੀ ਕੁਆਰੰਟਾਈਨ ਮਿਆਦ ਦੌਰਾਨ ਪਹਿਲੇ, ਤੀਜੇ ਤੇ ਪੰਜਵੇਂ ਦਿਨ ਵੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣੀ ਪੈਂਦੀ ਹੈ। ਇਨ੍ਹਾਂ ਤਿੰਨ ਜਾਂਚਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਖਿਡਾਰੀਆਂ ਨੂੰ ਟ੍ਰੇਨਿੰਗ ਦੀ ਮਨਜ਼ੂਰੀ ਦਿੱਤੀ ਹੈ।
ਚੇਨਈ ਟੀਮ ਨੇ ਆਪਣੇ ਅਭਿਆਸ ਸੈਸ਼ਨ ਨੂੰ 1 ਸਤੰਬਰ ਤਕ ਲਈ ਮੁਲਤਵੀ ਕਰ ਦਿੱਤਾ ਹੈ। ਆਈ. ਪੀ. ਐੱਲ. ਦੀ ਮਿਆਰੀ ਆਪ੍ਰੇਟਿੰਗ ਵਿਧੀ (ਐੱਸ. ਓ. ਪੀ.) ਦੇ ਤਹਿਤ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਉਨ੍ਹਾਂ ਨੂੰ ਘੱਟ ਤੋਂ ਘੱਟ ਦੋ ਹਫਤੇ ਤਕ ਇਕਾਂਤਵਾਸ ਵਿਚ ਰਹਿਣਾ ਪਵੇਗਾ ਤੇ ਇਸ ਤੋਂ ਬਾਅਦ ਉਨ੍ਹਾਂ ਦੇ ਦੋ ਟੈਸਟ ਨੈਗੇਟਿਵ ਹੋਣੇ ਚਾਹੀਦੇ ਹਨ ਤਦ ਹੀ ਉਹ ਟੀਮ ਨਾਲ ਜੁੜ ਸਕਣਗੇ। ਇਨ੍ਹਾਂ ਮੈਂਬਰਾਂ ਨੂੰ ਬਾਕੀ ਗਰੁੱਪ ਤੋਂ ਵੱਖਰਾ ਕਰਕੇ ਆਈਸੋਲੇਸ਼ਨ ਵਿਚ ਰੱਖਿਆ ਜਾਵੇਗਾ ਤੇ ਇਹ ਵੀ ਦੇਖਿਆ ਜਾਵੇਗਾ ਕਿ ਇਨ੍ਹਾਂ ਦੇ ਸੰਪਰਕ ਵਿਚ ਕੌਣ-ਕੌਣ ਆਇਆ ਸੀ।
ਜ਼ਿਆਦਾਤਰ ਖਿਡਾਰੀਆਂ ਨੇ ਮਾਰਚ ਤੋਂ ਕੋਈ ਕ੍ਰਿਕਟ ਨਹੀਂ ਖੇਡੀ ਹੈ ਤੇ ਉਨ੍ਹਾਂ ਨੂੰ ਆਪਣੀ ਸਮੱਰਥਾ 'ਤੇ ਸ਼ੱਕ ਹੋ ਰਿਹਾ ਹੈ। ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਸ ਨੂੰ ਖੁਦ 'ਤੇ ਸ਼ੱਕ ਹੁੰਦਾ ਹੈ ਕਿ ਕੀ ਉਹ ਗੇਂਦ ਦੀ ਲਾਈਨ-ਲੈਂਥ ਨੂੰ ਪੜ੍ਹ ਸਕੇਗਾ, ਕਿਤੇ ਉਹ ਹੌਲੀ ਤਾਂ ਨਹੀਂ ਹੋ ਗਿਆ ਤੇ ਕੀ ਉਹ ਕਵਰ ਡਰਾਈਵ ਪਹਿਲਾਂ ਦੀ ਤਰ੍ਹਾਂ ਲਾ ਸਕੇਗਾ। ਹਾਲਾਂਕਿ ਜ਼ਿਆਦਾਤਰ ਟੀਮਾਂ ਨੇ ਆਪਣੇ ਅਭਿਆਸ ਸੈਸ਼ਨ ਸ਼ੁੱਕਰਵਾਰ ਤੇ ਸਨੀਵਾਰ ਨੂੰ ਸ਼ੁਰੂ ਕਰ ਦਿੱਤੇ ਹਨ ਜਦਕਿ ਚੇਨਈ ਟੀਮ 1 ਸਤੰਬਰ ਤੋਂ ਬਾਅਦ ਤੋਂ ਹੀ ਅਭਿਆਸ ਸ਼ੁਰੂ ਕਰ ਸਕੇਗੀ।
ਰਾਹੁਲ ਚਾਹਰ ਨੇ ਆਪਣੇ ਭਰਾ ਦੀਪਕ ਦੇ ਜਲਦ ਸਿਹਤਮੰਦ ਹੋਣ ਦੀ ਕੀਤੀ ਪ੍ਰਾਰਥਨਾ
NEXT STORY