ਸਪੋਰਟਸ ਡੈਸਕ- ਆਈਸੀਸੀ ਟੀ-20 ਵਰਲਡ ਕੱਪ 2026 ਦੇ 24ਵੇਂ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਸ਼ਨੀਵਾਰ ਨੂੰ ਖੇਡੇ ਗਏ ਇਸ ਮਹੱਤਵਪੂਰਨ ਮੈਚ ਵਿੱਚ ਦੱਖਣੀ ਅਫ਼ਰੀਕਾ ਦੇ ਕਪਤਾਨ ਏਡਨ ਮਾਰਕਰਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਬਿਲਕੁਲ ਸਹੀ ਸਾਬਤ ਹੋਇਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 175 ਦੌੜਾਂ ਬਣਾਈਆਂ। ਟੀਮ ਵੱਲੋਂ ਮਾਰਕ ਚੈਪਮੈਨ ਨੇ ਸਭ ਤੋਂ ਵੱਧ 48 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਡੇਰਿਲ ਮਿਸ਼ੇਲ ਨੇ 32 ਦੌੜਾਂ ਬਣਾਈਆਂ। ਰਚਿਨ ਰਵਿੰਦਰਾ ਅਤੇ ਟਿਮ ਸੀਫਰਟ ਇਸ ਮੈਚ ਵਿੱਚ ਕੁਝ ਖ਼ਾਸ ਨਹੀਂ ਕਰ ਸਕੇ ਅਤੇ ਦੋਵੇਂ 13-13 ਦੌੜਾਂ ਬਣਾ ਕੇ ਆਊਟ ਹੋ ਗਏ, ਜਦਕਿ ਗਲੇਨ ਫਿਲਿਪਸ ਵੀ ਸਸਤੇ ਵਿੱਚ ਪਵੇਲੀਅਨ ਪਰਤ ਗਏ।
176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ। ਕਪਤਾਨ ਮਾਰਕਰਮ ਅਤੇ ਕੁਇੰਟਨ ਡੀ ਕਾਕ ਵਿਚਕਾਰ ਪਹਿਲੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਹੋਈ। ਮਾਰਕਰਮ ਨੇ ਮੈਦਾਨ ਦੇ ਚਾਰੇ ਪਾਸੇ ਚੌਕੇ-ਛੱਕੇ ਜੜਦਿਆਂ ਮਹਿਜ਼ 44 ਗੇਂਦਾਂ ਵਿੱਚ ਨਾਬਾਦ 86 ਦੌੜਾਂ ਦੀ ਆਤਿਸ਼ੀ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਰਿਆਨ ਰਿਕੇਲਟਨ ਅਤੇ ਡੇਵਾਲਡ ਬ੍ਰੇਵਿਸ ਨੇ ਵੀ 21-21 ਦੌੜਾਂ ਦਾ ਯੋਗਦਾਨ ਪਾਇਆ, ਜਿਸ ਦੀ ਬਦੌਲਤ ਟੀਮ ਨੇ 18ਵੇਂ ਓਵਰ ਵਿੱਚ ਹੀ ਟੀਚਾ ਹਾਸਲ ਕਰ ਲਿਆ।
ਦੱਖਣੀ ਅਫ਼ਰੀਕਾ ਨੇ ਆਪਣੀ ਟੀਮ ਵਿੱਚ ਇੱਕ ਬਦਲਾਅ ਕਰਦਿਆਂ ਜਾਰਜ ਲਿੰਡੇ ਦੀ ਜਗ੍ਹਾ ਤੇਜ਼ ਗੇਂਦਬਾਜ਼ ਕੋਰਬਿਨ ਬੌਸ਼ ਨੂੰ ਸ਼ਾਮਲ ਕੀਤਾ ਸੀ, ਜਦਕਿ ਨਿਊਜ਼ੀਲੈਂਡ ਦੀ ਟੀਮ ਪੁਰਾਣੀ ਪਲੇਇੰਗ ਇਲੈਵਨ ਨਾਲ ਹੀ ਮੈਦਾਨ ਵਿੱਚ ਉਤਰੀ ਸੀ। ਇਸ ਜਿੱਤ ਨਾਲ ਦੱਖਣੀ ਅਫ਼ਰੀਕਾ ਨੇ ਗਰੁੱਪ-ਡੀ ਵਿੱਚ ਆਪਣੀ ਸਥਿਤੀ ਬਹੁਤ ਮਜ਼ਬੂਤ ਕਰ ਲਈ ਹੈ। ਉਨ੍ਹਾਂ ਨੇ ਹੁਣ ਤੱਕ ਖੇਡੇ ਆਪਣੇ ਤਿੰਨਾਂ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਨਿਊਜ਼ੀਲੈਂਡ ਨੇ 3 ਵਿੱਚੋਂ 2 ਮੈਚ ਜਿੱਤੇ ਹਨ।
IND vs PAK: 'ਬਸ 24 ਘੰਟੇ...', No Handshake ਵਿਵਾਦ 'ਤੇ ਸੂਰਿਆਕੁਮਾਰ ਯਾਦਵ ਦਾ ਵੱਡਾ ਬਿਆਨ
NEXT STORY