ਸਪੋਰਟਸ ਡੈਸਕ- ਅੱਜ ਬੈਂਗਲੌਰ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ, ਜਿੱਥੇ ਬੈਂਗਲੁਰੂ ਨੇ ਆਖ਼ਰੀ ਓਵਰ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ 'ਚ ਪੰਜਾਬ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਮੁਕਾਬਲੇ 'ਚ ਬੈਂਗਲੁਰੂ ਦੇ ਕਪਤਾਨ ਫਾਫ ਡੁ ਪਲੇਸਿਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਕਪਤਾਨ ਸ਼ਿਖਰ ਧਵਨ (45) ਤੋਂ ਇਲਾਵਾ ਪ੍ਰਭਸਿਮਰਨ ਸਿੰਘ (25), ਸੈਮ ਕਰਨ (23), ਜਿਤੇਸ਼ ਸ਼ਰਮਾ (27) ਅਤੇ ਸ਼ਸ਼ਾਂਕ ਸਿੰਘ (21) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਪੰਜਾਬ ਨੇ ਜਿੱਤ ਲਈ ਬੈਂਗਲੁਰੂ ਅੱਗੇ 177 ਦੌੜਾਂ ਦਾ ਟੀਚਾ ਖੜ੍ਹਾ ਕੀਤਾ ਸੀ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਕਪਤਾਨ ਡੁ ਪਲੇਸਿਸ ਸਿਰਫ਼ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਆਏ ਕੈਮਰੂਨ ਗ੍ਰੀਨ ਵੀ ਕੁਝ ਖ਼ਾਸ ਨਾ ਕਰ ਸਕੇ ਤੇ 3 ਦੌੜਾਂ ਬਣਾ ਕੇ ਉਹ ਵੀ ਆਊਟ ਹੋ ਗਏ। ਗਲੈਨ ਮੈਕਸਵੈੱਲ ਵੀ ਇੰਨੀਆਂ ਹੀ ਦੌੜਾਂ ਬਣਾ ਕੇ ਹਰਪ੍ਰੀਤ ਬਰਾੜ ਦਾ ਸ਼ਿਕਾਰ ਬਣਿਆ। ਰਜਤ ਪਾਟੀਦਾਰ ਵੀ 18 ਦੌੜਾਂ ਬਣਾ ਕੇ ਬਰਾੜ ਦੀ ਗੇਂਦ 'ਤੇ ਬੋਲਡ ਹੋ ਗਿਆ।
ਪਰ ਇਸ ਦੇ ਬਾਵਜੂਦ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਬਹੁਤ ਸ਼ਾਨਦਾਰ ਪਾਰੀ ਖੇਡੀ ਤੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਉਸ ਨੇ ਮੈਦਾਨ ਦੇ ਚਾਰੋਂ ਪਾਸੇ ਸ਼ਾਟ ਖੇਡੇ ਤੇ ਟੀਮ ਦੇ ਕਦਮ ਜਿੱਤ ਵੱਲ ਵਧਾਏ। ਉਸ ਨੇ ਆਪਣੀ 49 ਗੇਂਦਾਂ ਦੀ ਪਾਰੀ 'ਚ 11 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 77 ਦੌੜਾਂ ਦੀ ਪਾਰੀ ਖੇਡੀ। ਵਿਰਾਟ 16ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਹਰਸ਼ਲ ਪਟੇਲ ਦੀ ਗੇਂਦ 'ਤੇ ਛੱਕਾ ਮਾਰਨ ਦੀ ਕੋਸ਼ਿਸ਼ ਕਰਦਿਆਂ ਬਰਾੜ ਹੱਥੋਂ ਕੈਚ ਆਊਟ ਹੋ ਗਿਆ।
ਬੈਂਗਲੁਰੂ ਨੂੰ ਜਿੱਤ ਲਈ ਆਖ਼ਰੀ 2 ਓਵਰਾਂ 'ਚ 23 ਦੌੜਾਂ ਦੀ ਲੋੜ ਸੀ, ਜਦਕਿ ਦਿਨੇਸ਼ ਕਾਰਤਿਕ ਤੇ ਮਹੀਪਾਲ ਲੋਮਰੋਰ ਕ੍ਰੀਜ਼ 'ਤੇ ਸਨ। 19ਵੇਂ ਓਵਰ 'ਚ ਹਰਸ਼ਲ ਪਟੇਲ ਨੇ ਗੇਂਦਬਾਜ਼ੀ ਕੀਤੀ ਤੇ ਉਸ ਨੂੰ ਓਵਰ 'ਚ 13 ਦੌੜਾਂ ਪਈਆਂ। ਹੁਣ ਆਖ਼ਰੀ ਓਵਰ 'ਚ ਬੈਂਗਲੁਰੂ ਨੂੰ 10 ਦੌੜਾਂ ਦੀ ਲੋੜ ਸੀ। ਅਰਸ਼ਦੀਪ ਦੇ ਇਸ ਓਵਰ ਦੀ ਪਹਿਲੀ ਹੀ ਗੇਂਦ 'ਤੇ ਦਿਨੇਸ਼ ਕਾਰਤਿਕ ਨੇ ਛੱਕਾ ਮਾਰ ਕੇ ਸ਼ੁਰੂਆਤ ਕੀਤੀ। ਅਗਲੀ ਗੇਂਦ ਅਰਸ਼ਦੀਪ ਨੇ ਵਾਈਡ ਮਾਰ ਦਿੱਤੀ, ਜਿਸ ਤੋਂ ਬਾਅਦ ਅਗਲੀ ਗੇਂਦ 'ਤੇ ਕਾਰਤਿਕ ਨੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾ ਦਿੱਤੀ।
ਇਸ ਤਰ੍ਹਾਂ ਬੈਂਗਲੁਰੂ ਨੇ ਇਹ ਮੁਕਾਬਲਾ 4 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ ਤੇ ਇਸ ਸੀਜ਼ਨ ਦੀ ਪਹਿਲੀ ਜਿੱਤ ਵੀ ਆਪਣੇ ਘਰੇਲੂ ਮੈਦਾਨ 'ਤੇ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਬੈਂਗਲੁਰੂ ਨੂੰ ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ 'ਚ ਧੋਨੀ ਦੀ ਚੇਨਈ ਸੁਪਰਕਿੰਗਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਛੇਤਰੀ ਦੇ 150ਵੇਂ ਮੈਚ 'ਚ ਗੋਲ ਕਰਨ ਦਾ ਹੋਵੇਗਾ ਭਾਰਤ ਦਾ ਇਰਾਦਾ
NEXT STORY