ਸਪੋਰਟਸ ਡੈਸਕ- ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2026 ਦੇ 40ਵੇਂ ਮੁਕਾਬਲੇ ਵਿੱਚ ਆਸਟ੍ਰੇਲੀਆਈ ਟੀਮ ਨੇ ਓਮਾਨ ਨੂੰ 9 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਟੂਰਨਾਮੈਂਟ ਵਿੱਚ ਆਪਣਾ ਸਫ਼ਰ ਜਿੱਤ ਨਾਲ ਸਮਾਪਤ ਕੀਤਾ ਹੈ। ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਆਸਟ੍ਰੇਲੀਆ ਨੇ 105 ਦੌੜਾਂ ਦਾ ਟੀਚਾ ਮਹਿਜ਼ 9.4 ਓਵਰਾਂ ਵਿੱਚ ਹਾਸਲ ਕਰ ਲਿਆ। ਹਾਲਾਂਕਿ, ਇਹ ਜਿੱਤ ਆਸਟ੍ਰੇਲੀਆ ਲਈ ਬਹੁਤੀ ਖੁਸ਼ੀ ਨਹੀਂ ਲੈ ਕੇ ਆਈ ਕਿਉਂਕਿ ਦੋਵੇਂ ਟੀਮਾਂ ਪਹਿਲਾਂ ਹੀ ਸੁਪਰ-8 ਦੀ ਦੌੜ ਤੋਂ ਬਾਹਰ ਹੋ ਚੁੱਕੀਆਂ ਸਨ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਓਮਾਨ ਦੀ ਟੀਮ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਤਿੱਖੇ ਹਮਲੇ ਅੱਗੇ ਟਿਕ ਨਹੀਂ ਸਕੀ ਅਤੇ 16.2 ਓਵਰਾਂ ਵਿੱਚ ਸਿਰਫ਼ 104 ਦੌੜਾਂ 'ਤੇ ਹੀ ਆਲ ਆਊਟ ਹੋ ਗਈ। ਓਮਾਨ ਵੱਲੋਂ ਵਸੀਮ ਅਲੀ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਸਪਿਨਰ ਐਡਮ ਜ਼ਾਂਪਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ। ਉਨ੍ਹਾਂ ਤੋਂ ਇਲਾਵਾ ਗਲੇਨ ਮੈਕਸਵੈੱਲ ਅਤੇ ਜੇਵੀਅਰ ਬਾਰਟਲੇਟ ਨੇ 2-2 ਵਿਕਟਾਂ ਹਾਸਲ ਕੀਤੀਆਂ।
105 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆ ਨੂੰ ਟ੍ਰੈਵਿਸ ਹੈੱਡ (32) ਅਤੇ ਕਪਤਾਨ ਮਿਸ਼ੇਲ ਮਾਰਸ਼ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 8 ਓਵਰਾਂ ਵਿੱਚ 93 ਦੌੜਾਂ ਜੋੜੀਆਂ। ਕਪਤਾਨ ਮਾਰਸ਼ ਨੇ ਮਹਿਜ਼ 26 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ 30 ਗੇਂਦਾਂ ਵਿੱਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾ ਕੇ ਅਜੇਤੂ ਰਹੇ। ਟ੍ਰੈਵਿਸ ਹੈੱਡ ਦੇ ਆਊਟ ਹੋਣ ਤੋਂ ਬਾਅਦ ਜੋਸ਼ ਇੰਗਲਿਸ ਨੇ ਵਿਨਿੰਗ ਸ਼ੌਟ ਮਾਰ ਕੇ ਮੈਚ ਖਤਮ ਕੀਤਾ।
ਮੈਚ ਤੋਂ ਬਾਅਦ ਆਸਟ੍ਰੇਲੀਆਈ ਕਪਤਾਨ ਮਿਸ਼ੇਲ ਮਾਰਸ਼ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਇਸ ਤਰ੍ਹਾਂ ਬਾਹਰ ਹੋਣਾ ਬਹੁਤ ਨਿਰਾਸ਼ਾਜਨਕ ਹੈ। 'ਪਲੇਅਰ ਆਫ ਦ ਮੈਚ' ਬਣੇ ਐਡਮ ਜ਼ਾਂਪਾ ਨੇ ਵੀ ਭਾਵੁਕ ਹੁੰਦਿਆਂ ਕਿਹਾ ਕਿ ਉਹ ਕੱਲ੍ਹ ਘਰ ਵਾਪਸ ਜਾਣ ਲਈ ਬਿਲਕੁਲ ਵੀ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਅੰਤ ਬਾਰੇ ਨਹੀਂ ਸੋਚਿਆ ਸੀ। ਦੂਜੇ ਪਾਸੇ ਓਮਾਨ ਦੇ ਕਪਤਾਨ ਜਤਿੰਦਰ ਸਿੰਘ ਨੇ ਹਾਰ ਦੇ ਬਾਵਜੂਦ ਇਸ ਪੱਧਰ 'ਤੇ ਖੇਡਣ ਨੂੰ ਆਪਣੀ ਟੀਮ ਲਈ ਵੱਡੀ ਉਪਲਬਧੀ ਦੱਸਿਆ।
ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋ ਗਿਆ ਤਲਾਕ, ਭਾਵੁਕ ਪੋਸਟ ਪਾ ਬਿਆਨ ਕੀਤਾ ਦਰਦ
NEXT STORY