ਆਬੂ ਧਾਬੀ– ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਦੀ 4 ਓਵਰਾਂ ਵਿਚ 15 ਦੌੜਾਂ ਦੇ ਕੇ 3 ਵਿਕਟਾਂ ਤੇ ਸੁਪਰ ਓਵਰ ਵਿਚ 3 ਗੇਂਦਾਂ 'ਤੇ 2 ਦੌੜਾਂ 'ਤੇ 2 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੇ ਦਮ 'ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੁਪਰ ਓਵਰ ਵਿਚ ਰੋਮਾਂਚਕ ਜਿੱਤ ਦਰਜ ਕਰ ਲਈ।
ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 5 ਵਿਕਟਾਂ 'ਤੇ 163 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਿਸ ਦੇ ਜਵਾਬ ਵਿਚ ਹੈਦਰਾਬਾਦ ਦੀ ਟੀਮ ਵੀ 20 ਓਵਰਾਂ ਵਿਚ 6 ਵਿਕਟਾਂ 'ਤੇ 163 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੁਕਾਬਲੇ ਦਾ ਫੈਸਲਾ ਸੁਪਰ ਓਵਰ ਵਿਚ ਕੀਤਾ ਗਿਆ, ਜਿੱਥੇ ਫਰਗਿਊਸਨ ਦੀ ਘਾਤਕ ਗੇਂਦਬਾਜ਼ੀ ਅੱਗੇ ਹੈਦਰਾਬਾਦ ਟਿਕ ਨਹੀਂ ਸਕੀ ਤੇ ਸਿਰਫ 2 ਹੀ ਦੌੜਾਂ ਬਣਾ ਸਕੀ। ਸੁਪਰ ਓਵਰ ਵਿਚ ਕੋਲਕਾਤਾ ਨੇ 4 ਗੇਂਦਾਂ ਵਿਚ 3 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਹ ਇਸ ਆਈ. ਪੀ. ਐੱਲ. ਦਾ ਤੀਜਾ ਸੁਪਰ ਓਵਰ ਸੀ।
ਸੁਪਰ ਓਵਰ ਵਿਚ ਹੈਦਰਾਬਾਦ ਦਾ ਕਪਤਾਨ ਡੇਵਿਡ ਵਾਰਨਰ ਤੇ ਅਬਦੁਲ ਸਮਦ ਕ੍ਰੀਜ਼ 'ਤੇ ਸਨ ਤੇ ਫਰਗਿਊਸਨ ਗੇਂਦਬਾਜ਼ੀ ਲਈ ਉਤਰਿਆ। ਫਰਗਿਊਸਨ ਨੇ ਪਹਿਲੀ ਹੀ ਗੇਂਦ 'ਤੇ ਵਾਰਨਰ ਨੂੰ ਬੋਲਡ ਕਰ ਦਿੱਤਾ ਤੇ ਸਮਦ ਨੇ ਅਗਲੀ ਗੇਂਦ 'ਤੇ 2 ਦੌੜਾਂ ਬਣਾਈਆਂ ਤੇ ਤੀਜੀ ਗੇਂਦ 'ਤੇ ਉਹ ਵੀ ਬੋਲਡ ਹੋ ਗਿਆ। ਸਕੋਰ ਸੀ 2 ਦੌੜਾਂ 'ਤੇ 2 ਵਿਕਟਾਂ।
ਸੁਪਰ ਓਵਰ ਵਿਚ 2 ਵਿਕਟਾਂ ਹੀ ਡਿੱਗ ਸਕਦੀਆਂ ਹਨ। ਹੁਣ ਕੇ. ਕੇ. ਆਰ. ਨੂੰ ਜਿੱਤ ਲਈ 6 ਗੇਂਦਾਂ ਵਿਚ 3 ਦੌੜਾਂ ਬਣਾਉਣੀਆਂ ਸਨ ਤੇ ਮੋਰਗਨ ਤੇ ਕਾਰਤਿਕ ਕ੍ਰੀਜ਼ 'ਤੇ ਸਨ। ਰਾਸ਼ਿਦ ਖਾਨ ਦੀ ਪਹਿਲੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ, ਦੂਜੀ ਗੇਂਦ 'ਤੇ ਇਕ ਦੌੜ ਤੇ ਤੀਜੀ ਗੇਂਦ 'ਤੇ ਕੋਈ ਦੌੜ ਨਹੀਂ ਬਣੀ ਪਰ ਚੌਥੀ ਗੇਂਦ 'ਤੇ 2 ਦੌੜਾਂ ਬਣ ਗਈਆਂ ਤੇ ਕੇ. ਕੇ. ਆਰ. ਜਿੱਤ ਗਏ।
ਕੇ. ਕੇ. ਆਰ. ਦੀ ਇਹ 9 ਮੈਚਾਂ ਵਿਚੋਂ 5ਵੀਂ ਜਿੱਤ ਹੈ, ਜਿਸ ਨਾਲ ਉਸਦੇ 10 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੀ ਇਹ 6ਵੀਂ ਹਾਰ ਸੀ ਤੇ ਉਹ ਅੰਕ ਸੂਚੀ ਵਿਚ 6 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।
IPL 2020: ਜਿੱਤ ਮਗਰੋਂ ਸ਼ਿਖਰ ਧਵਨ ਨੇ 'ਕਦੇ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ' ਗਾਣੇ 'ਤੇ ਕੀਤਾ ਡਾਂਸ, ਵੇਖੋ ਵੀਡੀਓ
NEXT STORY